ਅੰਮ੍ਰਿਤਸਰ/ਰਾਮਤੀਰਥ (ਨੀਰਜ, ਸੂਰੀ) : ਪੁੱਡਾ ਦੀਆਂ ਚਿਤਾਵਨੀਆਂ ਦੇ ਬਾਵਜੂਦ ਜ਼ਿਲੇ ’ਚ ਕੁਝ ਕਾਲੋਨਾਈਜ਼ਰਾਂ ਵੱਲੋਂ ਗੈਰ-ਕਾਨੂੰਨੀ ਕਾਲੋਨੀਆਂ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ। ਹਾਲਾਤ ਇਹ ਹਨ ਕਿ ਇਨ੍ਹਾਂ ਕਾਲੋਨਾਈਜ਼ਰਾਂ ਨੂੰ ਪੁੱਡਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਨੋਟਿਸਾਂ ਦੀ ਵੀ ਕੋਈ ਪ੍ਰਵਾਹ ਨਹੀਂ ਰਹੀ। ਜਾਣਕਾਰੀ ਅਨੁਸਾਰ ਡੀ. ਟੀ. ਪੀ. (ਜ਼ਿਲਾ ਟਾਊਨ ਪਲਾਨਰ ਰੈਗੂਲੇਟਰੀ) ਵਿੰਗ ਵੱਲੋਂ ਰਾਮ ਤੀਰਥ ਰੋਡ ਸਥਿਤ ਪਿੰਡ ਵਡਾਲਾ ਭਿਟੇਵੱਡ ’ਚ ਬਣ ਰਹੀਆਂ ‘ਨਿਊ ਮੈਪਲ ਸਿਟੀ’, ‘ਆਰ.ਟੀ. ਐਕਸਟੈਂਸ਼ਨ’ ਅਤੇ ਇਕ ਹੋਰ ਗੈਰ-ਕਾਨੂੰਨੀ ਕਾਲੋਨੀ ਖ਼ਿਲਾਫ਼ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾਇਆ ਗਿਆ ਅਤੇ ਗੈਰ-ਕਾਨੂੰਨੀ ਨਿਰਮਾਣ ਢਾਹ ਦਿੱਤੇ ਗਏ।
ਡੀ. ਟੀ. ਪੀ. ਅਮਰਿੰਦਰਜੀਤ ਸਿੰਘ ਨੇ ਦੱਸਿਆ ਕਿ ਭਵਿੱਖੀ ਵਿਕਾਸ ਨੂੰ ਕੰਟਰੋਲ ਕਰਨ ਲਈ ਪਿੰਡ ਵਡਾਲਾ ਭਿਟੇਵੱਡ ’ਚ ਵਿਕਸਿਤ ਕੀਤੀਆਂ ਜਾ ਰਹੀਆਂ ਗੈਰ-ਕਾਨੂੰਨੀ ਕਾਲੋਨੀਆਂ ਖ਼ਿਲਾਫ਼ ‘ਪਾਪਰਾ ਐਕਟ 1995’ ਤਹਿਤ ਨੋਟਿਸ ਜਾਰੀ ਕਰਕੇ ਕੰਮ ਰੁਕਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਲੋਨੀ ਮਾਲਕਾਂ ਨੇ ਨੋਟਿਸ ਮਿਲਣ ਦੇ ਬਾਵਜੂਦ ਗੈਰ-ਕਾਨੂੰਨੀ ਨਿਰਮਾਣ ਜਾਰੀ ਰੱਖਿਆ ਅਤੇ ਕੋਈ ਜਵਾਬ ਵੀ ਨਹੀਂ ਦਿੱਤਾ, ਜਿਸ ਕਾਰਨ ਇਹ ਕਾਰਵਾਈ ਕਰਨੀ ਪਈ।
ਇਹ ਵੀ ਪੜ੍ਹੋ : ਪੰਜਾਬ: ਜਹਾਜ਼ ਚੜ੍ਹਣ ਚੱਲਿਆ ਸੀ ਦਿੱਲੀ, ਰਾਹ 'ਚ ਹੀ ਪਾਸਪੋਰਟ ਤੇ ਵੀਜ਼ਾ ਖੋਹ ਲੈ ਗਏ ਲੁਟੇਰੇ
2024 ਅਤੇ 2025 ’ਚ ਵੀ ਹੋਈ ਸੀ ਕਾਰਵਾਈ
ਡੀ. ਟੀ. ਪੀ. ਅਨੁਸਾਰ ਰਾਮ ਤੀਰਥ ਰੋਡ ਸਥਿਤ ਪਿੰਡ ਵਡਾਲਾ ਭਿਟੇਵੱਡ ’ਚ ਨਿਊ ਮੈਪਲ ਸਿਟੀ ਖ਼ਿਲਾਫ਼ 3 ਸਤੰਬਰ 2024 ਅਤੇ ਆਰ. ਟੀ. ਇਨਕਲੇਵ (ਐਕਸਟੈਂਸ਼ਨ) ਖ਼ਿਲਾਫ਼ 4 ਅਪ੍ਰੈਲ 2025 ਨੂੰ ਵੀ ਢਹਾਉਣ ਦੀ ਕਾਰਵਾਈ ਕੀਤੀ ਗਈ ਸੀ। ਇਸ ਦੇ ਬਾਵਜੂਦ ਕਾਲੋਨੀ ਮਾਲਕਾਂ ਵੱਲੋਂ ਮੁੜ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਗਏ, ਜਿਸ ਕਾਰਨ ਵਿਭਾਗ ਨੂੰ ਦੁਬਾਰਾ ਸਖ਼ਤ ਕਦਮ ਚੁੱਕਣਾ ਪਿਆ।
ਪਾਪਰਾ ਐਕਟ ਤਹਿਤ 5 ਕਰੋੜ ਤੱਕ ਜੁਰਮਾਨਾ ਅਤੇ 10 ਸਾਲ ਦੀ ਸਜ਼ਾ
ਗੈਰ-ਕਾਨੂੰਨੀ ਕਾਲੋਨੀਆਂ ਬਣਾਉਣ ਵਾਲਿਆਂ ਖ਼ਿਲਾਫ਼ ਸਰਕਾਰ ਵੱਲੋਂ ਪਾਪਰਾ ਐਕਟ-1995 (ਸੋਧ 2024) ਲਾਗੂ ਕੀਤਾ ਗਿਆ ਹੈ। ਇਸ ਤਹਿਤ 5 ਤੋਂ 10 ਸਾਲ ਤੱਕ ਦੀ ਸਜ਼ਾ ਅਤੇ 25 ਲੱਖ ਤੋਂ 5 ਕਰੋੜ ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਹੈ। ਵਿਭਾਗ ਵੱਲੋਂ ਪੁਲਸ ਅਤੇ ਮਾਲ ਵਿਭਾਗ ਨੂੰ ਵੀ ਇਨ੍ਹਾਂ ਕਾਲੋਨੀ ਮਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਲਿਖਤੀ ਸਿਫ਼ਾਰਸ਼ ਕੀਤੀ ਗਈ ਹੈ ਤਾਂ ਜੋ ਭਵਿੱਖ ’ਚ ਕੋਈ ਵੀ ਗੈਰ-ਕਾਨੂੰਨੀ ਕਾਲੋਨੀ ਨਾ ਬਣਾ ਸਕੇ।
ਇਹ ਵੀ ਪੜ੍ਹੋ : ਨਵੇਂ LPG ਕਨੈਕਸ਼ਨ ਨੂੰ ਲੈ ਕੇ ਵੱਡੀ ਖ਼ਬਰ: ਹੁਣ ਗੈਸ ਏਜੰਸੀ ਜਾਣ ਦਾ ਝੰਜਟ ਖ਼ਤਮ!
ਗੈਰ-ਅਪਰੂਵਡ ਕਾਲੋਨੀਆਂ ’ਚ ਪਲਾਟ ਖਰੀਦ ਕੇ ਫਸ ਜਾਂਦੇ ਹਨ ਲੋਕ : ਇਕ ਆਮ ਵਿਅਕਤੀ ਆਪਣੀ ਜ਼ਿੰਦਗੀ ਦੀ ਪੂਰੀ ਕਮਾਈ ਪਲਾਟ ਜਾਂ ਮਕਾਨ ਖਰੀਦਣ ’ਤੇ ਲਾ ਦਿੰਦਾ ਹੈ ਪਰ ਨਿਯਮਾਂ ਦੀ ਜਾਣਕਾਰੀ ਨਾ ਹੋਣ ਅਤੇ ਸਸਤੇ ਪਲਾਟ ਦੇ ਲਾਲਚ ’ਚ ਉਹ ਗੈਰ-ਕਾਨੂੰਨੀ ਕਾਲੋਨਾਈਜ਼ਰਾਂ ਦੇ ਜਾਲ ’ਚ ਫਸ ਜਾਂਦਾ ਹੈ। ਗੈਰ-ਅਪਰੂਵਡ ਕਾਲੋਨੀਆਂ ’ਚ ਪਲਾਟ ਖਰੀਦਣ ’ਤੇ ਨਾ ਤਾਂ ਐੱਨ. ਓ. ਸੀ. ਮਿਲਦੀ ਹੈ ਅਤੇ ਨਾ ਹੀ ਬਿਜਲੀ ਮੀਟਰ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ। ਪੁੱਡਾ ਅਪਰੂਵਡ ਕਾਲੋਨੀਆਂ ’ਚ ਹੀ ਖਰੀਦੋ ਪਲਾਟ ਅਤੇ ਮਕਾਨ : ਵਧੀਕ ਮੁੱਖ ਪ੍ਰਸ਼ਾਸਕ ਪੁੱਡਾ ਇਨਾਇਤ ਗੁਪਤਾ ਅਤੇ ਡੀ. ਟੀ. ਪੀ. ਅਮਰਿੰਦਰਜੀਤ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਮਕਾਨ ਜਾਂ ਪਲਾਟ ਖਰੀਦਣ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰ ਲਿਆ ਜਾਵੇ ਕਿ ਸਬੰਧਤ ਕਾਲੋਨੀ ਪੁੱਡਾ ਅਪਰੂਵਡ ਹੈ ਜਾਂ ਨਹੀਂ। ਇਸ ਦੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ ਤੋਂ ਵੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੈਰ-ਅਪਰੂਵਡ ਕਾਲੋਨੀਆਂ ’ਚ ਮਕਾਨ ਜਾਂ ਪਲਾਟ ਖਰੀਦਣ ’ਤੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਵਿਭਾਗ ਤੋਂ ਐੱਨ. ਓ. ਸੀ. ਲੈਣੀ ਲਾਜ਼ਮੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਵਾਰਦਾਤ ਦੀ ਫਿਰਾਕ 'ਚ ਬੈਠੇ 6 ਅਪਰਾਧੀ ਹਥਿਆਰਾਂ ਸਣੇ ਕਾਬੂ, ਗੁਰਦਾਸਪੁਰ ਪੁਲਸ ਨੇ ਨਾਕਾਮ ਕੀਤਾ ਮਨਸੂਬਾ
NEXT STORY