ਜਲੰਧਰ (ਐੱਨ.ਮੋਹਨ): ਭਾਵੇਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਹਾਲੇ ਇਲੈਕਟ੍ਰਾਨਿਕ ਬੱਸਾਂ ਨੂੰ ਪੰਜਾਬ ਵਿਚ ਲਿਆਉਣ ਦੀ ਤਿਆਰੀ ਵਿਚ ਨਹੀਂ ਹੈ ਪਰ ਸਰਕਾਰ ਨੇ ਇਲੈਕਟ੍ਰਿਕ ਬੱਸਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਸੂਬੇ ਵਿਚ ਲਿਆਉਣ ਦੀ ਤਿਆਰੀ ਕਰ ਲਈ ਹੈ। ਵਿਭਾਗ ਨੇ ਸਰਕਾਰੀ ਬੱਸਾਂ ਦੇ ਬੇੜੇ ਵਿਚ 400 ਬੱਸਾਂ ਹੋਰ ਸ਼ਾਮਲ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਹੈ, ਜਿਨ੍ਹਾਂ ਵਿਚ 100 ਬੱਸਾਂ ਇਲੈਕਟ੍ਰਾਨਿਕ ਏਅਰ ਕੰਡੀਸ਼ਨ ਸ਼ਾਮਲ ਹਨ। 100 ਸਿਰਫ ਏਅਰ ਕੰਡੀਸ਼ਨ ਅਤੇ ਬਾਕੀ 200 ਬੱਸਾਂ ਆਰਡੀਨਰੀ ਹਨ ਪਰ ਆਰਥਿਕ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਇਨ੍ਹਾਂ ਬੱਸਾਂ ਨੂੰ ਆਪਣੇ ਪੱਧਰ 'ਤੇ ਨਹੀਂ, ਸਗੋਂ ਕਿਲੋਮੀਟਰ ਯੋਜਨਾ ਅਧੀਨ ਲਿਆਉਣ ਜਾ ਰਹੀ ਹੈ, ਜਿਸ ਨੂੰ ਲੈ ਕੇ ਕਰਮਚਾਰੀਆਂ ਨੇ ਵੀ ਅੰਦੋਲਨ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਨਿੱਜੀ ਬੱਸ ਕੰਪਨੀਆਂ ਨਾਲ ਕਿਸੇ ਟਕਰਾਅ ਦਾ ਇਰਾਦਾ ਨਹੀਂ ਰੱਖਦੀ, ਕਿਉਂਕਿ ਉਸ ਕੋਲ ਬੱਸ ਫਲੀਟ ਵਿਚ ਬੱਸਾਂ ਦੀ ਲਗਾਤਾਰ ਕਮੀ ਰਹੀ ਹੈ। ਪੰਜਾਬ ਸਰਕਾਰ ਕੋਲ ਪੰਜਾਬ ਰੋਡਵੇਜ਼ ਵਿਚ ਤਕਰੀਬਨ 600 ਬੱਸਾਂ ਹਨ ਅਤੇ ਪਨਬੱਸ 'ਚ 1100 ਬੱਸਾਂ ਹਨ। ਕੁਲ ਮਿਲਾ ਕੇ ਸਾਲ 1984 ਵਿਚ ਹੋਏ ਸਮਝੌਤੇ ਅਨੁਸਾਰ ਪੰਜਾਬ ਰੋਡਵੇਜ਼ ਨੂੰ ਆਪਣੇ ਫਲੀਟ ਵਿਚ 2407 ਬੱਸਾਂ ਪੂਰੀਆਂ ਕਰਨੀਆਂ ਸਨ, ਜੋ ਤਦ ਤੋਂ ਲੈ ਕੇ ਹੁਣ ਤੱਕ ਪੂਰੀਆਂ ਨਹੀਂ ਹੋ ਸਕੀਆਂ। ਮਤਲਬ 900 ਬੱਸਾਂ ਦੀ ਕਮੀ ਬਰਕਰਾਰ ਰਹੀ ਹੈ।
ਇਹ ਵੀ ਪੜ੍ਹੋ; ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਚੱਲਣਗੀਆਂ 'ਬਿਜਲੀ ਵਾਲੀਆਂ ਬੱਸਾਂ'!
ਦੂਜੇ ਪਾਸੇ ਪੀ.ਆਰ.ਟੀ.ਸੀ. ਕੋਲ 900 ਤੋਂ ਵੱਧ ਬੱਸਾਂ ਹਨ। ਸੂਬੇ ਵਿਚ ਜਦ ਸਾਬਕਾ ਬਾਦਲ ਸਰਕਾਰ ਵਿਚ ਮਾਸਟਰ ਮੋਹਨ ਲਾਲ ਟਰਾਂਸਪੋਰਟ ਮੰਤਰੀ ਸਨ, ਤਦ ਹੀ ਬੱਸਾਂ ਦੀ ਕਮੀ ਕੁਝ ਘਟੀ ਸੀ ਪਰ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹੱਥ ਕਿਉਂ ਧੋਣਾ ਪਿਆ, ਇਸ ਨੂੰ ਇਨ੍ਹਾਂ ਗੱਲਾਂ ਨਾਲ ਵੀ ਜੋੜ ਕੇ ਦੇਖਿਆ ਗਿਆ ਸੀ । ਇਸ ਤੋਂ ਬਾਅਦ ਕਿਸੇ ਨੇ ਵੀ ਬੱਸਾਂ ਦੀ ਕਮੀ ਨੂੰ ਪੂਰਾ ਕਰਨ ਦੀ ਹਿੰਮਤ ਨਹੀਂ ਦਿਖਾਈ। ਡਾਇਰੈਕਟਰ ਸਟੇਟ ਟਰਾਂਸਪੋਰਟ, ਪੰਜਾਬ ,ਚੰਡੀਗੜ੍ਹ ਨੇ ਸਾਰੇ ਬੱਸ ਡਿਪੂਆਂ ਨੂੰ ਪੱਤਰ ਭੇਜ ਕੇ ਬੱਸਾਂ ਦੀ ਕਮੀ ਦਾ ਵੇਰਵਾ ਮੰਗਿਆ ਹੈ। ਇਸ ਪੱਤਰ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਕਿਲੋਮੀਟਰ ਯੋਜਨਾ ਅਧੀਨ 400 ਬੱਸਾਂ ਨੂੰ ਆਪਣੇ ਫਲੀਟ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ।
ਸਰਕਾਰ ਨਿੱਜੀ ਬੱਸ ਕੰਪਨੀਆਂ ਦੇ ਘਰ ਭਰਨ ਦੀ ਤਿਆਰੀ 'ਚ : ਰੇਸ਼ਮ ਸਿੰਘ ਗਿੱਲ
ਇਧਰ ਬੱਸਾਂ ਨੂੰ ਕਿਲੋਮੀਟਰ ਸਕੀਮ ਵਿਚ ਲਿਆਏ ਜਾਣ ਦੀ ਯੋਜਨਾ ਨੂੰ ਲੈ ਕੇ ਕਰਮਚਾਰੀਆਂ ਦੇ ਕੰਨ ਖੜ੍ਹੇ ਹੋ ਗਏ ਹਨ। ਪੰਜਾਬ ਰੋਡਵੇਜ਼ /ਪਨਬੱਸ ਕੰਟਰੈਕਟ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦਾ ਦੋਸ਼ ਸੀ ਕਿ ਸਰਕਾਰ ਪੰਜਾਬ ਰੋਡਵੇਜ਼ ਨੂੰ ਖ਼ਤਮ ਕਰਨ ਲਈ ਕਿਲੋਮੀਟਰ ਯੋਜਨਾ ਵਿਚ ਬੱਸਾਂ ਲਿਆ ਰਹੀ ਹੈ। ਦੋਸ਼ ਇਹ ਵੀ ਸੀ ਕਿ ਇਸ ਤਰ੍ਹਾਂ ਸਰਕਾਰ ਨਿੱਜੀ ਬੱਸ ਕੰਪਨੀਆਂ ਦੇ ਘਰ ਭਰਨ ਦੀ ਤਿਆਰੀ ਵਿਚ ਹੈ । ਪ੍ਰਧਾਨ ਗਿੱਲ ਨੇ ਅੰਦੋਲਨ ਦੀ ਚਿਤਾਵਨੀ ਵੀ ਦਿੱਤੀ ਹੈ।
ਸੀਨੀਅਰ ਆਗੂਆਂ ਦੀ ਅਣਦੇਖੀ ਕਾਰਣ ਕਾਂਗਰਸ ਵਿਚ ਵਧਿਆ ਜਨਰੇਸ਼ਨ ਕਲੈਸ਼
NEXT STORY