ਜਲੰਧਰ (ਧਵਨ) - ਭਾਜਪਾ ਨੇ ਪੰਜਾਬ 'ਚ ਲੋਕ ਸਭਾ ਚੋਣਾਂ 'ਚ ਸ਼ਹਿਰੀ ਇਲਾਕਿਆਂ 'ਚ ਜਿਹੜਾ ਵਾਧਾ ਹਾਸਲ ਕੀਤਾ ਸੀ, ਉਹ ਜ਼ਿਮਨੀ ਚੋਣ 'ਚ ਗਵਾ ਦਿੱਤਾ। ਭਾਜਪਾ ਅੰਦਰ ਇਹ ਚਰਚਾ ਚੱਲ ਪਈ ਹੈ, 4-5 ਮਹੀਨੇ ਪਹਿਲਾਂ ਪਾਰਟੀ ਦੇ ਹੱਕ 'ਚ ਸ਼ਹਿਰੀ ਵੋਟਰਾਂ ਨੇ ਜਿਹੜਾ ਫਤਵਾ ਦਿੱਤਾ ਸੀ, ਹੁਣ ਉਸ ਦਾ ਅਸਰ ਖਤਮ ਹੋਇਆ ਦਿਖਾਈ ਦੇ ਰਿਹਾ ਹੈ। ਮੁਕੇਰੀਆਂ ਅਤੇ ਫਗਵਾੜਾ ਵਿਧਾਨ ਸਭਾ ਸੀਟਾਂ 'ਤੇ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਜ਼ਬਰਦਸਤ ਲੀਡ ਮਿਲੀ ਸੀ, ਜਿਹੜੀ ਇਸ ਵਾਰ ਭਾਜਪਾ ਨੇ ਗਵਾ ਦਿੱਤੀ ਅਤੇ ਕਾਂਗਰਸ ਨੇ ਇਹ ਦੋਵੇਂ ਸੀਟਾਂ ਭਾਜਪਾ ਤੋਂ ਖੋਹ ਕੇ ਸ਼ਹਿਰੀ ਵੋਟਰਾਂ ਦਾ ਭਰੋਸਾ ਦੁਬਾਰਾ ਜਿੱਤ ਲਿਆ। ਮੁਕੇਰੀਆਂ 'ਚ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ 38000 ਵੋਟਾਂ ਦੀ ਲੀਡ ਹਾਸਲ ਹੋਈ ਸੀ, ਜਦਕਿ ਫਗਵਾੜਾ 'ਚ ਭਾਜਪਾ 5120 ਵੋਟਾਂ ਨਾਲ ਅੱਗੇ ਰਹੀ ਸੀ ਪਰ ਇਸ ਵਾਰ ਦੋਵੇਂ ਸੀਟਾਂ ਕਾਂਗਰਸ ਦੀ ਝੋਲੀ 'ਚ ਚਲੀਆਂ ਗਈਆਂ ਹਨ।
ਭਾਜਪਾ ਆਗੂ ਵੀ ਇਸ ਗੱਲ ਨੂੰ ਮੰਨ ਕੇ ਚੱਲ ਰਹੇ ਹਨ ਕਿ ਲੋਕ ਸਭਾ ਚੋਣਾਂ 'ਚ ਪੰਜਾਬ 'ਚ 3 ਸੀਟਾਂ 'ਤੇ ਚੋਣ ਲੜਨ ਅਤੇ ਉਨ੍ਹਾਂ 'ਚੋਂ 2 'ਤੇ ਜਿੱਤ ਹਾਸਲ ਕਰਨ ਤੋਂ ਬਾਅਦ ਉਸ ਨੇ ਆਪਣੀਆਂ ਜਨਤਕ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ ਕੁਝ ਨਹੀਂ ਕੀਤਾ। ਉਸ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਗੈਰ-ਸਰਗਰਮ ਹਨ। ਭਾਜਪਾ ਆਗੂ ਕਹਿ ਰਹੇ ਹਨ ਕਿ ਪਾਰਟੀ ਇਹ ਸੁਪਨੇ ਲੈ ਰਹੀ ਹੈ ਕਿ 2022 'ਚ ਉਹ ਆਪਣੇ ਬਲਬੂਤੇ 'ਤੇ ਚੋਣਾਂ ਲੜ ਕੇ ਅੱਗੇ ਆ ਜਾਵੇਗੀ ਪਰ ਲੋਕਾਂ ਨੇ ਉਸ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਹੈ।
ਜ਼ਿਮਨੀ ਚੋਣਾਂ ਦੇ ਨਤੀਜਿਆਂ ਮਗਰੋਂ ਭਾਜਪਾ ਅੰਦਰ ਨਿਰਾਸ਼ਾ ਦੀ ਸਥਿਤੀ ਪਾਈ ਜਾ ਰਹੀ ਹੈ, ਜਦਕਿ ਦੂਜੇ ਪਾਸੇ ਕਾਂਗਰਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਮਨੀ ਚੋਣਾਂ 'ਚ 3 ਸੀਟਾਂ ਜਿੱਤ ਕੇ ਪਾਰਟੀ 'ਤੇ ਆਪਣੀ ਪਕੜ ਨੂੰ ਬਰਕਰਾਰ ਰੱਖਿਆ ਹੈ। ਭਾਜਪਾ ਦੇ ਆਗੂ ਕਬੂਲ ਕਰ ਰਹੇ ਹਨ ਕਿ ਜ਼ਿਮਨੀ ਚੋਣਾਂ 'ਚ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਨਹੀਂ ਮਿਲਿਆ। ਦੂਜੇ ਪਾਸੇ ਅਕਾਲੀ ਦਲ ਵਲੋਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਉਸ ਨੂੰ ਪੂਰਾ ਸਹਿਯੋਗ ਨਹੀਂ ਦਿੱਤਾ। ਕੁਲ ਮਿਲਾ ਕੇ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ-ਭਾਜਪਾ ਗੱਠਜੋੜ 'ਚ ਘਮਾਸਾਨ ਸ਼ੁਰੂ ਹੋ ਸਕਦਾ ਹੈ।
ਇਮਰਾਨ ਖਾਨ ਸੰਗਤ ਤੋਂ ਪੈਸੇ ਨਾ ਲੈਣ, ਸਾਨੂੰ ਦੱਸਣ ਲਾਂਘੇ 'ਤੇ ਕਿੰਨਾ ਪੈਸਾ ਖਰਚ ਹੋਇਆ : RP ਸਿੰਘ
NEXT STORY