ਚੰਡੀਗੜ੍ਹ (ਅੰਕੁਰ): ਪੰਜਾਬ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ ‘ਪ੍ਰਾਜੈਕਟ ਜੀਵਨਜੋਤ 2.0’ ਨੇ ਸਿਰਫ਼ ਇਕ ਹਫ਼ਤੇ ’ਚ ਸੂਬੇ ਭਰ ਦੀਆਂ ਸੜਕਾਂ ਅਤੇ ਗਲੀਆਂ ਤੋਂ 168 ਬਾਲ ਭਿਖਾਰੀਆਂ ਨੂੰ ਸਫਲਤਾਪੂਰਵਕ ਬਚਾਇਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਭਵਨ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫ਼ੈਲ ਰਿਹੈ ਵਾਇਰਸ! 6 ਜ਼ਿਲ੍ਹਿਆਂ 'ਚ ਪਈ ਮਾਰ, ਤੁਸੀਂ ਵੀ ਹੋ ਜਾਓ ਸਾਵਧਾਨ
ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ, ਜੋ ਕਿ ਪਹਿਲਾਂ 9 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਹੁਣ ‘ਜੀਵਨਜੋਤ 2.0’ ਦੇ ਰੂਪ ਵਿਚ ਅਪਗ੍ਰੇਡ ਤੇ ਤੇਜ਼ ਰਫਤਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਹ ਨਾ ਸਿਰਫ਼ ਰੈਸਕਿਊ ਕਾਰਵਾਈਆਂ, ਸਗੋਂ ਵਿਗਿਆਨਕ ਪਛਾਣ, ਡੀ. ਐੱਨ. ਏ. ਟੈਸਟਿੰਗ, ਪੁਨਰਵਾਸ ਅਤੇ ਮੁੱਖ ਧਾਰਾ ’ਚ ਬੱਚਿਆਂ ਦੇ ਏਕੀਕਰਨ ਉੱਤੇ ਕੇਂਦਰਿਤ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਵੱਡੇ ਸ਼ਹਿਰਾਂ ’ਚ 125 ਛਾਪੇਮਾਰੀਆਂ ਦੌਰਾਨ 168 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ। ਇਨ੍ਹਾਂ ’ਚੋਂ 80 ਬੱਚਿਆਂ ਦੀ ਪਛਾਣ ਉਨ੍ਹਾਂ ਦੇ ਮਾਪਿਆਂ ਨਾਲ ਹੋਣ 'ਤੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਸੌਂਪਿਆ ਗਿਆ। ਇਹ ਯਕੀਨੀ ਬਣਾਉਂਦੇ ਹੋਏ ਕਿ ਉਹ ਮੁੜ ਸੜਕਾਂ 'ਤੇ ਨਾ ਆਉਣ।
ਜਿਨ੍ਹਾਂ 88 ਬੱਚਿਆਂ ਦੇ ਮਾਪਿਆਂ ਜਾਂ ਸਬੰਧੀਆਂ ਦੀ ਪਛਾਣ ਨਹੀਂ ਹੋ ਸਕੀ, ਉਨ੍ਹਾਂ ਨੂੰ ਸਰਕਾਰੀ ਸਾਂਭ-ਸੰਭਾਲ ਵਾਲੇ ਬਾਲ ਘਰਾਂ ’ਚ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਸਿੱਖਿਆ, ਪੋਸ਼ਣ, ਆਵਾਸ, ਡਾਕਟਰੀ ਅਤੇ ਮਨੋਵਿਗਿਆਨਕ ਸਹਾਇਤਾ ਦਿੱਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਬੱਚਿਆਂ ਦੀ ਪਿਛੋਕੜ ਅਤੇ ਜ਼ਰੂਰਤਾਂ ਨੂੰ ਸਮਝਣ ਲਈ 25 ਸਮਾਜਿਕ ਜਾਂਚ ਰਿਪੋਰਟਾਂ ਤਿਆਰ ਹੋ ਚੁੱਕੀਆਂ ਹਨ। 16 ਬੱਚਿਆਂ ਲਈ ਡੀ.ਐਨ.ਏ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ, ਜਿਨ੍ਹਾਂ ’ਚੋਂ 13 ਦੇ ਨਮੂਨੇ ਲੈਬ ਵਿਚ ਭੇਜੇ ਗਏ ਹਨ। ਇਸ ਤੋਂ ਇਲਾਵਾ, 10 ਬੱਚੇ ਹੋਰ ਰਾਜਾਂ ਨਾਲ ਸੰਬੰਧਤ ਹਨ, ਜਿਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਸਬੰਧਿਤ ਰਾਜ ਸਰਕਾਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਜੀਵਨਜੋਤ ਪ੍ਰਾਜੈਕਟ ਸਿਰਫ਼ ਰੈਸਕਿਉ ਤੱਕ ਸੀਮਤ ਨਹੀਂ ਇਹ ਭਵਿੱਖ ਬਦਲਣ ਦੀ ਕੋਸ਼ਿਸ਼ ਹੈ। ਕਈ ਬੱਚਿਆਂ ਨੂੰ ਸਕੂਲ ’ਚ ਦਾਖਲ ਕਰਵਾਇਆ ਗਿਆ ਹੈ, 30 ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ, ਅਤੇ 58 ਬੱਚੇ ਹੁਣ ਵੀ ਸਰਕਾਰੀ ਦੇਖਭਾਲ ਹੇਠ ਹਨ, ਜਿਨ੍ਹਾਂ ਲਈ ਲੰਬੇ ਸਮੇਂ ਦੇ ਸਹੀ ਸਰਪ੍ਰਸਤ ਲੱਭਣ ਦੀ ਕੋਸ਼ਿਸ਼ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਸੁਖਪਾਲ ਖਹਿਰਾ ਖ਼ਿਲਾਫ਼ ਕਾਰਵਾਈ ਦੀ ਤਿਆਰੀ! ਭੇਜਿਆ ਗਿਆ Legal Notice
ਬਾਲਗ ਭਿਖਾਰੀਆਂ ਲਈ ਆਸਰਾ ਕੇਂਦਰ
ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੋਹਾਲੀ ਅਤੇ ਬਠਿੰਡਾ ਵਿਚ ਜਲਦੀ ਹੀ ਆਸਰਾ ਕੇਂਦਰ ਸਥਾਪਤ ਕਰਨ ਜਾ ਰਹੀ ਹੈ, ਜਿੱਥੇ ਬਾਲਗ ਭਿਖਾਰੀਆਂ ਨੂੰ ਰਿਹਾਇਸ਼, ਸਲਾਹ ਅਤੇ ਹੁਨਰ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਉਹ ਬੱਚਿਆਂ ਨੂੰ ਭੀਖ ਲਈ ਮਜਬੂਰ ਨਾ ਕਰ ਸਕਣ।
ਜਨਤਾ ਨੂੰ ਅਪੀਲ: 1098 ’ਤੇ ਕਾਲ ਕਰੋ
ਅੰਤ ’ਚ ਮੰਤਰੀ ਨੇ ਲੋਕਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਕਿਸੇ ਵੀ ਬੱਚੇ ਨੂੰ ਭੀਖ ਮੰਗਦੇ ਵੇਖੋ ਤਾਂ ਤੁਰੰਤ ਚਾਈਲਡ ਹੈਲਪਲਾਈਨ 1098 'ਤੇ ਕਾਲ ਕਰੋ। ਤੁਹਾਡੀ ਇੱਕ ਕਾਲ ਇੱਕ ਬੱਚੇ ਦੀ ਜ਼ਿੰਦਗੀ ਬਚਾ ਸਕਦੀ ਹੈ। ਪ੍ਰਾਜੈਕਟ ਜੀਵਨਜੋਤ 2.0 ਰਾਹੀਂ ਮਾਨ ਸਰਕਾਰ ਇੱਕ ਅਜਿਹੇ ਪੰਜਾਬ ਦੀ ਨੀਂਹ ਰੱਖ ਰਹੀ ਹੈ, ਜਿੱਥੇ ਹਰ ਬੱਚਾ ਸੜਕ ਦੀ ਥਾਂ ਸਕੂਲ ’ਚ ਹੋਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਥੇਦਾਰ ਵੱਲੋਂ ਤਲਬ ਕੀਤੇ ਜਾਣ ਮਗਰੋਂ ਮੰਤਰੀ ਹਰਜੋਤ ਬੈਂਸ ਦਾ ਬਿਆਨ, ਨੰਗੇ ਪੈਰੀਂ ਹਾਜ਼ਰ ਹੋਵਾਂਗਾ
NEXT STORY