ਜਲੰਧਰ (ਵੈਬ ਡੈਸਕ)- ਦਿੱਲੀ ਦੇ ਤੁਗਲੁਕਾਬਾਦ ਇਲਾਕੇ ਵਿਚ ਸ੍ਰੀ ਗੁਰੂ ਰਵਿਦਾਸ ਮਾਹਾਰਾਜ ਦਾ ਮੰਦਰ ਸੁਪਰਿਮ ਕੋਰਟ ਤੋੜੇ ਜਾਣ ਦੇ ਵਿਰੋਧ ਵਜੋਂ ਰਵਿਦਾਸ ਭਾਈਚਾਰੇ ਵਲੋਂ ਜਲੰਧਰ ਵਿਚ ਅੱਜ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਜਲੰਧਰ ਤੋਂ ਨਕੋਦਰ ਜਾਣ ਵਾਲੇ ਰਸਤੇ ਵਿਚ ਕਈ ਥਾਂ ਚੱਕਾ ਜਾਮ ਕੀਤਾ ਗਿਆ ਹੈ। ਇਸੇ ਦੌਰਾਨ ਹੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੋਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਵਲੋਂ ਜਲੰਧਰ ਵਿਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵਲੋਂ ਰਵਿਦਾਸ ਭਾਈਚਾਰੇ ਵਲੋਂ ਉਲੀਕੀ ਗਈ ਅਗਲੀ ਰਣਨੀਤੀ ਦਾ ਐਲਾਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ 13 ਅਗਸਤ ਨੂੰ ਪੰਜਾਬ ਭਰ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਿਸ ਦੌਰਾਨ ਪੰਜਾਬ ਭਰ ਵਿਚ ਧਰਨੇ-ਪ੍ਰਦਰਸ਼ਨ ਤੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਬੰਦ ਦੀ ਕਾਲ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਸਭ ਸੁਸਈਟੀਆਂ, ਡਾ. ਅੰਬੇਡਕਰ ਸਭਾਵਾਂ, ਭਗਵਾਨ ਵਾਲਮੀਕੀ ਸਭਾਵਾਂ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੁਸਾਈਟੀ ਅਤੇ ਹੋਰ ਦਲਿਤ ਜਥੇਬੰਦੀਆਂ ਵਲੋਂ ਦਿੱਤਾ ਗਿਆ ਹੈ।
ਉਨ੍ਹਾਂ ਨੇ ਇਸ ਮੌਕੇ ਅਪੀਲ ਕੀਤੀ ਕਿ ਧਰਨੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੀ ਸੰਗਤ ਸ਼ਾਂਤਮਈ ਢੰਗ ਨਾਲ ਇਕਤਰਤ ਹੋ ਕੇ ਸੜਕਾਂ ਉਤੇ ਪ੍ਰਦਰਸ਼ਨ ਕਰੇ। ਕੋਈ ਵੀ ਕਿਸੇ ਤਰ੍ਹਾਂ ਦੀ ਹਿੰਸਾ ਨਾ ਕਰੇ। ਇਸ ਦੌਰਾਨ ਐਂਬੂਲੈਸ, ਸੰਸਕਾਰ ਉਤੇ ਜਾਣ ਵਾਲੀਆਂ ਗੱਡੀਆਂ ਤੇ ਮਰੀਜਾਂ ਨੂੰ ਲੈ ਕੇ ਜਾ ਰਹੇ ਲੋਕਾਂ ਨੂੰ ਅਤੇ ਅੱਗ ਬਝਾਊ ਗੱਡੀਆਂ ਨੂੰ ਛੋਟ ਦਿੱਤੀ ਜਾਵੇ। ਉਨ੍ਹਾਂ ਇਸ ਮੌਕੇ ਮੰਗ ਕਰਦਿਆਂ ਕਿਹਾ ਕਿ ਜੋ ਇਤਿਹਾਸਕ ਅਸਥਾਨ ਢਾਹੀਆ ਗਿਆ ਹੈ, ਉਸ ਨੂੰ ਮੁੜ ਸਾਡੇ ਸਮਾਜ ਦੇ ਸਪੁਰਦ ਕੀਤਾ ਜਾਵੇ। ਉਨ੍ਹਾਂ ਅੰਤ ਦੱਸਿਆ ਕਿ ਦਿੱਲੀ ਪੁਲਸ ਵਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੰਦਰ ਨੂੰ ਤੋੜਿਆ ਗਿਆ। ਕੱਲ ਸ਼ਾਮ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ। ਦਿੱਲੀ ਦੀਆਂ ਸੰਗਤਾਂ ਤੇ ਸੰਤਾਂ ਮਹਾਪੁਰਸ਼ਾਂ ਨਾਲ ਸਲਾਹ ਕਰਕੇ 21 ਅਗਸਤ ਨੂੰ ਪੂਰੇ ਭਾਰਤ ਤੋਂ ਸੰਗਤਾਂ ਇਕਤਰਤ ਕਰਕੇ ਜੰਤਰ ਮੰਤਰ ਦਿੱਲੀ ਵਿਖੇ ਇਕ ਦਿਨ ਦਾ ਧਰਨਾ ਦਿੱਤਾ ਜਾਵੇਗਾ ਤੇ ਉਸੇ ਦਿਨ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਬੱਸ 'ਚੋਂ ਛਾਲ ਮਾਰਨ ਕਾਰਨ ਇਕ ਵਿਅਕਤੀ ਦੀ ਮੌਤ
NEXT STORY