ਜਲੰਧਰ, (ਧਵਨ) — ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ 'ਆਮ ਆਦਮੀ ਪਾਰਟੀ' ਵਲੋਂ ਕਿਸਾਨੀ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ 'ਆਪ' ਸਿਰਫ ਚਰਚਾ ਵਿਚ ਬਣੇ ਰਹਿਣ ਲਈ ਤੜਫ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਲੋਂ ਜੂਨ ਮਹੀਨੇ ਵਿਚ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਦੀ ਇਕ ਕਮੇਟੀ ਦਾ ਗਠਨ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਕਾਰਨਾਂ ਨੂੰ ਜਾਣਨ ਅਤੇ ਇਨ੍ਹਾਂ ਦੇ ਹੱਲ ਲਈ ਸੁਝਾਅ ਦੇਣ ਹਿੱਤ ਕੀਤਾ ਸੀ। ਇਸ ਕਮੇਟੀ ਨੇ 'ਆਮ ਆਦਮੀ ਪਾਰਟੀ' ਸਮੇਤ ਸਾਰੀਆਂ ਪਾਰਟੀਆਂ ਦੇ ਵਿਧਾਇਕ ਮੈਂਬਰਾਂ ਦੇ ਤੌਰ 'ਤੇ ਸ਼ਾਮਿਲ ਕੀਤੇ ਗਏ ਸਨ।
ਇਸ ਕਮੇਟੀ ਨੂੰ ਕਿਸਾਨੀ ਮੁੱਦਿਆਂ, ਖਾਸ ਤੌਰ 'ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਅਧਿਐਨ ਕਰਨ ਲਈ ਗਠਿਤ ਕੀਤਾ ਗਿਆ ਹੈ ਤਾਂ ਕਿ ਕਮੇਟੀ ਦੀ ਅਧਿਐਨ ਰਿਪੋਰਟ ਅਤੇ ਸੁਝਾਵਾਂ ਅਨੁਸਾਰ ਕਿਸੇ ਖੇਤਰ ਦੀ ਭਲਾਈ ਅਤੇ ਖ਼ੁਦਕੁਸ਼ੀਆਂ ਰੋਕਣ ਲਈ ਕੋਈ ਠੋਸ ਨੀਤੀ ਬਣਾ ਕੇ ਸਰਕਾਰ ਉਸ ਨੂੰ ਲਾਗੂ ਕਰ ਸਕੇ। ਇਸ ਕਮੇਟੀ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਹ ਕਮੇਟੀ ਕਈ ਜ਼ਿਲਿਆਂ ਦਾ ਦੌਰਾ ਕਰ ਚੁੱਕੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਦੇ ਵਿਚਾਰ ਵੀ ਦੇ ਚੁੱਕੀ ਹੈ, ਇਸ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਕੋਈ ਮਤਲਬ ਨਹੀਂ।
ਜਾਖੜ ਨੇ ਕਿਹਾ ਕਿ 'ਆਪ' ਨੇਤਾਵਾਂ ਕੋਲ ਇਸ ਸਮੇਂ ਕੋਈ ਮੁੱਦਾ ਨਹੀਂ, ਇਸ ਲਈ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਰਾਗ ਅਲਾਪ ਰਹੇ ਹਨ, ਜਦਕਿ ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਗਜ਼ੀ ਗੱਲਾਂ ਕਰਨ ਨਾਲ ਕੋਈ ਲਾਭ ਨਹੀਂ ਹੋਵੇਗਾ। ਇਸ ਸਮੱਸਿਆ ਦਾ ਵਿਸਤ੍ਰਿਤ ਅਤੇ ਅਮਲੀ ਹੱਲ ਲੱਭਣ ਦੀ ਲੋੜ ਹੈ। ਕਿਸਾਨੀ ਦੀਆਂ ਮੁਸ਼ਕਿਲਾਂ ਸੰਬੰਧੀ ਜ਼ਮੀਨੀ ਪੱਧਰ 'ਤੇ ਅਧਿਐਨ ਲਈ ਹੀ ਉਕਤ ਕਮੇਟੀ ਬਣਾਈ ਗਈ ਹੈ ਤਾਂ ਕਿ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿਚ ਚਰਚਾ ਕਰਕੇ ਇਸ ਸਮੱਸਿਆ ਦੇ ਸਥਾਈ ਹੱਲ ਦੀ ਯੋਜਨਾ ਬਣਾਈ ਜਾ ਸਕੇ।
ਜਾਖੜ ਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦਕੁਸ਼ੀਆਂ ਨਾ ਕਰਨ। ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਕਾਂਗਰਸ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਲੈ ਚੁੱਕੀ ਹੈ। ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਵੇਗੀ। ਕਿਸਾਨੀ ਖੇਤਰਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਹਰੇਕ ਮੁਸ਼ਕਿਲ ਦਾ ਹੱਲ ਕਰੇਗੀ। ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਕਰਜ਼ਾ ਤਾਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਮੁਆਫ ਕਰ ਚੁੱਕੇ ਹਨ।
ਕਾਲਜ 'ਚ ਸੈਲਫੀ ਲੈ ਰਹੀ ਕੁੜੀ ਬੇਹੋਸ਼ ਹੋ ਕੇ ਡਿਗੀ, ਸਹੇਲੀਆਂ ਦੇ ਉੱਡੇ ਹੋਸ਼ ਜਦੋਂ...
NEXT STORY