ਸਮਰਾਲਾ (ਗਰਗ) : ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਅੜੀਅਲ ਰੱਵਈਆ ਅਪਣਾ ਰਹੀ ਕੇਂਦਰ ਸਰਕਾਰ ਖ਼ਿਲਾਫ਼ ਆਮ ਲੋਕਾਂ ਅੰਦਰ ਵੀ ਗੁੱਸੇ ਦੀ ਲਹਿਰ ਫੈਲ ਗਈ ਹੈ। ਅੱਜ ਇੱਥੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਖੁੱਲ੍ਹ ਕੇ ਕਿਸਾਨਾਂ ਦੇ ਹੱਕ 'ਚ ਧਰਨੇ-ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ।
ਅਜਿਹੇ ਹੀ ਇਕ ਰੋਸ ਪ੍ਰਦਰਸ਼ਨ ਦੌਰਾਨ ਸਮਰਾਲਾ ਦੀ ਪਲੰਬਰ ਯੂਨੀਅਨ ਵੱਲੋਂ ਅੱਜ ਕਿਸਾਨਾਂ ਦੇ ਹੱਕ 'ਚ ਰੋਸ ਰੈਲੀ ਕੱਢਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਜੇਕਰ ਲੋੜ ਪਈ ਤਾਂ ਉਹ ਵੀ ਦਿੱਲੀ ਜਾ ਕੇ ਕਿਸਾਨਾਂ ਨਾਲ ਬੈਠਣ ਲਈ ਤਿਆਰ-ਬਰ-ਤਿਆਰ ਹਨ। ਅੱਜ ਦੇ ਇਸ ਰੋਸ ਪ੍ਰਦਰਸ਼ਨ 'ਚ ਸਮਰਾਲਾ ਦੀ ਬਿਲਡਿੰਗ ਮਟੀਰੀਅਰਲ ਐਸੋਸੀਏਸ਼ਨ ਦੇ ਆਗੂਆਂ ਸਮੇਤ ਕਈ ਦੁਕਾਨਦਾਰਾਂ ਨੇ ਵੀ ਸ਼ਮੂਲੀਅਤ ਕਰਦੇ ਹੋਏ ਕਿਸਾਨਾਂ ਦੀ ਮੰਗ ਦਾ ਸਮਰਥਨ ਕੀਤਾ ਹੈ।
ਇਸ ਮੌਕੇ ਪਲੰਬਰ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਪੱਪੀ, ਮਨਜੀਤ ਸਿੰਘ ਮੰਗਾ, ਰਾਜ ਕੁਮਾਰ ਰਾਜੂ, ਨਰਿੰਦਰ ਸਿੰਘ ਅਤੇ ਮਨਜੀਤ ਸਿੰਘ ਮੋਨੂੰ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਨਰਮ ਰੁੱਖ ਅਪਣਾਉਂਦੇ ਹੋਏ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਵੀ ਮੰਨਣਾ ਚਾਹੀਦਾ ਹੈ ਕਿਉਂਕਿ ਪੰਜਾਬ ਸੂਬਾ ਪੂਰੀ ਤਰ੍ਹਾਂ ਨਾਲ ਖੇਤੀਬਾੜੀ ’ਤੇ ਹੀ ਨਿਰਭਰ ਹੈ, ਇਸ ਲਈ ਜੇਕਰ ਕਿਸਾਨ ਹੀ ਮਰ ਗਿਆ ਤਾਂ ਬਾਕੀ ਦੇ ਸਾਰੇ ਵਰਗ ਵੀ ਤਬਾਹ ਹੋ ਜਾਣਗੇ।
ਇਹ ਰੋਸ ਮਾਰਚ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੁਰੂ ਹੁੰਦਾ ਹੋਇਆ ਸ਼ਹਿਰ ਦੇ ਮੁੱਖ ਚੌਂਕ ਵਿਖੇ ਪਹੁੰਚਿਆ, ਜਿੱਥੇ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕੁੱਝ ਦੇਰ ਲਈ ਸੰਕੇਤਕ ਰੂਪ 'ਚ ਧਰਨਾ ਦਿੰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਪੂਰੇ ਜਜ਼ਬੇ ਨਾਲ ਕਿਸਾਨ ਅੰਦੋਲਨ 'ਚ ਸੇਵਾ ਨਿਭਾ ਰਹੇ ਨੇ ਰੇਸ਼ਮ ਸਿੰਘ ਅਨਮੋਲ (ਵੀਡੀਓ)
NEXT STORY