ਬਠਿੰਡਾ : ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸਵ. ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦ ਪੁੱਤਰ ਦਵਿੰਦਰ ਨੱਤ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਡਵੋਕੇਟ ਦਵਿੰਦਰ ਨੱਤ ਵਲੋਂ ਚੰਡੀਗੜ੍ਹ ਰਹਿੰਦੇ ਬਿਲਡਰ 'ਤੇ 4 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇਕ ਵੀਡੀਓ ਬਣਾ ਕੇ ਇਸ 'ਚ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਵੀਡੀਓ 'ਚ ਕਿਹਾ ਕਿ ਸੀਨੀਅਰ ਲੀਡਰਸ਼ਿਪ ਵਲੋਂ ਦਬਾਅ ਪਾਉਣ ਦੇ ਬਾਵਜੂਦ ਵੀ ਬਿਲਡਰ ਵਲੋਂ ਉਨ੍ਹਾਂ ਨੂੰ ਚਾਰ ਕਰੋੜ ਰੁਪਏ ਵਾਪਸ ਨਹੀਂ ਕੀਤੇ ਗਏ। ਦੱਸਣਯੋਗ ਹੈ ਸਵ. ਸੁਖਰਾਜ ਸਿੰਘ ਨੱਤ ਵਲੋਂ ਚਾਰ ਵਾਰ ਵਿਧਾਇਕ ਦੀ ਚੋਣ ਲੜੀ ਜਾ ਚੁੱਕੀ ਹੈ। ਦਵਿੰਦਰ ਨੱਤ ਨੇ ਬਿਲਡਰ ਅਤੇ ਉਸ ਦੇ 2 ਪੁੱਤਰਾਂ 'ਤੇ ਠੱਗੀ ਦੇ ਵੱਡੇ ਇਲਜ਼ਾਮ ਲਾਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਖ਼ੁਦਕੁਸ਼ੀ ਨੋਟ 'ਚ ਦਵਿੰਦਰ ਨੱਤ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਮੋਹਾਲੀ-ਜ਼ੀਰਕਪੁਰ ਦੇ ਬਿਲਡਰ ਬਿੰਦਰਪਾਲ ਮਿੱਤਲ, ਪ੍ਰਤੀਕ ਮਿੱਤਲ ਅਤੇ ਭਰਤ ਮਿੱਤਲ ਨੂੰ ਭਾਰੀ ਰਕਮ ਦਿੱਤੀ ਸੀ, ਜੋ ਵਾਪਸ ਨਹੀਂ ਮਿਲ ਰਹੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਆਪਣੇ ਲਗਭਗ 5.5 ਕਰੋੜ ਰੁਪਏ ਫਸੇ ਹੋਏ ਸਨ, ਜਦੋਂ ਕਿ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਦੇ ਵੀ 6-7 ਕਰੋੜ ਰੁਪਏ ਉਨ੍ਹਾਂ ਨੇ ਨਿਵੇਸ਼ ਕਰਵਾਏ ਸਨ। ਉਨ੍ਹਾਂ ਨੇ ਕਿਹਾ ਕਿ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ, ਪਿਤਾ ਦੀ ਜ਼ਮੀਨ ਵੇਚ ਕੇ ਮਿਲੇ ਪੈਸੇ, ਬੀਮਾ ਰਕਮ ਅਤੇ ਘਰ ਦੀ ਬੱਚਤ ਤੱਕ ਲਗਾ ਦਿੱਤੀ, ਪਰ ਹੁਣ ਪੈਸੇ ਵਾਪਸ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਸੀ। ਆਰਥਿਕ ਦਬਾਅ ਨਾਲ ਨਾਲ ਉਨ੍ਹਾਂ ’ਤੇ ਐੱਸ. ਬੀ. ਆਈ. ਦਾ ਕਰੀਬ 80 ਲੱਖ ਰੁਪਏ ਦਾ ਕਰਜ਼ ਵੀ ਸੀ, ਜਿਸ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿੱਚ ਸਨ।
ਇਹ ਵੀ ਪੜ੍ਹੋ : LPG ਗੈਸ ਖ਼ਪਤਕਾਰਾਂ ਲਈ ਲਾਜ਼ਮੀ ਹੋਇਆ ਆਹ ਕੰਮ, DC ਨੇ ਜਾਰੀ ਕੀਤੇ ਸਖ਼ਤ ਹੁਕਮ, ਨਾ ਮੰਨੇ ਤਾਂ...
ਨੇਤਾਵਾਂ ਦੇ ਦਰਵਾਜ਼ੇ ਖੜਕਾਏ, ਨਹੀਂ ਮਿਲਿਆ ਇਨਸਾਫ਼
ਵੀਡੀਓ 'ਚ ਉਨ੍ਹਾਂ ਨੇ ਦੱਸਿਆ ਕਿ ਇਨਸਾਫ਼ ਲਈ ਕਈ ਨੇਤਾਵਾਂ ਅਤੇ ਮੰਤਰੀਆਂ ਕੋਲ ਗੁਹਾਰ ਲਗਾਈ ਪਰ ਕਿਤੇ ਤੋਂ ਵੀ ਰਾਹਤ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਅਖ਼ੀਰਕਾਰ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਪਰਿਵਾਰ ਦੇ ਨਾਮ ਭਾਵੁਕ ਸੁਨੇਹਾ
ਆਪਣੇ ਆਖ਼ਰੀ ਵੀਡੀਓ ਵਿੱਚ ਦਵਿੰਦਰ ਨੱਤ ਬਹੁਤ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਆਪਣੇ ਦਿਵੰਗਤ ਪਿਤਾ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਉਨ੍ਹਾਂ ਦਾ ਸੁਫ਼ਨਾ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ ਆਪਣੀ ਬੁਜ਼ੁਰਗ ਮਾਂ, ਬੀਮਾਰ ਪਤਨੀ ਅਤੇ ਭੈਣਾਂ ਦਾ ਜ਼ਿਕਰ ਕਰਦੇ ਹੋਏ ਸਮਾਜ ਅਤੇ ਵਕੀਲ ਭਾਈਚਾਰੇ ਨੂੰ ਪਰਿਵਾਰ ਦਾ ਖਿਆਲ ਰੱਖਣ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ।
ਪੋਸਟਮਾਰਟਮ ਨਾ ਕਰਨ ਦੀ ਇੱਛਾ, ਪੁਲਸ ਨੇ ਕੀਤੀ ਕਾਰਵਾਈ
ਵੀਡੀਓ 'ਚ ਉਨ੍ਹਾਂ ਨੇ ਪੋਸਟਮਾਰਟਮ ਨਾ ਕਰਨ ਦੀ ਅਪੀਲ ਕੀਤੀ ਸੀ ਪਰ ਪੁਲਸ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਲਾਕੇ 'ਚ ਸੋਗ, ਲੋਕਾਂ 'ਚ ਰੋਸ
ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। ਸਥਾਨਕ ਲੋਕਾਂ ਅਤੇ ਵਕੀਲ ਭਾਈਚਾਰੇ 'ਚ ਭਾਰੀ ਰੋਸ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦਵਿੰਦਰ ਨੱਤ ਆਪਣੇ ਪਰਿਵਾਰ ਦੇ ਇਕੱਲੇ ਪੁੱਤ ਸਨ। ਉਨ੍ਹਾਂ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਪਿੱਛੇ ਬੁਜ਼ੁਰਗ ਮਾਂ, ਬੀਮਾਰ ਪਤਨੀ ਅਤੇ ਭੈਣਾਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਠਿੰਡਾ ’ਚ ਸੜਕ ਹਾਦਸਿਆਂ ’ਚ 6 ਲੋਕਾਂ ਦੀ ਮੌਤ
NEXT STORY