ਬਠਿੰਡਾ- ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਲਈ ਇਹ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਪੰਜਾਬ ਕਲਾ ਸਾਹਿਤ ਅਕਾਦਮੀ ਵੱਲੋਂ "ਰਾਸ਼ਟਰੀ ਸਿੱਖਿਆ ਰਤਨ ਪੁਰਸਕਾਰ" ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਉਨ੍ਹਾਂ ਨੂੰ 1 ਦਸੰਬਰ, 2024 ਨੂੰ 28ਵੇਂ ਸਾਲਾਨਾ ਅਕੈਡਮੀ ਅਵਾਰਡ ਸਮਾਰੋਹ ਵਿੱਚ ਦਿੱਤਾ ਜਾਵੇਗਾ। ਪ੍ਰੋ. ਤਿਵਾਰੀ ਨੂੰ ਇਹ ਸਨਮਾਨ ਉਨ੍ਹਾਂ ਦੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਅਤੇ ਸਮਰਪਣ ਲਈ ਦਿੱਤਾ ਜਾ ਰਿਹਾ ਹੈ।
ਅਗਸਤ 2020 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਉਨ੍ਹਾਂ ਦੀ ਆਮਦ ਯੂਨੀਵਰਸਿਟੀ ਲਈ ਹੀ ਨਹੀਂ, ਸਗੋਂ ਪੰਜਾਬ ਰਾਜ ਲਈ ਵੀ ਲਾਹੇਵੰਦ ਸਾਬਤ ਹੋਈ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕੀਤੀ, ਸਗੋਂ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ।
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਤੀਜੇ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਦੇ ਬੇਮਿਸਾਲ ਕਾਰਜਕਾਲ ਦੇ ਪਹਿਲੇ ਚਾਰ ਸਾਲਾਂ ਦੌਰਾਨ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਜਿੱਥੇ ਇੱਕ ਪਾਸੇ ਯੂਨੀਵਰਸਿਟੀ ਨੇ ਨੈਕ ਮੁਲਾਂਕਣ ਦੇ ਦੂਜੇ ਚੱਕਰ ਵਿੱਚ "ਏ ਪਲੱਸ" ਗ੍ਰੇਡ ਨਾਲ ਮਾਨਤਾ ਪ੍ਰਾਪਤ ਕੀਤੀ, ਉਥੇ ਹੀ ਐੱਨਆਈਆਰਐੱਫ ਇੰਡੀਆ ਰੈਂਕਿੰਗ 2024 ਦੀ "ਯੂਨੀਵਰਸਿਟੀ ਸ਼੍ਰੇਣੀ" ਵਿੱਚ 83ਵਾਂ ਸਥਾਨ ਪ੍ਰਾਪਤ ਕਰਦੇ ਹੋਏ ਐੱਨਆਈਆਰਐੱਫ ਵਿੱਚ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਦੇਸ਼ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸਥਾਨ ਹਾਸਲ ਕੀਤਾ ਹੈ। ਯੂਨੀਵਰਸਿਟੀ ਨੇ ਐੱਨਆਈਆਰਐੱਫ ਰੈਂਕਿੰਗਜ਼ ਦੀ ਫਾਰਮੇਸੀ ਸ਼੍ਰੇਣੀ ਵਿੱਚ ਸਾਲ 2024 ਵਿੱਚ 23ਵਾਂ ਰੈਂਕ ਪ੍ਰਾਪਤ ਕਰਕੇ ਲਗਾਤਾਰ ਤੀਜੀ ਵਾਰ ਐੱਨਆਈਆਰਐੱਫ ਫਾਰਮੇਸੀ ਸ਼੍ਰੇਣੀ ਵਿੱਚ ਚੋਟੀ ਦੀਆਂ 30 ਫਾਰਮੇਸੀ ਸੰਸਥਾਵਾਂ ਵਿੱਚ ਸਥਾਨ ਹਾਸਲ ਕੀਤਾ ਹੈ।
ਯੂਨੀਵਰਸਿਟੀ ਦੇ 17 ਅਧਿਆਪਕਾਂ ਅਤੇ ਇੱਕ ਖੋਜਕਰਤਾ ਨੂੰ ਸਾਲ 2023 ਵਿੱਚ ਉੱਨਤ ਖੋਜ ਕਾਰਜਾਂ ਲਈ 'ਸਟੈਨਫੋਰਡ ਯੂਨੀਵਰਸਿਟੀ ਦੀ ਚੋਟੀ ਦੇ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ 2024' ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੋਂ ਦੇ ਵਿਦਿਆਰਥੀ ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਦੀ ਅਗਵਾਈ ਹੇਠ ਕਰਵਾਏ ਗਏ 15ਵੇਂ ਅਤੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਜੇਤੂ ਬਣੇ। ਇਸ ਤੋਂ ਇਲਾਵਾ, ਯੂਨੀਵਰਸਿਟੀ ਨੇ ਨੈਸ਼ਨਲ ਵਾਟਰ ਅਵਾਰਡਜ਼ 2022 ਵਿੱਚ ‘ਬੈਸਟ ਇੰਸਟੀਚਿਊਸ਼ਨ ਫਾਰ ਕੈਂਪਸ ਯੂਟੀਲਾਈਜ਼ੇਸ਼ਨ’ ਸ਼੍ਰੇਣੀ ਵਿੱਚ ਦੇਸ਼ ਭਰ ਵਿੱਚ ਤੀਜਾ ਰੈਂਕ ਪ੍ਰਾਪਤ ਕੀਤਾ। ਨਾਲ ਹੀ, ਸੰਸਥਾ ਨੇ ਗੁਣਵੱਤਾ ਪ੍ਰਬੰਧਨ ਪ੍ਰਣਾਲੀਆਂ ਲਈ ਆਈ.ਐਸ.ਓ. 9001: 2015 ਦੇ ਤਹਿਤ ਪ੍ਰਮਾਣੀਕਰਣ ਪ੍ਰਾਪਤ ਕੀਤਾ ਹੈ।
ਵਾਈਸ ਚਾਂਸਲਰ ਪ੍ਰੋ. ਤਿਵਾਰੀ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੌਜਵਾਨਾਂ ਲਈ ਆਦਰਸ਼ਕ ਜੀਵਨ ਜਿਉਣ ਲਈ ਪ੍ਰੇਰਨਾ ਸਰੋਤ ਹਨ। ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਨੇ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਲਈ ਕਈ ਉਪਰਾਲੇ ਕੀਤੇ ਹਨ, ਜਿਨ੍ਹਾਂ ਵਿੱਚ ਕੇਂਦਰੀ ਲਾਇਬ੍ਰੇਰੀ ਵਿੱਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਿੱਖ ਇਤਿਹਾਸ ਸੈੱਲ ਦੀ ਸਥਾਪਨਾ, ਸਿੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ ਅਤੇ ਜੋਤੀ ਜੋਤ ਦਿਵਸ ’ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕਰਨਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ 'ਤੇ ਯੂਨੀਵਰਸਿਟੀ ਵਿਖੇ 'ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਸ਼ਵ ਦ੍ਰਿਸ਼ਟੀ' ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਤੇ ਪੁਸਤਕ 'ਸੁਦੀਕਸ਼ਾ - ਏ ਟ੍ਰਿਬਿਊਟ ਟੂ ਸ੍ਰੀ ਗੁਰੂ ਨਾਨਕ ਦੇਵ ਜੀ' ਦਾ ਪ੍ਰਕਾਸ਼ਨ ਅਤੇ ਸਾਲ 2024 ਦਾ ਗੁਰਦੁਆਰਾ ਦਰਸ਼ਨ ਕੈਲੰਡਰ ਸ਼ਾਮਲ ਹਨ। ਇਸ ਦੇ ਨਾਲ ਹੀ ਪ੍ਰੋ. ਤਿਵਾਰੀ ਵੱਲੋਂ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਅੰਮ੍ਰਿਤ ਧਾਰਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੱਤਰ ਜ਼ਫਰਨਾਮਾ; ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਗਾਥਾ ਦੇ ਵਿਸ਼ਵ ਸੰਦੇਸ਼ ਸਿਰਲੇਖ ਤੇ ਲਿਖੇ ਬਹੁਤ ਸਾਰੇ ਲੇਖ ਪ੍ਰਮੁੱਖ ਅਖ਼ਬਾਰਾਂ/ਮਾਸਿਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ ਹਨ। ਵਰਤਮਾਨ ਵਿੱਚ ਯੂਨੀਵਰਸਿਟੀ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਫਲਸਫੇ ’ਤੇ ਪੁਸਤਕ ਪ੍ਰਕਾਸ਼ਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਮੱਧ ਪ੍ਰਦੇਸ਼ ਦੇ ਰੀਵਾ ਜ਼ਿਲੇ ਵਿਚ ਜੰਮੇ-ਪਲੇ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦਾ ਜੀਵਨ ਵਾਤਾਵਰਨ ਪੱਖੀ ਸਾਦਾ ਜੀਵਨ ਸ਼ੈਲੀ 'ਤੇ ਆਧਾਰਿਤ ਹੈ। ਚਾਰ ਦਹਾਕਿਆਂ ਤੋਂ ਵੱਧ ਦੇ ਆਪਣੇ ਅਕਾਦਮਿਕ ਕੈਰੀਅਰ ਵਿੱਚ ਉਨ੍ਹਾਂ ਨੇ ਮਿਜ਼ੋਰਮ ਯੂਨੀਵਰਸਿਟੀ, ਆਈਜ਼ੌਲ ਵਿੱਚ 32 ਸਾਲਾਂ ਤੱਕ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ 'ਤੇ ਸੇਵਾ ਕੀਤੀ। ਫੇਰ ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ, ਸਾਗਰ, ਜਿਥੋਂ ਉਨ੍ਹਾਂ ਨੇ ਆਪਣੀ ਪੋਸਟ ਗ੍ਰੈਜੂਏਸ਼ਨ ਅਤੇ ਪੀ.ਐੱਚ.ਡੀ. ਡਿਗਰੀ ਪ੍ਰਾਪਤ ਕੀਤੀ, ਉਥੇ ਹੀ 5 ਸਾਲਾਂ ਲਈ ਵਾਈਸ-ਚਾਂਸਲਰ ਵਜੋਂ ਸੇਵਾ ਨਿਭਾਈ; ਅਤੇ ਹੁਣ ਪਿਛਲੇ 4 ਸਾਲ ਤਿੰਨ ਮਹੀਨੇ ਤੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਕੰਮ ਕਰ ਰਹੇ ਹਨ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਵੱਖ-ਵੱਖ ਉੱਚ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ (ਆਈਆਈਏਐੱਸ), ਸ਼ਿਮਲਾ ਦੇ ਡਾਇਰੈਕਟਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਉਨ੍ਹਾਂ ਦੀ ਸਰਬ-ਲਾਭਕਾਰੀ ਪਹੁੰਚ ਹਮੇਸ਼ਾ ਨੌਜਵਾਨਾਂ ਦੇ ਚੰਗੇ ਜੀਵਨ ਲਈ ਰਾਹ ਪੱਧਰਾ ਕਰਦੀ ਹੈ।
ਪੰਜਾਬ ਕਲਾ ਸਾਹਿਤ ਅਕਾਦਮੀ ਵੱਲੋਂ ਪ੍ਰੋ. ਤਿਵਾਰੀ ਨੂੰ "ਰਾਸ਼ਟਰੀ ਸਿੱਖਿਆ ਰਤਨ ਪੁਰਸਕਾਰ" ਨਾਲ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਯੂਨੀਵਰਸਿਟੀ ਪਰਿਵਾਰ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ।
ਅਰਵਿੰਦ ਕੇਜਰੀਵਾਲ 'ਤੇ ਹੋਇਆ ਹਮਲਾ, CM ਮਾਨ ਨੇ ਦੱਸਿਆ ਸ਼ਰਮਨਾਕ
NEXT STORY