ਬਠਿੰਡਾ(ਪਰਮਿੰਦਰ)-ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦਿਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਰਕਾਰੀ ਸਾਈਨ ਬੋਰਡਾਂ 'ਤੇ ਕਾਲਖ ਲਾਉਣ ਦੇ ਦੋਸ਼ਾਂ 'ਚ ਜੇਲ ਵਿਚ ਬੰਦ ਪੰਜਾਬੀ ਪ੍ਰੇਮੀਆਂ ਦੀ ਰਿਹਾਈ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰ ਆਏ। ਸੈਂਕੜੇ ਪੰਜਾਬੀ ਪ੍ਰੇਮੀਆਂ ਜਿਨ੍ਹਾਂ ਵਿਚੋਂ ਸਾਹਿਤ, ਸਮਾਜਕ, ਧਾਰਮਕ ਤੇ ਹੋਰ ਸੰਗਠਨਾਂ ਦੇ ਮੈਂਬਰ ਸ਼ਾਮਲ ਸਨ, ਨੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਾਇਆ ਤੇ ਸ਼ਹਿਰ 'ਚ ਰੋਸ ਮਾਰਚ ਕਰ ਕੇ ਗੁੱਸਾ ਕੱਢਿਆ। ਲੋਕਾਂ ਨੇ ਮੰਗ ਕੀਤੀ ਕਿ ਉਕਤ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੜਕਾਂ 'ਤੇ ਲੱਗੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਸਭ ਤੋਂ ਹੇਠਾਂ ਲਿਖੇ ਹੋਣ ਦੇ ਰੋਸ 'ਚ ਉਕਤ ਆਗੂਆਂ ਨੇ ਹੋਰ ਭਾਸ਼ਾਵਾਂ 'ਤੇ ਕਾਲਖ ਲਗਾ ਦਿੱਤੀ ਸੀ। ਇਸ 'ਤੇ ਥਾਣਾ ਥਰਮਲ ਪੁਲਸ ਨੇ ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਖਿਲਾਫ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਜੁਰਮ ਵਿਚ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਸੋਮਵਾਰ ਨੂੰ ਸੈਂਕੜੇ ਪੰਜਾਬੀ ਪ੍ਰੇਮੀਆਂ ਨੇ ਹੱਥਾਂ ਵਿਚ ਨਾਅਰੇ ਲਿਖੀ ਤਖਤੀਆਂ ਲੈ ਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ ਤੇ ਉਕਤ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਹੀ ਪੰਜਾਬੀ ਭਾਸ਼ਾ ਦਾ ਸਨਮਾਨ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਪੰਜਾਬੀ ਭਾਸ਼ਾ ਦਾ ਸਨਮਾਨ ਕਾਇਮ ਰੱਖਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ, ਉਲਟਾ ਪੰਜਾਬੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੇ ਇਸ ਰਵੱਈਏ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਉਕਤ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬਾਅਦ ਵਿਚ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਇਕ ਮੰਗ ਪੱਤਰ ਵੀ ਸੌਂਪਿਆ।
ਰੁੱਸੀ ਪਤਨੀ ਨੂੰ ਮਨਾਉਣ 'ਚ ਅਸਫਲ ਵਿਅਕਤੀ ਨੇ ਨਿਗਲਿਆ ਜ਼ਹਿਰੀਲਾ ਪਦਾਰਥ
NEXT STORY