ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਵਿਡ -19 ਦੇ ਦਰਮਿਆਨ ਚੱਲ ਰਹੇ ਸਾਉਣੀ ਮੰਡੀਕਰਨ ਸੀਜ਼ਨ (ਕੇਐਮਐਸ) ਦੌਰਾਨ ਸੂਬੇ ਵਿੱਚ ਹੁਣ ਤੱਕ ਝੋਨੇ ਦੀ ਕੁੱਲ ਆਮਦ ਵਿੱਚੋਂ ਤਕਰੀਬਨ 96 ਫੀਸਦੀ ਝੋਨੇ ਦੀ ਖਰੀਦ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਹੁਣ ਤੱਕ 34.48 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਵਿਚੋਂ 33.04 ਲੱਖ ਮੀਟਿ੍ਰਕ ਟਨ ਝੋਨਾ ਖਰੀਦਿਆ ਗਿਆ ਹੈ।ਇਸ ਦੇ ਨਾਲ ਹੀ ਮੰਡੀਆਂ ਵਿਚ ਪੜਾਅਵਾਰ ਢੰਗ ਨਾਲ ਝੋਨਾ ਲੈ ਕੇ ਆਉਣ ਲਈ ਸੂਬੇ ਭਰ ਵਿੱਚ ਕਿਸਾਨਾਂ ਨੂੰ ਆੜਤੀਆਂ ਰਾਹੀਂ 10.60 ਲੱਖ ਪਾਸ ਜਾਰੀ ਕੀਤੇ ਗਏ ਹਨ।
ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਅਨਾਜ ਮੰਡੀਆਂ ਦੇ ਦੋ-ਦਿਨਾਂ ਦੌਰੇ ਤੋਂ ਬਾਅਦ ਮੰਡੀ ਬੋਰਡ ਦੇ ਸਕੱਤਰ ਨੇ ਕੋਵਿਡ -19 ਮਹਾਂਮਾਰੀ ਦੌਰਾਨ ਮੰਡੀਆਂ ਵਿੱਚ ਚੱਲ ਰਹੇ ਝੋਨੇ ਦੇ ਖਰੀਦ ਕਾਰਜਾਂ ‘ਤੇ ਤਸੱਲੀ ਪ੍ਰਗਟਾਈ।
ਰਾਜ ਭਰ ਦੀਆਂ ਮੰਡੀਆਂ ਵਿਚ ਹੁਣ ਤੱਕ ਪਿਛਲੇ ਸਾਲ ਦੇ 15.45 ਲੱਖ ਮੀਟਿ੍ਰਕ ਟਨ ਦੇ ਮੁਕਾਬਲੇ 34.48 ਲੱਖ ਮੀਟਿ੍ਰਕ ਟਨ ਆਮਦ ਨਾਲ ਇਸ ਵਾਰ ਝੋਨੇ ਦੀ ਦੁੱਗਣੀ ਆਮਦ ਹੋਈ ਹੈ। ਉਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਪਿਛਲੇ ਸਾਲ ਦੇ 14.79 ਲੱਖ ਮੀਟਿ੍ਰਕ ਟਨ ਦੇ ਮੁਕਾਬਲੇ 33.04 ਲੱਖ ਮੀਟਿ੍ਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਇਸ ਤੋਂ ਪਹਿਲਾਂ ਖੰਨਾ, ਦੋਰਾਹਾ, ਸਾਹਨੇਵਾਲ (ਲੁਧਿਆਣਾ), ਜਲੰਧਰ, ਕਰਤਾਰਪੁਰ, ਕਪੂਰਥਲਾ ਅਤੇ ਫਗਵਾੜਾ ਵਿਖੇ ਆਪਣੀ ਫੇਰੀ ਦੌਰਾਨ ਝੋਨੇ ਦੇ ਖਰੀਦ ਕਾਰਜਾਂ ਦੀ ਸਮੀਖਿਆ ਕਰਦਿਆਂ ਸਕੱਤਰ ਮੰਡੀ ਬੋਰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦੇ ਜਾਣ ਦੀ ਵਚਨਬੱਧਤਾ ਨੂੰ ਦੁਹਰਾਇਆ।
ਸ੍ਰੀ ਰਵੀ ਭਗਤ ਨੇ ਬਾਜ਼ਾਰਾਂ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਕਮਿਸ਼ਨ ਏਜੰਟਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਿਆ। ਸਕੱਤਰ ਨੇ ਅੱਗੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਰਕੇ ਬਣੇ ਮੌਜੂਦਾ ਹਾਲਾਤਾਂ ਦੇ ਬਾਵਜੂਦ, ਪੰਜਾਬ ਮੰਡੀ ਬੋਰਡ ਅਤੇ ਵੱਖ-ਵੱਖ ਜ਼ਿਲਾ ਪ੍ਰਸ਼ਾਸਨਾਂ ਨੇ ਅਨਾਜ ਮੰਡੀਆਂ ਵਿੱਚ ਨਿਰਵਿਘਨ, ਮੁਸ਼ਕਿਲ ਰਹਿਤ ਅਤੇ ਸੁਰੱਖਿਅਤ ਖਰੀਦ ਨੂੰ ਯਕੀਨੀ ਬਣਾਇਆ ਹੈ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਚੱਲ ਰਹੇ ਖਰੀਦ ਸੀਜ਼ਨ ਦੌਰਾਨ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਉਨਾਂ ਖਰੀਦ ਏਜੰਸੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਦੀ ਸਹੂਲਤ ਲਈ ਜ਼ਿਲਿਆਂ ਵਿੱਚ ਖਰੀਦ ਕਾਰਜਾਂ ਦੀ ਨਿਯਮਤ ਨਿਗਰਾਨੀ ਕਰਨ।ਉਨਾਂ ਅੱਗੇ ਕਿਹਾ ਕਿ ਸਾਰੀਆਂ ਅਨਾਜ ਮੰਡੀਆਂ ਵਿਚ ਮਾਸਕਾਂ, ਪਾਣੀ, ਸਾਬਣਾਂ ਦੀ ਉਪਲਬਧਤਾ ਕੀਤੀ ਗਈ ਹੈ ਅਤੇ ਨਾਲ ਹੀ ਅਨਾਜ ਮੰਡੀਆਂ ਵਿਚ ਸਵੱਛਤਾ ਮੁਹਿੰਮ ਵੀ ਚਲਾਈ ਗਈ ਹੈ। ਉਨਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵੀ ਪ੍ਰੇਰਿਤ ਕੀਤਾ।
ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 692 ਨਵੇਂ ਮਾਮਲੇ ਆਏ ਸਾਹਮਣੇ, 34 ਦੀ ਮੌਤ
NEXT STORY