ਲੁਧਿਆਣਾ (ਰਾਜ): ਲੁਧਿਆਣਾ ਤੋਂ ਰੂਹ ਕੰਬਾਊ ਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰ ਦੇ ਬਾਹਰ ਗਲੀ ਵਿਚ ਖੜ੍ਹੇ ਇਕ ਨੌਜਵਾਨ ਦਾ ਬਦਮਾਸ਼ਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਉਰਫ਼ ਚੰਨੀ ਵਜੋਂ ਹੋਈ ਹੈ। ਪੁਲਸ ਨੇ ਹਮਲਾਵਰਾਂ ਦੇ ਖ਼ਿਲਾਫ਼ ਕਤਲ ਸਮੇਤ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਇੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਇੰਦਰਜੀਤ ਸਿੰਘ ਉਰਫ਼ ਚੰਨੀ ਘਰ ਦੇ ਬਾਹਰ ਗਲੀ ਵਿਚ ਖੜ੍ਹਾ ਸੀ। ਇਸੇ ਦੌਰਾਨ ਅਚਾਨਕ ਗਲੀ ਵਿਚ ਚੀਕ-ਚਿਹਾੜਾ ਸੁਣ ਕੇ ਜਦੋਂ ਉਹ ਆਪਣੇ ਬਜ਼ੁਰਗ ਮਾਪਿਆਂ ਸਮੇਤ ਬਾਹਰ ਗਿਆ ਤਾਂ ਉਨ੍ਹਾਂ ਦੇ ਹੋਸ਼ ਹੀ ਉੱਡ ਗਏ। ਗਲੀ ਵਿਚ ਉਸ ਦਾ ਭਰਾ ਇੰਦਰਜੀਤ ਸਿੰਘ ਉਰਫ਼ ਚੰਨੀ ਖ਼ੂਨ ਨਾਲ ਲਥਪਥ ਪਿਆ ਸੀ ਤੇ ਮੁੱਖ ਮੁਲਜ਼ਮ ਰਵੀ ਕੁਮਾਰ ਆਪਣੇ ਅਣਪਛਾਤੇ ਗੁੰਡਿਆਂ ਦੇ ਨਾਲ ਰਲ਼ ਕੇ ਮਾਰੂ ਹਥਿਆਰਾਂ ਨਾਲ ਉਸ 'ਤੇ ਵਾਰ ਕਰ ਰਿਹਾ ਸੀ। ਪਰਿਵਾਰ ਨੇ ਹਿੰਮਤ ਦਿਖਾਉਂਦਿਆਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਸ ਦੇ ਬਜ਼ੁਰਗ ਮਾਪਿਆਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮ ਹਵਾ ਵਿਚ ਹਥਿਾਰ ਲਹਿਰਾਉਂਦਿਆਂ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
ਵਾਰਦਾਤ ਦੇ ਤੁਰੰਤ ਬਾਅਦ ਪਰਿਵਾਰ ਖ਼ੂਨ ਨਾਲ ਲਥਪਥ ਇੰਦਰਜੀਤ ਸਿੰਘ ਉਰਫ਼ ਚੰਨੀ ਨੂੰ ਲੈ ਕੇ ਤੁਰੰਤ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚੇ। ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਚੰਨੀ ਦੀ ਮੌਤ ਹੋ ਗਈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਪੁਰਾਣੀ ਕ੍ਰਿਮੀਨਲ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ। ਪੁਲਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
19.40 ਲੱਖ ਰੁਪਏ ਦੀ ਧੋਖਾਧੜੀ ਕਰਕੇ ਕਲਰਕ ਫ਼ਰਾਰ
NEXT STORY