ਪਟਿਆਲਾ (ਜੋਸਨ, ਬਲਜਿੰਦਰ, ਰਾਣਾ) - ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀ ਦਿਹਾੜੀਦਾਰ, ਠੇਕਾ ਆਧਾਰ 'ਤੇ ਆਊਟ ਸੋਰਸ ਸਮੇਤ ਪਾਰਟ ਟਾਈਮ ਤੇ ਮਿਡ-ਡੇ-ਮੀਲ ਕਰਮੀਆਂ ਨੇ ਲੀਲਾ ਭਵਨ ਚੌਕ ਨੇੜੇ ਵਿਸ਼ਾਲ ਇਕੱਠ ਕਰ ਕੇ ਲਾਲ ਅਤੇ ਕਾਲੇ ਝੰਡਿਆਂ ਨਾਲ ਮੁਜ਼ਾਹਰਾ ਕਰਦਿਆਂ ਮੋਤੀ ਮਹਿਲ ਤੱਕ ਰੋਸ ਮਾਰਚ ਕੀਤਾ। ਇਸ ਮੌਕੇ ਭਾਰੀ ਪੁਲਸ ਫੋਰਸ ਨੇ ਇਸ ਮਾਰਚ ਨੂੰ ਫੁਆਰਾ ਚੌਕ ਨੇੜੇ ਹੀ ਰੋਕ ਲਿਆ ਤੇ ਮੁਲਾਜ਼ਮਾਂ ਤੋਂ ਮੈਮੋਰੰਡਮ ਲਿਆ। ਇਹ ਮੁਜ਼ਾਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਣਤੰਤਰ ਦਿਵਸ ਸਮਾਗਮ ਵਿਚ ਹਿੱਸਾ ਲੈਣ ਤੋਂ ਪਹਿਲਾਂ ਇਸ ਲਈ ਕੀਤਾ ਗਿਆ ਕਿਉਂਕਿ ਉੁਨ੍ਹਾਂ ਨੂੰ ਚੋਣ ਮਨੋਰਥ ਪੱਤਰ ਵਿਚ ਮੁਲਾਜ਼ਮ ਮੰਗਾਂ ਨੂੰ ਯਾਦ ਕਰਵਾਇਆ ਜਾ ਸਕੇ। ਮੋਤੀ ਮਹਿਲ ਵੱਲ ਵੱਧਦੇ ਮੁਲਾਜ਼ਮਾਂ ਨੂੰ ਦੇਖ ਕੇ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਮੁਲਾਜ਼ਮਾਂ ਦੀ ਘੇਰਾਬੰਦੀ ਕਰ ਕੇ ਮਾਰਚ ਕਰਨ ਤੋਂ ਰੋਕਣ ਲਈ ਪੂਰੀ ਜੱਦੋਂ-ਜਹਿਦ ਕੀਤੀ। ਮੁਲਾਜ਼ਮ ਆਪਣਾ ਮੰਗ ਪੱਤਰ ਮੋਤੀ ਮਹਿਲ ਪਹੁੰਚ ਕੇ ਦੇਣਾ ਚਾਹੁੰਦੇ ਸਨ। ਫੁਆਰਾ ਚੌਕ ਲਾਗੇ ਨਾਕਾ ਲਾ ਕੇ ਰਾਕੇਸ਼ ਕੁਮਾਰ ਮਹਿਰਾ ਤਹਿਸੀਲਦਾਰ, ਸੁਪਰਡੈਂਟ ਪੁਲਸ ਕੇਸਰ ਸਿੰਘ, ਡੀ. ਐੈੱਸ. ਪੀ. ਸੌਰਵ ਜਿੰਦਲ ਨੇ ਮੰਗ ਪੱਤਰ ਪ੍ਰਾਪਤ ਕਰ ਕੇ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਮੁਲਾਜ਼ਮਾਂ ਨੇ ਗਣਤੰਤਰ ਦਿਵਸ 'ਤੇ ਵੀ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਲਈ ਰਾਹਤ ਦਾ ਕੋਈ ਐਲਾਨ ਨਾ ਕਰਨ 'ਤੇ ਸਖਤ ਸੰਘਰਸ਼ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਨੇ 11 ਮਹੀਨਿਆਂ ਤੋਂ ਮੁਲਾਜ਼ਮ ਮੰਗਾਂ 'ਤੇ ਲਗਾਤਾਰ ਚੁੱਪ ਧਾਰੀ
ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੇ ਪਿਛਲੇ 11 ਮਹੀਨਿਆਂ ਤੋਂ ਮੁਲਾਜ਼ਮ ਮੰਗਾਂ 'ਤੇ ਲਗਾਤਾਰ ਚੁੱਪ ਧਾਰੀ ਹੋਈ ਹੈ। ਚੋਣ ਮਨੋਰਥ ਪੱਤਰ ਵਿਚਲੀਆਂ ਮੰਗਾਂ ਵਿਚੋਂ ਇਕ ਵੀ ਪੂਰੀ ਨਹੀਂ ਕੀਤੀ। ਜਦਕਿ ਕਿਹਾ ਸੀ ਕਿ ਸਰਕਾਰ ਬਣਨ ਦੇ 3 ਮਹੀਨਿਆਂ ਵਿਚ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇਗਾ, ਮਹਿੰਗਾਈ ਭੱਤੇ ਦਾ ਬਕਾਇਆ ਤੇ ਕੇਂਦਰੀ ਪੈਟਰਨ 'ਤੇ ਮਹਿੰਗਾਈ ਭੱਤਾ ਦਿੱਤਾ ਜਾਵੇਗਾ, ਨਵੀਂ ਰੈਗੂਲਰ ਭਰਤੀ ਸ਼ੁਰੂ ਕੀਤੀ ਜਾਵੇਗੀ, ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰ ਕੇ ਕੱਚੇ ਕਰਮਚਾਰੀ ਰੈਗੂਲਰ ਕੀਤੇ ਜਾਣਗੇ ਪਰ ਮੁੱਖ ਮੰਤਰੀ ਦਾ ਚੋਣ ਮਨੋਰਥ ਵਿਚਲਾ ਇਕ ਵੀ ਵਾਅਦਾ ਵਫਾ ਨਹੀਂ ਹੋਇਆ।
ਮੁਲਾਜ਼ਮਾਂ ਦੇ ਪ੍ਰਮੁੱਖ ਦਰਸ਼ਨ ਸਿੰਘ ਲੁਬਾਣਾ ਨੇ ਗਿਲ੍ਹਾ ਕੀਤਾ ਕਿ ਪਿਛਲੇ ਮਹੀਨਿਆਂ ਵਿਚ ਮੁੱਖ ਮੰਤਰੀ ਨੇ ਮੁਲਾਜ਼ਮ ਜਥੇਬੰਦੀਆਂ ਨੂੰ ਮੂੰਹ ਤੱਕ ਨਹੀਂ ਵਿਖਾਇਆ। ਮੀਟਿੰਗ ਕਰਨਾ ਤਾਂ ਦੂਰ ਦੀ ਗੱਲ ਹੈ। ਜਦਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ 2 ਫਰਵਰੀ 2017 ਨੂੰ ਆਗੂਆਂ ਨਾਲ ਗੱਲਬਾਤ ਕਰ ਕੇ ਮੁਲਾਜ਼ਮਾਂ ਦੇ ਸਾਰੇ ਮਸਲੇ 3 ਮਹੀਨਿਆਂ ਵਿਚ ਨਿਬੇੜਨ ਦੇ ਭਰੋਸੇ ਦਿੱਤੇ ਸਨ। ਹੁਣ ਜਥੇਬੰਦੀਆਂ ਨੂੰ ਸੁਣਿਆ ਤੱਕ ਨਹੀਂ ਜਾ ਰਿਹਾ।
ਯੋਗ ਅਦਾਇਗੀਆਂ ਪਿਛਲੇ 6 ਮਹੀਨਿਆਂ ਤੋਂ ਰੋਕੀਆਂ
ਮੁਲਾਜ਼ਮ ਆਗੂ ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਨੋਲੱਖਾ, ਦੀਪ ਚੰਦ ਹੰਸ ਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਮੁਲਾਜ਼ਮ ਮੰਗਾਂ ਲਈ ਸਭ ਤੋਂ ਕਮਜ਼ੋਰ ਸਾਬਤ ਹੋਇਆ, ਜਿਸ ਨੇ ਸਰਕਾਰੀ ਖਜ਼ਾਨਿਆਂ 'ਤੇ ਐਮਰਜੈਂਸੀ ਲਾ ਕੇ ਮੁਲਾਜ਼ਮਾਂ ਦੀ ਸਾਰੀਆਂ ਯੋਗ ਅਦਾਇਗੀਆਂ ਪਿਛਲੇ 6 ਮਹੀਨਿਆਂ ਤੋਂ ਰੋਕੀਆਂ ਹੋਈਆਂ ਹਨ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਣਦਾ ਮਹਿੰਗਾਈ ਭੱਤਾ ਵੀ ਦੱਬੀ ਬੈਠਾ ਹੈ। ਨੌਕਰੀ ਨਾ ਦੇ ਕੇ ਦਿਹਾੜੀਦਾਰ, ਪਾਰਟ-ਟਾਈਮ, ਕੰਟਰੈਕਟ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਪੱਕਾ ਨਾ ਕਰ ਕੇ ਅਤੇ ਸੁਪਰੀਮ ਕੋਰਟ ਦੇ ਫੈਸਲੇ ਬਰਾਬਰ ਕੰਮ ਬਰਾਬਰ ਤਨਖਾਹ ਦੇਣੀ ਵੀ ਵਿੱਤ ਮੰਤਰੀ ਨੇ ਰੋਲ ਕੇ ਰੱਖ ਦਿੱਤੇ ਹਨ।
ਮਾਰਚ 'ਚ ਇਨ੍ਹਾਂ ਨੇਤਾਵਾਂ ਨੇ ਕੀਤੀ ਸ਼ਮੂਲੀਅਤ
ਦਰਸ਼ਨ ਸਿੰਘ ਲੁਬਾਣਾ, ਮੋਹਨ ਸਿੰਘ ਨੇਗੀ, ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਰਤਨ ਸਿੰਘ, ਹਰਬੰਸ ਸਿੰਘ ਟੋਹੜਾ, ਗੁਰਦਰਸ਼ਨ ਸਿੰਘ, ਬਲਬੀਰ ਸਿੰਘ, ਕਰਨੈਲ ਚੰਦ, ਸੂਰਜ ਯਾਦਵ, ਅਮਰਜੀਤ ਧਾਲੀਵਾਲ, ਅਪਵਿੰਦਰ ਸਿੰਘ ਗੁੱਲੀ, ਜੋਗਾ ਸਿੰਘ, ਦੁਬਰੀ ਯਾਦਵ, ਅਮਰਜੀਤ ਜੋਗੀਪੁਰ, ਬਾਬੂ ਸਿੰਘ ਫੌਜੀ, ਸੁਰੇਸ਼ ਕੁਮਾਰ, ਰਾਮ ਜੋਧਾ, ਕਾਕਾ ਸਿੰਘ, ਅਮਰੀਕ ਸਿੰਘ, ਜਸਬੀਰ ਸਿੰਘ, ਕਮਲਜੀਤ ਸਿੰਘ, ਨਰੇਸ਼ ਗਾਟ, ਸੁਰਿੰਦਰ ਪਾਲ ਸਿੰਘ ਦੁੱਗਲ, ਅਨਿਲ ਕੁਮਾਰ, ਦਰਸ਼ਨ ਸਿੰਘ ਘੱਗਾ, ਜਗਤਾਰ ਲਾਲ, ਸਰਦਾਰਾ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ।
ਕੰਮ ਕਰੋ ਜਾਂ ਬਾਰਡਰ 'ਤੇ ਜਾਣ ਲਈ ਰਹੋ ਤਿਆਰ
NEXT STORY