ਚੰਡੀਗੜ੍ਹ (ਅੰਕੁਰ) : ਸੀ. ਬੀ. ਆਈ. ਵੱਲੋਂ 13 ਲੱਖ ਰੁਪਏ ਦੇ ਰਿਸ਼ਵਤ ਕਾਂਡ 'ਚ ਫ਼ਰਾਰ ਚੱਲ ਰਹੇ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਰੀਡਰ ਓ. ਪੀ. ਰਾਣਾ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਵਿੱਢ ਦਿੱਤੀ ਗਈ ਹੈ। ਚੰਡੀਗੜ੍ਹ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਫ਼ਰਾਰ ਰਾਣਾ ਦੇ ਖ਼ਿਲਾਫ਼ 6 ਜੂਨ ਤੱਕ ਮੁੜ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਮੰਨਿਆ ਕਿ ਮੁਲਜ਼ਮ ਦਾ ਵਤੀਰਾ ਪਹਿਲੀ ਨਜ਼ਰੇ ਗ੍ਰਿਫ਼ਤਾਰੀ ਤੋਂ ਬਚਣ ਵਾਲਾ ਹੈ। ਸੀ. ਬੀ. ਆਈ. ਨੇ ਬੀ.ਐੱਨ.ਐੱਸ.ਐੱਸ. (BNSS) ਦੀ ਧਾਰਾ 84 ਤਹਿਤ ਅਰਜ਼ੀ ਦਾਇਰ ਕਰਕੇ ਰਾਣਾ ਨੂੰ ਭਗੌੜਾ ਘੋਸ਼ਿਤ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਰਾਣਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ, ਜਿਸ 'ਤੇ 29 ਮਈ ਨੂੰ ਸੁਣਵਾਈ ਹੋਣੀ ਹੈ, ਪਰ ਸੀ. ਬੀ. ਆਈ. ਨੇ ਦਲੀਲ ਦਿੱਤੀ ਕਿ ਜੇਕਰ ਕੋਈ 'ਸਟੇਅ' ਨਹੀਂ ਹੈ ਤਾਂ ਭਗੌੜਾ ਘੋਸ਼ਿਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ 11 ਮਈ ਨੂੰ ਸੀ. ਬੀ. ਆਈ. ਨੇ ਮਲੋਟ ਦੇ ਇੱਕ ਟੈਕਸ ਅਧਿਕਾਰੀ ਤੋਂ 13 ਲੱਖ ਰੁਪਏ ਦੀ ਨਕਦੀ ਅਤੇ ਇੱਕ ਸੈਮਸੰਗ ਮੋਬਾਇਲ ਰਿਸ਼ਵਤ ਲੈਂਦੇ ਹੋਏ ਅੰਕਿਤ ਵਧਵਾ ਨੂੰ ਰੰਗੇ ਹੱਥੀਂ ਕਾਬੂ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮਲੋਟ ਦੇ ਵਿਕਾਸ ਗੋਇਲ ਅਤੇ ਰਾਘਵ ਗੋਇਲ ਇਸ ਮਾਮਲੇ ਵਿੱਚ ਵਿਚੋਲੇ ਵਜੋਂ ਕੰਮ ਕਰ ਰਹੇ ਸਨ ਅਤੇ ਵਿਜੀਲੈਂਸ ਮੁਖੀ ਦਾ ਰੀਡਰ ਓ. ਪੀ. ਰਾਣਾ ਵੀ ਇਸ ਸਾਜ਼ਿਸ਼ 'ਚ ਸ਼ਾਮਲ ਸੀ। ਜਿੱਥੇ ਸੀ. ਬੀ. ਆਈ. ਨੇ ਵਿਚੋਲਿਆਂ ਨੂੰ ਦਬੋਚ ਲਿਆ ਸੀ, ਉੱਥੇ ਹੀ ਰਾਣਾ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ ਸੀ। ਅਦਾਲਤ ਨੇ ਰਿਸ਼ਵਤ ਕਾਂਡ ਵਿੱਚ ਫੜ੍ਹੇ ਗਏ ਵਿਕਾਸ ਗੋਇਲ, ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਮੁੜ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਦੀ ਅਗਲੀ ਪੇਸ਼ੀ ਹੁਣ 6 ਜੂਨ ਨੂੰ ਹੋਵੇਗੀ। ਸੀ. ਬੀ. ਆਈ. ਨੇ ਇਸ ਮਾਮਲੇ ਵਿੱਚ ਤਲਾਸ਼ੀ ਨਾਲ ਸਬੰਧਿਤ ਸਮੱਗਰੀ ਵਾਲੇ ਤਿੰਨ ਸੀਲਬੰਦ ਲਿਫਾਫੇ ਵੀ ਅਦਾਲਤ ਨੂੰ ਸੌਂਪੇ ਹਨ।
ਪੰਜਾਬ ਵਿਚ ਸਿਹਤ ਸਹੂਲਤਾਂ ਲਈ ਨਿੱਜੀ ਹਸਪਤਾਲਾਂ 'ਤੇ ਵਧੀ ਨਿਰਭਰਤਾ
NEXT STORY