ਅਜੀਤਵਾਲ, (ਗੋਪੀ ਰਾਊਕੇ, ਰੱਤੀ ਕੋਕਰੀ)-ਅਕਾਲੀ ਦਲ ਨੇ ਪੰਥ ਦਾ ਵਾਸਤਾ ਦੇ ਕੇ ਪੰਜਾਬ ਵਾਸੀਆਂ ਤੋਂ ਵੋਟਾਂ ਲੈ ਕੇ ਸਰਕਾਰ ਬਣਾ ਕੇ ਸਿਵਾਏ ਲੁੱਟ-ਖਸੁੱਟ ਤੋਂ ਬਿਨਾਂ ਹੋਰ ਕੋਈ ਵੀ ਕੰਮ ਚੱਜ ਦਾ ਨਹੀਂ ਕੀਤਾ ਤੇ ਨੌਬਤ ਇੱਥੋਂ ਤੱਕ ਆ ਗਈ ਕਿ ਇਹ ਗੁਰੂ ਸਾਹਿਬ ਦੀ ਵੀ ਰਾਖੀ ਨਹੀਂ ਕਰ ਸਕੇ, ਜਿਸ ਕਾਰਨ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਚੂਹਡ਼ਚੱਕ ਵਿਖੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੇਵਾਦਾਰ ਸੰਦੀਪ ਸਿੰਘ ਤੇ ਗੁਰਮੇਲ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਗੁਰੂ ਸਾਹਿਬ ਦੀ ਹੋਈ ਬੇਅਦਬੀ ਪਿੱਛੇ ਅਕਾਲੀਆਂ ਦਾ ਹੀ ਹੱਥ ਹੈ, ਜੇਕਰ ਮੁਡ਼ ਆਪਾ ਅਕਾਲੀ ਦਲ ਦੀ ਸਰਕਾਰ ਬਣਾ ਲੈਂਦੇ ਤਾਂ ਅਕਾਲੀ ਸਰਕਾਰ ਨੇ 2015 ਦੀ ਤਰ੍ਹਾਂ ਹੀ ਹੁਣ ਵੀ ਬਰਗਾਡ਼ੀ ਧਰਨੇ ’ਤੇ ਬੈਠੀਆਂ ਸੰਗਤਾਂ ’ਤੇ ਗੋਲੀਆਂ ਚਲਾ ਦੇਣੀਆਂ ਸੀ, ਜਦ ਤੱਕ ਪੰਜਾਬ ਸਰਕਾਰ ਦੋਸ਼ੀਆਂ ਨੂੰ ਸਲਾਖਾ ਪਿੱਛੇ ਨਹੀਂ ਭੇਜਦੀ ਤਦ ਤੱਕ ਧਰਨੇ ਮੁਜਾਹਰੇ ਇਸੇ ਤਰ੍ਹਾਂ ਜਾਰੀ ਰਹਿਣਗੇ। ਉਪਰੰਤ ਪਿੰਡ ਵਾਸੀਆਂ ਨੇ ਸੇਵਾਦਾਰ ਸੰਦੀਪ ਸਿੰਘ ਤੇ ਗੁਰਮੇਲ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਦੀ ਅਗਵਾਈ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਤੇ ਪੁਤਲਾ ਫੂਕਿਆ। ਇਸ ਮੌਕੇ ਕਿਰਨਦੀਪ ਸਿੰਘ ਢੁੱਡੀਕੇ, ਸਰਬਣ ਸਿੰਘ, ਗੁਰਚਰਨ ਸਿੰਘ, ਨਸੀਬ ਸਿੰਘ, ਲਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।
ਭਗੌਡ਼ਾ ਚੂਰਾ-ਪੋਸਤ ਸਮੱਗਲਰ ਗ੍ਰਿਫਤਾਰ
NEXT STORY