ਜਲੰਧਰ, (ਰਾਜੇਸ਼)— ਬੀਤੀ ਰਾਤ ਮੋਹਨ ਪੈਲੇਸ ਵਿਚ ਵਿਆਹ ਪ੍ਰੋਗਰਾਮ ਦੌਰਾਨ ਗੈਂਗਸਟਰਾਂ ਨਾਲ ਸਬੰਧਾਂ ਦੇ ਮਾਮਲੇ ਵਿਚ ਹਿਰਾਸਤ ਵਿਚ ਲਏ ਗਏ ਪ੍ਰਿੰਸ ਲਾਹੌਰੀਆ ਦੇ ਭਰਾ ਰਿੰਕੂ ਲਾਹੌਰੀਆ ਤੇ ਉਸਦੇ ਸਾਥੀ ਰਾਜਾ ਲਾਹੌਰੀਆ ਨੇ ਗੁੰਡਾਗਰਦੀ ਕਰਦਿਆਂ ਇਕ ਨੌਜਵਾਨ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿਚ ਉਸ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਘਟਨਾ ਸਬੰਧੀ ਥਾਣਾ ਬਾਰਾਂਦਰੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸਦੇ ਆਧਾਰ 'ਤੇ ਪੁਲਸ ਨੇ ਰਿੰਕੂ ਲਾਹੌਰੀਆ ਤੇ ਰਾਜਾ ਲਾਹੌਰੀਆ ਖਿਲਾਫ ਧਾਰਾ 324,341 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ਵਿਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਜਿੰਦਲ ਵਾਸੀ ਅਮਰੀਕ ਨਗਰ ਨੇ ਦੱਸਿਆ ਕਿ ਰਾਜਪੁਰਾ ਪੁਲਸ ਵੱਲੋਂ ਪ੍ਰਿੰਸ ਲਾਹੌਰੀਆ ਨੂੰ ਗੈਂਗਸਟਰਾਂ ਨਾਲ ਸਬੰਧਾਂ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਤੋਂ ਬਾਅਦ ਪ੍ਰਿੰਸ ਲਾਹੌਰੀਆ ਦਾ ਭਰਾ ਰਿੰਕਾ ਲਾਹੌਰੀਆ ਤੇ ਰਾਜਾ ਲਾਹੌਰੀਆ ਬਿਨਾਂ ਕਾਰਨ ਉਸ ਨਾਲ ਰੰਜਿਸ਼ ਰੱਖ ਰਹੇ ਸਨ। ਜਿੰਦਲ ਨੇ ਦੱਸਿਆ ਕਿ ਬੀਤੀ ਰਾਤ ਉਹ ਮੋਹਨ ਪੈਲੇਸ ਵਿਚ ਇਕ ਵਿਆਹ ਪ੍ਰੋਗਰਾਮ ਵਿਚ ਗਏ ਹੋਏ ਸਨ, ਜਿਥੇ ਉਸਨੂੰ ਰਿੰਕੂ ਲਾਹੌਰੀਆ ਤੇ ਰਾਜਾ ਲਾਹੌਰੀਆ ਮਿਲ ਗਏ, ਜਿਨ੍ਹਾਂ ਨੇ ਬਿਨਾਂ ਕਿਸੇ ਕਾਰਨ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਸਿਰ ਵਿਚ ਬੋਤਲਾਂ ਮਾਰੀਆਂ।
ਜਿੰਦਲ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ 'ਤੇ ਦੋਸ਼ ਲਾਇਆ ਕਿ ਪ੍ਰਿੰਸ ਬਾਰੇ ਪੁਲਸ ਨੂੰ ਸੂਚਨਾ ਉਸਨੇ ਦਿੱਤੀ ਹੈ, ਜਿਸ ਕਾਰਨ ਉਸ 'ਤੇ ਹਮਲਾ ਕੀਤਾ ਗਿਆ। ਥਾਣਾ ਬਾਰਾਂਦਰੀ ਦੀ ਪੁਲਸ ਨੇ ਜਿੰਦਲ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਵੀ ਕੀਤੀ ਪਰ ਉਹ ਘਰੋਂ ਫਰਾਰ ਸਨ। ਥਾਣਾ ਬਾਰਾਂਦਰੀ ਦੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਹਿਰਾਸਤ ਵਿਚ ਲੈ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਨਾਭਾ ਜੇਲ ਵਿਚੋਂ ਫਰਾਰ ਵਿੱਕੀ ਗੌਂਡਰ ਦਾ ਰਾਜਪੁਰਾ ਪੁਲਸ ਵੱਲੋਂ 26 ਜਨਵਰੀ ਨੂੰ ਕੀਤੇ ਗਏ ਐਨਕਾਊਂਟਰ ਤੋਂ ਬਾਅਦ ਪ੍ਰਿੰਸ ਲਾਹੌਰੀਆ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਸੀ।
ਦਿਲਬਾਗ ਨਗਰ 'ਚ ਆਟੋ ਦੀ ਫੇਟ ਕਾਰਨ 1 ਦੀ ਮੌਤ
NEXT STORY