ਲੁਧਿਆਣਾ (ਤਰੁਣ) : ਬਾਹਰੀ ਸੂਬੇ ਦੀ ਜੇਲ ਵਿਚ ਬੈਠੇ ਨਾਮੀ ਬਦਮਾਸ਼ ਰਾਜੀਵ ਉਰਫ ਰਾਜਾ ਨੇ ਇਕ ਵਾਰ ਫਿਰ ਲੁਧਿਆਣਾ ਪੁਲਸ ਦੀ ਨੀਂਦ ਉਡਾ ਦਿੱਤੀ ਹੈ। ਰਾਜੀਵ ਪੇਸ਼ੇਵਰ ਕਾਤਲ ਹੈ, ਜਿਸ ’ਤੇ 8 ਤੋਂ ਜ਼ਿਆਦਾ ਕਤਲ ਦੇ ਕੇਸ ਦਰਜ ਹਨ। ਇਸ ਤੋਂ ਇਲਾਵਾ ਲੁੱਟ-ਖੋਹ, ਰੰਗਦਾਰੀ, ਨਸ਼ਾ ਸਮੱਗਲਿੰਗ ਅਤੇ ਆਰਮਜ਼ ਐਕਟ ਦੇ ਦੋਸ਼ ਵੀ ਸ਼ਾਮਲ ਹਨ। ਦੋਸ਼ੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਸੂਚਨਾ ਮਿਲੀ ਕਿ ਸਰਗਣਾ ਰਾਜੀਵ ਉਰਫ ਰਾਜਾ ਨੇ ਮੱਧ ਪ੍ਰਦੇਸ਼ ਅਤੇ ਯੂ. ਪੀ. ਤੋਂ ਅਸਲਾ ਖਰੀਦ ਕੇ 4 ਸਾਥੀਆਂ ਨੂੰ ਦਿੱਤਾ ਹੈ, ਜਿਸ ਦੀ ਵਰਤੋਂ ਦੋਸ਼ੀ ਕਤਲ, ਲੁੱਟ-ਖੋਹ ਅਤੇ ਜਬਰ-ਜ਼ਨਾਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਰ ਸਕਦੇ ਹਨ।
ਏ. ਸੀ. ਪੀ. ਵਰਿਆਮ ਸਿੰਘ ਅਤੇ ਥਾਣਾ ਡਵੀਜ਼ਨ ਨੰ. 3 ਦੇ ਇੰਚਾਰਜ ਸਤੀਸ਼ ਕੁਮਾਰ ਲਗਭਗ 5 ਦਿਨਾਂ ਤੋਂ ਇਸ ਕੇਸ ਵਿਚ ਜੁਟੇ ਹੋਏ ਹਨ। ਹਾਲਾਂਕਿ ਪੁਲਸ ਨੂੰ ਪਹਿਲਾਂ ਤੋਂ ਹੀ ਕੇਸ ਦੇ ਬਾਰੇ ’ਚ ਜਾਣਕਾਰੀ ਸੀ ਪਰ ਪੁਲਸ ਨੇ ਸ਼ਨੀਵਾਰ ਰਾਤ ਗੈਂਗਸਟਰ ਰਾਜੀਵ ਸਮੇਤ ਰਾਜਨ ਨਿਵਾਸੀ ਨਿਊ ਆਜ਼ਾਦ ਨਗਰ, ਗੁਰਵਿੰਦਰ ਸਿੰਘ ਨਿਵਾਸੀ ਸਿੰਧਵਾ ਸਰਹਿੰਦ, ਸੁਖਚੈਨ ਸਿੰਘ ਪਿੰਡ ਬਰਾਸ, ਰੇਸ਼ਮ ਸਿੰਘ ਨਿਵਾਸੀ ਸਮਰਾਲਾ ਚੌਕ, ਵਿਜੇ ਕੁਮਾਰ ਨਿਵਾਸੀ ਬਾਲ ਸਿੰਘ ਨਗਰ ਜੋਧੇਵਾਲ ਦੇ ਖਿਲਾਫ ਸੰਗੀਨ ਅਪਰਾਧਕ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
12 ਸਾਲ ਪਹਿਲਾਂ ਕੀਤਾ ਸੀ ਪਹਿਲਾ ਕਤਲ
ਗਿਰੋਹ ਦਾ ਸਰਗਣਾ ਰਾਜੀਵ ਉਰਫ ਰਾਜਾ ਡਵੀਜ਼ਨ ਨੰ. 3 ਦੇ ਇਲਾਕੇ ਤਾਜਗੰਜ ਦਾ ਰਹਿਣ ਵਾਲਾ ਹੈ। ਲਗਭਗ 12 ਸਾਲ ਪਹਿਲਾ ਰਾਜੀਵ ਨੇ ਗੁਆਂਢ ’ਚ ਰਹਿਣ ਵਾਲੇ ਇਕ ਬਜ਼ੁਰਗ ਦਾ ਕਤਲ ਕੀਤਾ ਸੀ। ਇਸ ਤੋਂ ਇਲਾਵਾ ਘੁੰਮਾਰ ਮੰਡੀ ਵਿਚ ਇਕ ਸੁਨਿਆਰੇ, ਮਾਇਆਪੁਰੀ ਵਿਚ ਬਜ਼ੁਰਗ ਜੋਡ਼ੇ ਅਤੇ ਹੁਸ਼ਿਆਰਪੁਰ ਵਿਚ ਇਕ ਸਰਾਫਾ ਵਪਾਰੀ ਦਾ ਕਤਲ ਕੀਤਾ। ਜੇਲ ’ਚੋਂ ਕਈ ਵਾਰ ਦੋਸ਼ੀ ਭੱਜ ਚੁੱਕਾ ਹੈ। ਪਹਿਲੀ ਵਾਰ ਜੇਲ ’ਚੋਂ ਭੱਜਣ ਦੇ 15 ਦਿਨ ਬਾਅਦ ਦੋਸ਼ੀ ਪੁਲਸ ਦੇ ਹੱਥੇ ਚਡ਼੍ਹਿਆ। ਦੋੋਸ਼ੀ ਫਿਲਹਾਲ ਮੱਧ ਪ੍ਰਦੇਸ਼ ਦੀ ਜੇਲ ਵਿਚ ਸਜ਼ਾ ਕੱਟ ਰਿਹਾ ਹੈ। ਸੂਤਰਾਂ ਦੇ ਅਨੁਸਾਰ ਜਾਅਲੀ ਕਾਗਜ਼ਾਤ ’ਤੇ ਦੋਸ਼ੀ ਨੇ ਪੈਰੋਲ ਲਈ ਹੈ, ਜਿਸ ਕਾਰਣ ਦੋਸ਼ੀ ਲੁਧਿਆਣਾ ਪੁਲਸ ਦੇ ਹੱਥੇ ਚਡ਼੍ਹਿਆ ਹੈ ਪਰ ਜ਼ਿਲਾ ਪੁਲਸ ਨੇ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ।
ਪੰਜਾਬ ਦੇ ਸਰਾਫਾ ਵਪਾਰੀਆਂ ’ਚ ਸੀ ਦਹਿਸ਼ਤ
ਬਦਮਾਸ਼ ਰਾਜੀਵ ਉਰਫ ਰਾਜਾ ਦੀ 12 ਸਾਲ ਪਹਿਲਾਂ ਪੂਰੇ ਪੰਜਾਬ ਵਿਚ ਦਹਿਸ਼ਤ ਸੀ। ਦੋਸ਼ੀ ਕੁਝ ਪਲ ਵਿਚ ਹੀ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਸੀ। ਦੋਸ਼ੀ ਨੇ ਜਿੰਨੇ ਕਤਲ ਕੀਤੇ ਉਸ ਦੇ ਪਿੱਛੇ ਲੁੱਟ-ਖੋਹ ਹੀ ਅਹਿਮ ਕਾਰਣ ਸੀ। ਰਾਜੀਵ ਨੇ ਲੁਧਿਆਣਾ ਦੇ ਇਲਾਵਾ ਪੰਜਾਬ ਦੇ ਕਈ ਸਰਾਫਾ ਵਪਾਰੀਆਂ ਦੇ ਕਤਲ ਕਰ ਕੇ ਕਰੋਡ਼ਾਂ ਦਾ ਸੋਨਾ ਲੁੱਟਿਆ ਹੈ। ਇਸ ਦੇ ਇਲਾਵਾ ਦੋਸ਼ੀ ਐੱਨ. ਆਰ. ਆਈ. ਪਰਿਵਾਰ ਨੂੰ ਧਮਕਾ ਕੇ ਰੰਗਦਾਰੀ ਵਸੂਲਦਾ ਸੀ।
ਜੇਲ ’ਚ ਬੰਦ ਦੋਸ਼ੀਆਂ ਦੀਆਂ ਕਰਵਾਉਂਦਾ ਸੀ ਜ਼ਮਾਨਤਾਂ
ਗਿਰੋਹ ਦਾ ਸਰਗਣਾ ਰਾਜੀਵ ਜੇਲ ਵਿਚ ਬੰਦ ਹੈ, ਜਿਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਜੇਲ ਵਿਚ ਆਉਣ ਵਾਲੇ ਦੋਸ਼ੀਆਂ ਨਾਲ ਜਾਣ-ਪਛਾਣ ਵਧਾ ਕੇ ਉਨ੍ਹਾਂ ਨੂੰ ਜ਼ਮਾਨਤ ’ਤੇ ਬਾਹਰ ਕਢਵਾ ਦਿੰਦਾ, ਜਿਸਦਾ ਸਾਰਾ ਖਰਚਾ ਉਥੇ ਉਠਾਉਂਦਾ ਸੀ। ਇਸ ਕੇਸ ਵਿਚ ਵੀ ਉਸ ਨੇ 4 ਸਾਥੀਆਂ ਦੀ ਜ਼ਮਾਨਤ ਕਰਵਾਈ ਹੈ, ਜੋ ਕਿ ਜੇਲ ਤੋਂ ਨਿਕਲਣ ਤੋਂ ਬਾਅਦ ਉਸ ਦੇ ਲਈ ਕੰਮ ਕਰਨ ਵਾਲੇ ਸਨ।
ਪੇਸ਼ੀ ’ਤੇ ਭਜਾਉਣ ਵਾਲੇ ਸਨ ਸਰਗਣਾ ਨੂੰ
ਸੂਤਰਾਂ ਦੇ ਅਨੁਸਾਰ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਗਿਰੋਹ ਦੇ ਸਰਗਣਾ ਦੇ ਇਲਾਵਾ ਜਿਨ੍ਹਾਂ 4 ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਹੈ, ਉਨ੍ਹਾਂ ਦਾ ਪਲਾਨ ਸੀ ਕਿ ਉਹ ਦੋ ਲਗਜ਼ਰੀ ਕਾਰਾਂ ਲੁੱਟਣ ਤੋਂ ਬਾਅਦ ਸਰਗਣਾ ਰਾਜੀਵ ਨੂੰ ਪੇਸ਼ੀ ਦੌਰਾਨ ਕਚਹਿਰੀ ਕੰਪਲੈਕਸ ਜਾਂ ਹੋਰ ਇਲਾਕੇ ਵਿਚ ਪੁਲਸ ਕਸਟੱਡੀ ’ਤੇ ਹਮਲਾ ਕਰ ਕੇ ਭਜਾ ਕੇ ਲਿਜਾਣ ਵਾਲੇ ਸਨ। ਹਾਲਾਂਕਿ ਪੁਲਸ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਖੁਲਾਸਾ ਨਹੀਂ ਕੀਤਾ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇੰਨੀ ਵੱਡੀ ਕਾਮਯਾਬੀ ਤੋਂ ਬਾਅਦ ਵਾਹ-ਵਾਹ ਲੁੱਟਣ ਖਾਤਰ ਸਾਰੀਆਂ ਗੱਲਾਂ ਦਾ ਖੁਲਾਸਾ ਪੁਲਸ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਪੱਤਰਕਾਰ ਸੰਮੇਲਨ ਦੇ ਜ਼ਰੀਏ ਕਰਨ ਵਾਲੀ ਹੈ।
ਕੇਸ ਹੱਲ ਕਰਨ ਦੇ ਚੱਕਰ ’ਚ ਪੁਲਸ ਗਵਾ ਰਹੀ ਹੈ ਸ਼ਹਿਰਵਾਸੀਆਂ ਦਾ ਵਿਸ਼ਵਾਸ
3-4 ਦਿਨਾਂ ਦੇ ਅੰਦਰ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕੇਸ ਨੂੰ ਹੱਲ ਕਰਨ ਦੇ ਲਈ ਕਈ ਮਾਸੂਮ ਲੋਕਾਂ ਨੂੰ ਸ਼ੱਕ ਦੇ ਆਧਾਰ ’ਤੇ ਦਿਨ ਰਾਤ ਨਾਜਾਇਜ਼ ਹਿਰਾਸਤ ਵਿਚ ਬਿਠਾ ਕੇ ਰੱਖਿਆ ਹੋਇਆ ਹੈ। ਕਈ ਪਰਿਵਾਰ ਪੁਲਸ ਦੀ ਇਸ ਕਾਰਵਾਈ ਦਾ ਸ਼ਿਕਾਰ ਹੋ ਰਹੇ ਹਨ, ਜਿਸ ਨਾਲ ਪੁਲਸ ਸ਼ਹਿਰਵਾਸੀਆਂ ਦਾ ਵਿਸ਼ਵਾਸ ਗੁਆ ਰਹੀ ਹੈ, ਜਦਕਿ ਕਾਨੂੰਨੀ ਵਕੀਲਾਂ ਦੇ ਅਨੁਸਾਰ ਜੇਕਰ ਪੁਲਸ ਕਿਸੇ ਵਿਅਕਤੀ ਨੂੰ ਚੁੱਕ ਕੇ ਲਿਆਉਂਦੀ ਹੈ ਤਾਂ ਉਸਦੇ ਖਿਲਾਫ ਕੇਸ ਦਰਜ ਕਰ ਕੇ 24 ਘੰਟਿਆਂ ਦੇ ਅੰਦਰ ਅਦਾਲਤ ਵਿਚ ਪੇਸ਼ ਕਰਨਾ ਹੁੰਦਾ ਹੈ। ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਡੀ. ਸੀ. ਪੀ. ਅਸ਼ਵਨੀ ਕਪੂਰ ਨੂੰ ਜ਼ਮੀਨੀ ਪੱਧਰ ’ਤੇ ਜਾਂਚ ਕਰਨ ਦੀ ਜ਼ਰੂਰਤ ਹੈ, ਤਾਂ ਜੋ ਪੁਲਸ ਸ਼ਹਿਰ ਵਿਚ ਸਾਖ ਬਚਾ ਸਕੇ।
ਨਸ਼ੇੜੀ ਦਾ ਕਾਰਨਾਮਾ, ਘਰ ’ਚ ਦਾਖਲ ਹੋ ਕੇ ਬਜ਼ੁਰਗ ਜੋੜਾ ਵੱਢਿਆ, ਹਾਲਤ ਗੰਭੀਰ
NEXT STORY