ਜਲੰਧਰ (ਵੈੱਬ ਡੈਸਕ) : ਪੰਜਾਬ 'ਚ 117 ਵਿਧਾਨ ਸਭਾ ਹਲਕਿਆਂ 'ਚ ਵਿਧਾਇਕਾਂ ਦੀ ਚੋਣ ਲਈ ਇਕ ਪੜਾਅ 'ਚ ਵੋਟਾਂ ਪਈਆਂ ਅਤੇ 70.20 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸਵੇਰ ਤੋਂ ਹੀ ਲੋਕ ਵੋਟ ਪਾਉਣ ਲਈ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ। ਚੋਣ ਕਮਿਸ਼ਨ ਵਲੋਂ ਵੋਟਾਂ ਦੇ ਕੰਮ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਬੇ 'ਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ’ਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ’ਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ ਕੁੱਲ 1304 ਉਮੀਦਵਾਰਾਂ ’ਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ, ਜਦਕਿ 461 ਆਜ਼ਾਦ ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿਚ ਹਨ। ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਚੋਣ ਅਧਿਕਾਰੀ ਡਾ. ਰਾਜੂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਵਾਲੀਆਂ 14,684 ਥਾਵਾਂ 'ਤੇ 24,689 ਪੋਲਿੰਗ ਸਟੇਸ਼ਨ ਅਤੇ 51 ਆਗਜ਼ਿਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ’ਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਜੋਂ ਕੀਤੀ ਗਈ ਹੈ। 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਹੋਣਗੇ। ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈੱਬਕਾਸਟਿੰਗ ਕੀਤੀ ਜਾ ਰਹੀ ਹੈ। ਤੁਸੀਂ ਵੀ ਪੜ੍ਹੋ ਕਿਸ ਹਲਕੇ ’ਚ ਕਿੰਨੇ ਫ਼ੀਸਦੀ ਵੋਟਿੰਗ ਹੋਈ-
LIVE UPDATE
ਪੰਜਾਬ 'ਚ 70.20 ਫੀਸਦੀ ਹੋਈ ਵੋਟਿੰਗ
► ਪੰਜਾਬ ਵਿਧਾਨ ਸਭਾ ਚੋਣਾਂ ਜਾਰੀ, 5 ਵਜੇ ਤੱਕ ਤਕਰੀਬਨ 63 ਫ਼ੀਸਦੀ ਹੋਈ ਵੋਟਿੰਗ
► ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
► ਵਿਧਾਨ ਸਭਾ ਚੋਣਾਂ ਦੌਰਾਨ ਨਰੂਆਣਾ ਰੋਡ ’ਤੇ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਹੋ ਗਈ । ਅਕਾਲੀ ਦਲ ਦੇ ਸਾਬਕਾ ਕੌਂਸਲਰ ਹਰਜਿੰਦਰ ਟੋਨੀ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰ ਬਾਹਰਲੇ ਵਿਅਕਤੀਆਂ ਨਾਲ ਮਿਲ ਕੇ ਵੋਟਰਾਂ ਨੂੰ ਪੈਸੇ ਵੰਡ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹਵਾ ਵਿਚ ਗੋਲ਼ੀਆਂ ਚਲਾ ਦਿੱਤੀਆਂ ਅਤੇ ਉਨ੍ਹਾਂ ਦੀ ਇੱਕ ਗੱਡੀ ਦੀ ਭੰਨਤੋੜ ਕੀਤੀ। ਮੌਕੇ ’ਤੇ ਪੁੱਜੇ ਡੀ.ਐੱਸ.ਪੀ. ਸਿਟੀ ਚਰਨਜੀਤ ਸਿੰਘ ਨੇ ਅਕਾਲੀ ਵਰਕਰਾਂ ਨਾਲ ਗੱਲਬਾਤ ਕੀਤੀ। ਘਟਨਾ ਤੋਂ ਬਾਅਦ ਕਾਂਗਰਸੀ ਮੌਕੇ ਤੋਂ ਫਰਾਰ ਹੋ ਗਏ।
► ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਿੰਗ ਅਜੇ ਵੀ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਬਿਕਰਮ ਮਜੀਠੀਆ ਵੋਟ ਪਾਉਣ ਤੋਂ ਬਾਅਦ ਅੰਮ੍ਰਿਤਸਰ ਦੇ ਪੂਰਬੀ ਹਲਕੇ ਦੇ ਪੋਲਿੰਗ ਸਟੇਸ਼ਨ 'ਤੇ ਗਏ। ਇਸ ਦੌਰਾਨ ਮਜੀਠੀਆ ਦਾ ਸਾਹਮਣਾ ਨਵਜੋਤ ਸਿੰਘ ਸਿੱਧੂ ਨਾਲ ਹੋਇਆ, ਜੋ ਉਸ ਸਮੇਂ ਪੋਲਿੰਗ ਬੂਥ ਤੋਂ ਵੋਟ ਪਾ ਕੇ ਵਾਪਸ ਆ ਰਹੇ ਸਨ। ਵੋਟਿੰਗ ਵਾਲੇ ਥਾਂ ’ਤੇ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਪਰ ਦਿਲ ਮਿਲਦੇ ਹੋਏ ਨਜ਼ਰ ਨਹੀਂ ਆਏ। ਇਸ ਦੌਰਾਨ ਦੋਵਾਂ ਨੇ ਇਕ ਦੂਜੇ ਨੂੰ ਸਤਿ ਸ੍ਰੀ ਅਕਾਲੀ ਬੁਲਾਈ ਅਤੇ ਫਿਰ ਅੱਗੇ ਲੰਘ ਗਏ।
► ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਬੂਥ ਨੰਬਰ-62 ਅਤੇ 63 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਦੋ ਧਿਰਾਂ ਆਪਸ 'ਚ ਭਿੜ ਗਈਆਂ। ਪਹਿਲਾਂ ਇਹ ਸਾਰੀ ਘਟਨਾ ਪੁਲਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ, ਫਿਰ ਕੁੱਝ ਮਿੰਟਾਂ ਵਿੱਚ ਹੀ ਪੋਲਿੰਗ ਬੂਥ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗੁਰਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਭਾਜਪਾ ਅਤੇ ਆਪ ਆਗੂਆਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਦੋਂ ਕਿ ਉਹ ਸ਼ਾਂਤਮਈ ਢੰਗ ਨਾਲ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਉਕਤ ਪਾਰਟੀਆਂ ਦੇ ਲੋਕ ਅਚਾਨਕ ਆ ਕੇ ਉਨ੍ਹਾਂ ਨਾਲ ਹੱਥੋਪਾਈ ਕਰਨ ਲੱਗ ਪਏ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਧੱਕੇਸ਼ਾਹੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
► ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਰੜ ਦੇ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਇਥੇ ਦੱਸਣਯੋਗ ਹੈ ਕਿ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਹਲਕਿਆਂ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਚੋਣਾਵੀ ਹਾਰ-ਜਿੱਤ ਵਿਚਾਲੇ ਜਿੱਥੇ ਇਕ-ਇਕ ਵੋਟ ਜ਼ਰੂਰੀ ਹੁੰਦਾ ਹੈ, ਉਥੇ ਪੰਜਾਬ ’ਚ ਪਾਰਟੀਆਂ ਦੇ ਮੁੱਖ ਮੰਤਰੀ ਚਿਹਰੇ ਆਪਣੇ ਲਈ ਵੋਟ ਨਹੀਂ ਪਾ ਸਕੇ। ਅਸਲ ਇਹ ਆਗੂ ਜਿਸ ਸੀਟ ਤੋਂ ਚੋਣਾਂ ਲੜ ਰਹੇ ਹਨ, ਉਨ੍ਹਾਂ ਦੀ ਉਥੇ ਵੋਟ ਨਹੀਂ ਹੈ।
► ਖੰਨਾ ਵਿਚ ਅੱਜ 80 ਸਾਲਾ ਬਜ਼ੁਰਗ ਦੀ ਬੂਥ ’ਤੇ ਦਿਲ ਦਾ ਦੌਰਾਨ ਪੈਣ ਕਾਰਣ ਮੌਤ ਹੋ ਗਈ। ਖੰਨਾ ਦੇ ਬੂਥ ਨੰਬਰ 121 ਵਿਚ ਸਥਾਨਕ ਏ. ਐੱਸ. ਹਾਈ. ਸਕੂਲ ਦਾ ਰਿਟਾਇਰਡ ਮਾਸਟਰ ਦਿਵਾਨ ਚੰਦ ਜਿਵੇਂ ਹੀ ਵੋਟ ਪਾਉਣ ਲਈ ਸੈਂਟਰ ਵਿਚ ਦਾਖਲ ਹੋਏ ਤਾਂ ਉਹ ਅਚਾਨਕ ਜ਼ਮੀਨ ’ਤੇ ਡਿੱਗ ਗਏ। ਉਕਤ ਨੂੰ ਤੁਰੰਤ ਬੂਥ ਦੇ ਸਾਹਮਣੇ ਹੀ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ 80 ਸਾਲ ਦੇ ਉਮਰ ਦੇ ਬਜ਼ੁਰਗਾਂ ਨੂੰ ਘਰ ਘਰ ਜਾ ਕੇ ਬੈਲਟ ਪੇਪਰ ਰਾਹੀਂ ਵੋਟ ਪਵਾਉਣੀ ਸੀ ਪਰ ਪ੍ਰਸ਼ਾਸਨ ਨੇ ਉਕਤ ਤੋਂ ਵੋਟ ਨਹੀਂ ਪੁਆਈ।
► ਵਿਧਾਨ ਸਭਾ ਚੋਣਾਂ ਦੌਰਾਨ ਭੋਗਪੁਰ ਦੇ ਪਿੰਡ ਢੱਡਾ-ਸਨੌਰਾ ਵਿਖੇ ਝੜਪ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਕਾਂਗਰਸ ਆਗੂ ਨੰਬਰਦਾਰ ਬਲਜੀਤ ਸਿੰਘ ਬਿੱਲਾ ਨੇ ਦੱਸਿਆ ਕਿ ਕੁੱਝ ਅਕਾਲੀ ਸਮਰਥਕਾਂ ਵੱਲੋਂ ਕਾਂਗਰਸ ਪਾਰਟੀ ਦੇ ਬੂਥ 'ਤੇ ਆ ਕੇ ਹਮਲਾ ਕੀਤਾ ਗਿਆ ਹੈ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਹੈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
► ਵਿਧਾਨ ਸਭਾ ਚੋਣਾਂ 'ਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ਜ਼ਿਲੇ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਔਰਤਾਂ ਨੂੰ ਸਮਰਪਿਤ 7 ‘ਪਿੰਕ ਪੋਲਿੰਗ ਬੂਥ’ ਬਣਾਏ ਗਏ, ਜੋ ਖਿੱਚ ਦਾ ਕੇਂਦਰ ਬਣ ਰਹੇ। ਜ਼ਿਲਾ ਚੋਣ ਅਫ਼ਸਰ ਰਾਮਵੀਰ ਨੇ ਦੱਸਿਆ ਕਿ ਅਜਿਹੇ ਪੋਲਿੰਗ ਬੂਥਾਂ 'ਚ ਪੋਲਿੰਗ ਸਟਾਫ਼, ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਸਮੁੱਚਾ ਸਟਾਫ਼ ਔਰਤਾਂ ਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਲਿੰਗ ਬੂਥਾਂ ਨੂੰ ਵੱਖਰੇ ਤੌਰ 'ਤੇ ਗੁਲਾਬੀ ਰੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਗੁਲਾਬੀ ਪਰਦੇ, ਗੁਲਾਬੀ ਟੈਂਟ, ਗੁਲਾਬੀ ਗੁਬਾਰੇ ਤੇ ਟੇਬਲ ਕਵਰ ਸ਼ਾਮਲ ਹਨ।
► ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਅੱਜ ਆਪਣੇ ਜੱਦੀ ਪਿੰਡ ਪੰਜਕੋਸੀ ਵਿਖੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਲੋਕਤੰਤਰ ਦੇ ਤਿਉਹਾਰ ਦਾ ਦਿਨ ਹੈ ਅਤੇ ਲੋਕਾਂ ’ਚ ਨਵੀਂ ਸਰਕਾਰ ਚੁਣਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਮਜਬੂਤ ਸਰਕਾਰ ਚੁਣਨਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਜਾਂ ਦੇਸ਼ ਨੂੰ ਟੁਕੜੇ ਟੁਕੜੇ ਕਰਕੇ ਸੱਤਾ ਹਾਸਲ ਕਰਨ ਦੀ ਲਾਲਸਾ ਰੱਖ ਰਹੇ ਹਨ। ਉਨ੍ਹਾਂ ਲੋਕਾਂ ਨੂੰ ਪੰਜਾਬੀ ਮੂੰਹ ਤੋੜ ਜਵਾਬ ਦੇਣਗੇ। ਜਾਖੜ ਨੇ ਕਿਹਾ ਕਿ ਨੌਜਵਾਨ ਵਰਗ ਆਪਣੇ ਸੁਨਹਿਰੇ ਭਵਿੱਖ ਲਈ ਅੱਜ ਵੋਟ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਭਲੀਭਾਂਤ ਪਤਾ ਹੈ ਕਿ ਅੱਜ ਅਸੀਂ ਪੰਜਾਬ ਦੀ ਬਿਹਤਰੀ ਲਈ ਵੋਟ ਪਾਉਣ ਜਾਣਾ ਹੈ।
► ਬੰਪਰ ਵੋਟਿੰਗ ਵੱਲ ਵੱਧ ਰਿਹੈ ਪੰਜਾਬ, 3 ਵਜੇ ਤੱਕ 49 ਫੀਸਦੀ ਹੋਈ ਵੋਟਿੰਗ
► ਮੋਗਾ ਤੋਂ ਕਾਂਗਰਸ ਦੇ ਉਮੀਦਵਾਰ ਮਾਲਵਿਕਾ ਸੂਦ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਲਵਿਕਾ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਖ਼ੁਦ ਨੂੰ ਵੀ ਵੋਟ ਪਾਉਣੀ ਪਵੇਗੀ।
► ਵਿਧਾਨ ਸਭਾ ਹਲਕਾ ਲਹਿਰਾ 99 ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵਾਰਡ ਨੰਬਰ 1 ਦੇ ਪੋਲਿੰਗ ਬੂਥ ਨੰਬਰ 27 (ਮਾਰਕੀਟ ਕਮੇਟੀ) ਵਿਖੇ ਆਪਣੇ ਬੇਟੇ ਅਤੇ ਨੂੰਹ ਨਾਲ ਵੋਟ ਪਾਈ। ਵੋਟ ਪਾਉਣ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਬੰਪਰ ਜਿੱਤ ਪ੍ਰਾਪਤ ਕਰ ਰਹੀ ਹੈ । ਬੀਬੀ ਭੱਠਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀਆਂ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਹਨ ਤੇ ਕਾਂਗਰਸ ਦੇ ਹੱਕ ਵਿੱਚ ਬੰਪਰ ਪੋਲਿੰਗ ਕਰ ਰਹੇ ਹਨ।
1 ਵਜੇ ਤੱਕ ਤਕਰੀਬਨ 34 ਫੀਸਦੀ ਹੋਈ ਵੋਟਿੰਗ
11 ਵਜੇ ਤੱਕ ਤਕਰੀਬਨ ਇੰਨੇ ਫ਼ੀਸਦੀ ਹੋਈ ਪੋਲਿੰਗ
► ਅੰਮ੍ਰਿਤਸਰ 5.48 ਫ਼ੀਸਦੀ
► ਬਰਨਾਲਾ 20.15 ਫ਼ੀਸਦੀ
► ਬਠਿੰਡਾ 21.08 ਫ਼ੀਸਦੀ
► ਫਰੀਦਕੋਟ 18.79 ਫ਼ੀਸਦੀ
► ਫਤਿਹਗੜ ਸਾਹਿਬ 20.12 ਫ਼ੀਸਦੀ
► ਫਾਜ਼ਿਲਕਾ 22.55 ਫ਼ੀਸਦੀ
► ਫਿਰੋਜ਼ਪੁਰ 19.29 ਫ਼ੀਸਦੀ
► ਗੁਰਦਾਸਪੁਰ 18.74 ਫ਼ੀਸਦੀ
► ਹੁਸ਼ਿਆਰਪੁਰ 18.88 ਫ਼ੀਸਦੀ
► ਜਲੰਧਰ 14.30 ਫ਼ੀਸਦੀ
► ਕਪੂਰਥਲਾ 16.3 ਫ਼ੀਸਦੀ
► ਲੁਧਿਆਣਾ 15.58 ਫ਼ੀਸਦੀ
► ਮਾਨਸਾ 19.73 ਫ਼ੀਸਦੀ
► ਮੋਗਾ 16.29 ਫ਼ੀਸਦੀ
► ਮਲੇਰਕੋਟਲਾ 22.07 ਫ਼ੀਸਦੀ
► ਪਠਾਨਕੋਟ 12.44 ਫ਼ੀਸਦੀ
► ਪਟਿਆਲਾ 20.34 ਫ਼ੀਸਦੀ
► ਰੂਪਨਗਰ 19.44 ਫ਼ੀਸਦੀ
► ਸਾਹਿਬਜ਼ਾਦਾ ਅਜੀਤ ਸਿੰਘ ਨਗਰ 13.15 ਫ਼ੀਸਦੀ
► ਸੰਗਰੂਰ 19.88 ਫ਼ੀਸਦੀ
► ਸਾਹਿਬਜ਼ਾਦਾ ਭਗਤ ਸਿੰਘ ਨਗਰ 16.65 ਫ਼ੀਸਦੀ
► ਸ੍ਰੀ ਮੁਕਤਸਰ ਸਾਹਿਬ 23.34 ਫ਼ੀਸਦੀ
► ਤਰਨਤਾਰਨ 15.79 ਫ਼ੀਸਦੀ
► ਧੂਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਗੋਲਡੀ ਨੇ ਪਰਿਵਾਰ ਸਮੇਤ ਪਾਈ ਵੋਟ
► MP ਚੌਧਰੀ ਸੰਤੋਖ ਸਿੰਘ ਤੇ ਕਾਂਗਰਸ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
► ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪਾਈ ਵੋਟ
► ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਮਾਲਵਿਕਾ ਸੂਦ ਦੇ ਭਰਾ ਸੋਨੂੰ ਸੂਦ ਜਦੋਂ ਪੋਲਿੰਗ ਬੂਥਾਂ ਦੇ ਬਾਹਰ ਕਾਂਗਰਸੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਵਾਰਡ ਨੰਬਰ-1 ਅਤੇ 2 ਦੇ ਪੋਲਿੰਗ ਬੂਥ 'ਤੇ ਪਹੁੰਚੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦੀਦਾਰ ਸਿੰਘ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਦਾਕਾਰ ਸੋਨੂੰ ਸੂਦ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਤੋਂ ਤੁਰੰਤ ਮਗਰੋਂ ਥਾਣਾ ਸਿਟੀ-1 ਦੇ ਮੁਖੀ ਪੁਲਸ ਪਾਰਟੀ ਸਮੇਤ ਪੁੱਜੇ। ਉਨ੍ਹਾਂ ਸੋਨੂੰ ਸੂਦ ਦੀ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਮਗਰੋਂ ਅਦਾਕਾਰ ਸੋਨੂੰ ਸੂਦ ਕਿਸੇ ਹੋਰ ਗੱਡੀ 'ਚ ਬੈਠ ਕੇ ਵਾਪਸ ਆਪਣੇ ਘਰ ਚਲੇ ਗਏ।
► ਪਠਾਨਕੋਟ ਦੇ ਵਾਰਡ ਨੰਬਰ 16 ਦੇ ਬੂਥ ਨੰਬਰ-24, 25, 26 ’ਤੇ ਅੱਜ ਬੀਜੇਪੀ ਅਤੇ ਕਾਂਗਰਸੀ ਵਰਕਰਾਂ ’ਚ ਗਰਮਾ ਗਰਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਮਿਲਣ ’ਤੇ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਪਠਾਨਕੋਟ ਦੇ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਮੌਕੇ ’ਤੇ ਪਹੁੰਚ ਗਏ। ਅਸ਼ਵਨੀ ਸ਼ਰਮਾ ਦੇ ਪਹੁੰਚਣ ’ਤੇ ਵਾਰਡ ਨੰਬਰ-16 ਦੇ ਮੌਜੂਦਾ ਕੌਂਸਲਰ ਦੇ ਪਤੀ ਧਰਮਪਾਲ ਪੱਪੂ ਬਹਿਸ ਕਰਦੇ ਹੋਏ ਨਜ਼ਰ ਆਏ।
► ਪੰਜਾਬ ’ਚ ਜਿੱਥੇ ਅੱਜ 117 ਵਿਧਾਨ ਸਭਾ ਹਲਕਿਆਂ ’ਤੇ ਚੋਣਾਂ ਪੈ ਰਹੀਆਂ ਹਨ, ਉਥੇ ਹੀ ਕਈ ਥਾਵਾਂ ’ਤੇ ਝੜਪਾਂ ਵੀ ਹੋ ਰਹੀਆਂ ਹਨ। ਇਸੇ ਤਹਿਤ ਜਲੰਧਰ ਜ਼ਿਲ੍ਹੇ ਦੇ ਰੈਣਕ ਬਾਜ਼ਾਰ ’ਚ ਉਸ ਸਮੇਂ ਮਾਹੌਲ ਲੜਾਈ ਵਾਲਾ ਬਣ ਗਿਆ ਜਦੋਂ ਇਥੇ ਦੋ ਧਿਰਾਂ ਵਿਚਾਲੇ ਝੜਪ ਹੋ ਗਿਆ। ਵੋਟਾਂ ਦੌਰਾਨ ਇਥੇ ਅਕਾਲੀ ਅਤੇ ਕਾਂਗਰਸੀ ਆਪਸ ’ਚ ਭਿੜ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਸਥਿਤੀ ਜਾ ਜਾਇਜ਼ਾ ਲਿਆ ਗਿਆ।
► ਬਰਨਾਲਾ ਜ਼ਿਲ੍ਹੇ ਦੀ ਹਾਟ ਸੀਟ ਭਦੌੜ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਡੀ ’ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਗੱਡੀ ਦਾ ਸੈਂਟਰ ਲਾਕ ਟੁੱਟ ਗਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਨੇ ਦੱਸਿਆ ਕਿ ਉਹ ਭਦੌੜ ਹਲਕੇ ਵਿਚ ਪੋਲਿੰਗ ਬੂਥ ਦੀ ਚੈਕਿੰਗ ਕਰਕੇ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਹੀ ਕਾਂਗਰਸੀ ਆਗੂ ਦੇ ਪੁੱਤਰ ਅਤੇ ਉਸ ਦੇ ਦੋਸਤਾਂ ਨੇ ਉਸ ਦੀ ਗੱਡੀ ਨੂੰ ਘੇਰ ਲਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ। ‘ਆਪ’ ਉਮੀਦਵਾਰ ਨੇ ਦੱਸਿਆ ਕਿ ਇਸ ਦੌਰਾਨ ਉਹ ਕਿਸੇ ਤਰ੍ਹਾਂ ਉਥੋਂ ਆਪਣੀ ਜਾਨ ਬਚਾ ਕੇ ਭੱਜ ਨਿਕਲਿਆ।
► ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਵਿੱਚ ਹੁਣ ਤੱਕ ਇਕ ਵੀ ਵੋਟ ਨਹੀਂ ਪਈ ਹੈ। ਵੋਟਰਾਂ ਵੱਲੋਂ ਕੀਤੇ ਬਾਈਕਾਟ ਕਾਰਨ ਇਥੇ ਕਿਸੇ ਵੀ ਵਿਅਕਤੀ ਨੇ ਹੁਣ ਤੱਕ ਵੋਟ ਨਹੀਂ ਪਾਈ। ਇਥੇ ਦੱਸਣਯੋਗ ਹੈ ਕਿ ਵੋਟਰਾਂ ਵੱਲੋਂ ਇਹ ਬਾਈਕਾਟ ਪਿੰਡ ਦੇ ਇਕ ਰੇਲਵੇ ਫਾਟਕ ਦੇ ਪਿਛਲੇ ਤਿੰਨ ਸਾਲ ਤੋਂ ਬੰਦ ਦੇ ਵਿਰੋਧ ਵਿੱਚ ਕੀਤਾ ਗਿਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਗੜ੍ਹਸ਼ੰਕਰ ਵਿਚ ਕੁੱਲ 21.60 ਫ਼ੀਸਦੀ ਵੋਟਿੰਗ ਹੋਈ ਹੈ।
► ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਨੇ ਪਾਈ ਵੋਟ
ਨੋਟ - ਵਿਧਾਨ ਸਭਾ ਚੋਣਾਂ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਪੜ੍ਹਨ ਲਈ ‘ਜਗ ਬਾਣੀ’ ਦੀ ਐੱਪਲੀਕੇਸ਼ਨ ਡਾਊਨ ਲੋਡ ਕਰੋ।
https://play.google.com/store/apps/details?id=com.jagbani...
ਮਹਿਲਾਵਾਂ ਲਈ ਬਣਾਏ 7 ‘ਪਿੰਕ ਪੋਲਿੰਗ ਸਟੇਸ਼ਨ’ ਬਣ ਰਹੇ ਹਨ ਖਿੱਚ ਦਾ ਕੇਂਦਰ
NEXT STORY