ਬਟਾਲਾ (ਬੇਰੀ) - ਪੰਜਾਬ ਰੋਡਵੇਜ਼/ਪਨਬੱਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬਾ ਆਗੂ ਬਲਜੀਤ ਸਿੰਘ ਗਿੱਲ ਅਤੇ ਪ੍ਰਧਾਨ ਪਰਮਜੀਤ ਸਿੰਘ ਕੋਹਾੜ ਦੀ ਅਗਵਾਈ ਹੇਠ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ 3 ਘੰਟੇ ਬੱਸ ਸਟੈਂਡ ਬੰਦ ਕਰ ਕੇ ਬੱਸਾਂ ਰੋਕੀ ਰੱਖੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਆਗੂਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਪਨਬੱਸ ਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਲਗਾਤਾਰ ਟਾਲ-ਮਟੋਲ ਕਰ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹ ਲੈਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। 12-14 ਘੰਟ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮਹੀਨਾ-ਮਹੀਨਾ ਲੇਟ ਅਤੇ ਸੰਘਰਸ਼ ਕਰ ਕੇ ਤਨਖਾਹ ਲੈਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸਰਕਾਰੀ ਵਿਭਾਗਾਂ ਨੂੰ ਬਚਾਉਣ, ਟਰਾਂਸਪੋਰਟ ਮਾਫੀਆ ਖ਼ਤਮ ਕਰਨ, ਘਰ-ਘਰ ਪੱਕਾ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ 3 ਮਹੀਨਿਆਂ ’ਚ ਨਿਕਲਦੀ ਨਜ਼ਰ ਆਉਂਦੀ ਹੈ, ਕਿਉਂਕਿ ਪਨਬੱਸ ਵਿਚ ਨਵੀਂ ਭਰਤੀ ਆਊਟਸੋਰਸਿੰਗ ’ਤੇ ਕਰਨ ਦੀ ਤਿਆਰੀ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਦੇਣ ਦਾ ਵਾਅਦਾ ਸਿਰਫ ਚੋਣਾਵਲੀ ਸਟੰਟ ਸੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪ੍ਰਾਈਵੇਟ ਨਾਜਾਇਜ਼ ਬੱਸਾਂ ਬੰਦ ਕਰਨ ਜਾਂ ਸਰਕਾਰੀ ਟਰਾਂਸਪੋਰਟ ਨੂੰ ਵਧਾਉਣ ਦੀ ਥਾਂ ’ਤੇ ਪੀ. ਆਰ. ਟੀ. ਸੀ. ’ਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਹਨ, ਜਿਸ ਦਾ ਮਹਿਕਮੇ ਨੂੰ ਕਰੀਬ 5 ਸਾਲਾਂ ’ਚ 60-65 ਲੱਖ ਰੁਪਏ ਦਾ ਨੁਕਸਾਨ ਹੈ ਅਤੇ ਬੱਸ ਫਿਰ ਪ੍ਰਾਈਵੇਟ ਮਾਲਕ ਦੀ ਹੈ, ਜੋ ਕਿ ਸਰਕਾਰੀ ਪਰਮਿਟ ਤੇ ਵਿਭਾਗ ਦੀ ਨਾਜਾਇਜ਼ ਲੁੱਟ ਹੈ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਸੰਘਰਸ਼ਾਂ ਦੌਰਾਨ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਬਿਨਾਂ ਸ਼ਰਤ ਡਿਊਟੀ ਪਾਇਆ ਜਾਵੇ, ਸਾਰੇ ਮੁਲਾਜ਼ਮਾਂ ਨੂੰ ਤਨਖਾਹ ਬਰਾਬਰ ਦਿੱਤੀ ਜਾਵੇ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ, ਠੇਕੇਦਾਰੀ ਸਿਸਟਮ ਤੇ ਭਰਤੀ ਬੰਦ ਅਤੇ ਐਡਵਾਂਸ ਬੁੱਕ ਤੇ ਤਨਖਾਹ ਦਾ ਵਾਧਾ ਲਾਗੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਜਥੇਬੰਦੀ ਵਲੋਂ 19 ਜੁਲਾਈ ਨੂੰ ਹੜਤਾਲ ਅਤੇ ਰੋਡ ਜਾਮ ਕਰ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ, ਮੀਤ ਪ੍ਰਧਾਨ ਗੌਰਵ ਸ਼ਰਮਾ, ਖਜ਼ਾਨਚੀ ਜਗਰੂਪ ਸਿੰਘ, ਦਫ਼ਤਰੀ ਸਕੱਤਰ ਭੁਪਿੰਦਰ ਸਿੰਘ, ਸਕੱਤਰ ਰਾਜਬੀਰ ਸਿੰਘ ਆਦਿ ਹਾਜ਼ਰ ਸਨ।
ਲੁਧਿਆਣਾ ਤੋਂ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ, ਇੱਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ
NEXT STORY