ਫਤਿਹਗੜ੍ਹ ਸਾਹਿਬ (ਜਗਦੇਵ, ਟਿਵਾਣਾ) - ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਲਈ ਗੰਨੇ ਦੇ ਭਾਅ ਵਿਚ ਵਾਧਾ ਕਰਵਾਉਣ ਲਈ ਇਕ ਲੋਕ ਲਹਿਰ ਪੈਦਾ ਕਰ ਕੇ ਸੰਘਰਸ਼ ਦਾ ਰਾਹ ਅਖਤਿਆਰ ਕਰੇਗਾ ਤਾਂ ਜੋ ਪਹਿਲਾਂ ਹੀ ਘਾਟੇ ਵਿਚ ਜਾ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਫਤਿਹਗੜ੍ਹ ਸਾਹਿਬ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਗੰਨੇ ਦੇ ਭਾਅ ਵਿਚ ਵਾਧਾ ਕਰਨ ਲਈ ਲਾਜ਼ਮੀ ਤੌਰ 'ਤੇ ਮਜਬੂਰ ਕੀਤਾ ਜਾਵੇਗਾ ਕਿਉਂਕਿ ਜਦੋਂ ਦੂਜੇ ਸੂਬਿਆਂ ਵਿਚ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਫਿਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਵਜ਼ੀਰਾਂ ਦੀਆਂ ਗੰਨੇ ਦੀਆਂ ਮਿੱਲਾਂ ਨੂੰ ਲਾਭ ਪਹੁੰਚਾਉਣ ਲਈ ਗੰਨੇ ਦੇ ਭਾਅ ਨਾ ਵਧਾ ਕੇ ਕਿਸਾਨਾਂ ਨੂੰ ਕਾਂਗਰਸ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇੰਗਲੈਂਡ ਤੋਂ ਆਏ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਪੁਲਸ ਵੱਲੋਂ ਫੜਨ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਕਾਰਵਾਈ ਨੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਲਈ ਚਿੰਤਾ ਖੜ੍ਹੀ ਕਰ ਕੇ ਰੱਖ ਦਿੱਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਿੰਦੋਸਤਾਨ ਦਾ ਬਾਹਰਲੇ ਮੁਲਕਾਂ ਨਾਲ ਟਕਰਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ 'ਤੇ ਵਰ੍ਹਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੂਜਿਆਂ ਤੋਂ ਗੱਲ-ਗੱਲ 'ਤੇ ਅਸਤੀਫਾ ਮੰਗਣ ਵਾਲੇ ਡਰੱਗ ਕੇਸ ਦਾ ਸਾਹਮਣਾ ਕਰ ਰਹੇ ਖਹਿਰਾ ਹੁਣ ਖੁਦ ਚੁੱਪ ਕਿਉਂ ਹਨ? ਜਦੋਂਕਿ ਅਕਾਲੀ ਦਲ ਦੇ ਕਿਸੇ ਵਰਕਰ ਨੂੰ ਡਰੱਗ ਮਾਮਲੇ 'ਚ ਅਦਾਲਤ ਵੱਲੋਂ ਸੰਮਨ ਜਾਰੀ ਨਹੀਂ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਾਇਬ ਸਿੰਘ ਜਖਵਾਲੀ, ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ, ਲਖਵੀਰ ਸਿੰਘ ਸੋਂਢਾ, ਹਰਸਿਮਰਨ ਸਿੰਘ ਚੰਦੂਮਾਜਰਾ, ਦਰਬਾਰਾ ਸਿੰਘ ਰੰਧਾਵਾ, ਜਗਤਾਰ ਸਿੰਘ ਗੁਣੀਆ ਮਾਜਰਾ, ਮਨਦੀਪ ਸਿੰਘ ਤਰਖਾਣ ਮਾਜਰਾ, ਹਰਦੇਵ ਸਿੰਘ ਹਰਪਾਲਪੁਰ, ਧਰਮਿੰਦਰ ਸਿੰਘ ਜਖਵਾਲੀ, ਬਲਜੀਤ ਸਿੰਘ ਭੁੱਟਾ, ਗੁਰਿੰਦਰ ਸਿੰਘ ਨਲੀਨੀ, ਐਡਵੋਕੇਟ ਲਖਬੀਰ ਸਿੰਘ ਰਾਏ, ਸਰਪੰਚ ਹਰਦੇਵ ਸਿੰਘ ਬਾਲਪੁਰ, ਰਵਿੰਦਰ ਰਵੀ ਨਲੀਨਾ, ਗੁਰਜੀਤ ਸਿੰਘ ਮਾਨ ਰੁੜਕੀ, ਸੁਰਿੰਦਰ ਸਿੰਘ ਸੁਹਾਗਹੇੜੀ ਆਦਿ ਵੀ ਹਾਜ਼ਰ ਸਨ।
ਅਦਾਲਤ ਦੀ ਕਾਰਵਾਈ 'ਚ ਅੜਿੱਕਾ ਪਾਉਣ ਵਾਲੇ ਪਿਤਾ-ਧੀ ਖਿਲਾਫ ਮਾਮਲਾ ਦਰਜ
NEXT STORY