ਜਲੰਧਰ (ਪੁਨੀਤ)– ਮੌਸਮ ਮਹਿਕਮੇ ਵੱਲੋਂ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਚੁੱਕੀ ਹੈ ਪਰ ਫਿਲਹਾਲ ਜੋ ਆਲਮ ਹੈ, ਸੜਕਾਂ ’ਤੇ ਲੂ ਚੱਲ ਰਹੀ ਹੈ। ਬਿਜਲੀ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਪਾਵਰਕਾਮ ਦਾ ਸਿਸਟਮ ਆਊਟ ਆਫ਼ ਕੰਟਰੋਲ ਹੁੰਦਾ ਜਾ ਰਿਹਾ ਹੈ, ਜਿਸ ਨਾਲ ਕਈ ਇਲਾਕਿਆਂ ਵਿਚ 7-8 ਘੰਟਿਆਂ ਦੇ ਪਾਵਰਕੱਟ ਲੱਗ ਰਹੇ ਹਨ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜਲੰਧਰ ਸਰਕਲ ਦੀ ਅਜਿਹੀ ਕੋਈ ਸਬ-ਡਵੀਜ਼ਨ ਨਹੀਂ, ਜਿੱਥੇ ਫਾਲਟ ਪੈਣ ਕਾਰਨ ਪਬਲਿਕ ਨੂੰ ਪਰੇਸ਼ਾਨੀ ਨਾ ਉਠਾਉਣੀ ਪੈ ਰਹੀ ਹੋਵੇ। ਨਾਰਥ ਜ਼ੋਨ ਦੇ ਅਧੀਨ ਬਿਜਲੀ ਖ਼ਰਾਬੀ ਸਬੰਧੀ 6000 ਤੋਂ ਜ਼ਿਆਦਾ ਸ਼ਿਕਾਇਤਾਂ ਆਉਣ ਨਾਲ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵਧ ਗਈ।
ਮੁੱਖ ਸ਼ਹਿਰ, ਦਿਹਾਤ ਅਤੇ ਆਸ-ਪਾਸ ਦੇ ਛੋਟੇ ਸ਼ਹਿਰਾਂ ਵਿਚ ਰੋਜ਼ਾਨਾ ਲੱਗਣ ਵਾਲੇ ਅਣਐਲਾਨੇ ਕੱਟਾਂ ਨਾਲ ਜਨਤਾ ਦਾ ਹਾਲ ਬੇਹਾਲ ਹੋ ਰਿਹਾ ਹੈ। ਭਿਆਨਕ ਗਰਮੀ ਵਿਚ ਲੋਕ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ ਅਤੇ ਪਾਵਰਕੱਟਾਂ ਕਾਰਨ ਘਰਾਂ ਵਿਚ ਵੀ ਆਰਾਮ ਨਸੀਬ ਨਹੀਂ ਹੋ ਰਿਹਾ, ਜਿਸ ਨਾਲ ਲੋਕ ਪਾਵਰਕਾਮ ਦੀਆਂ ਨੀਤੀਆਂ ਦੇ ਨਾਲ-ਨਾਲ ਸਰਕਾਰ ਦੀਆਂ ਯੋਜਨਾਵਾਂ ਨੂੰ ਕੋਸ ਰਹੇ ਹਨ। ਜ਼ਿਆਦਾਤਰ ਇਲਾਕਿਆਂ ਵਿਚ ਰੋਜ਼ਾਨਾ ਕਈ-ਕਈ ਘੰਟੇ ਬਿਜਲੀ ਗੁੱਲ ਰਹਿੰਦੀ ਹੈ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਮੇਂ ’ਤੇ ਫਾਲਟ ਠੀਕ ਨਾ ਹੋਣ ਕਾਰਨ ਪੇਸ਼ ਆ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਪਤਾ ਹੈ ਕਿ ਰੋਜ਼ਾਨਾ ਲੱਖਾਂ ਲੋਕ ਬਿਜਲੀ ਖਰਾਬੀ ਕਾਰਨ ਪ੍ਰੇਸ਼ਾਨ ਹੋ ਰਹੇ ਹਨ, ਇਸ ਲਈ ਉਨ੍ਹਾਂ ਨੂੰ ਇਸ ਦਾ ਹੱਲ ਕੱਢਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਕੇਜਰੀਵਾਲ ਤੇ CM ਮਾਨ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, ਜਲੰਧਰ ਵਿਖੇ ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਅਧਿਕਾਰੀਆਂ ਦਾ ਕਹਿਣਾ ਹੈ ਕਿ ਹੈੱਡ ਆਫ਼ਿਸ ਵਿਚ ਸਟਾਫ ਦੀ ਸ਼ਾਰਟੇਜ ਬਾਰੇ ਕਈ ਵਾਰ ਦੱਸਿਆ ਜਾ ਚੁੱਕਾ ਹੈ ਪਰ ਇਸ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਟਰਾਂਸਫਾਰਮਰ ਵਿਚ ਫਾਲਟ ਆਉਣ ਅਤੇ ਤਾਰਾਂ ਸੜ ਜਾਣ ਸਬੰਧੀ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਹਨ। ਵੇਖਣ ਵਿਚ ਆ ਰਿਹਾ ਹੈ ਕਿ ਓਵਰਲੋਡ ਕਾਰਨ ਟਰਾਂਸਫਾਰਮਰ ਵਿਚ ਖ਼ਰਾਬੀ ਆ ਜਾਂਦੀ ਹੈ, ਜਿਸ ਤੋਂ ਬਾਅਦ ਲੋਕ ਸ਼ਿਕਾਇਤਾਂ ਲਿਖਵਾਉਂਦੇ ਰਹਿੰਦੇ ਹਨ ਅਤੇ ਫਾਲਟ ਠੀਕ ਹੋਣ ਦਾ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹਿੰਦੇ ਹਨ। ਕਈ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਟਰਾਂਸਫਾਰਮਰ ਵਿਚ ਖਰਾਬੀ ਕਾਰਨ ਦਿਨ ਵਿਚ ਕਈ ਵਾਰ ਫਾਲਟ ਪੈ ਰਿਹਾ, ਇਸ ਕਾਰਨ ਕਈ ਘੰਟੇ ਬਿਜਲੀ ਕਰਮਚਾਰੀਆਂ ਦਾ ਇੰਤਜ਼ਾਰ ਕਰਨ ਵਿਚ ਵਿਅਰਥ ਹੋ ਜਾਂਦੇ ਹਨ।
ਰਾਤ ਦੇ ਸਮੇਂ ਘੱਟ ਵੋਲਟੇਜ ਨਾਲ ਸੈਂਕੜੇ ਇਲਾਕਿਆਂ ’ਚ ਦਿੱਕਤ
ਚੈਨ ਦੀ ਨੀਂਦ ਲੈਣ ਲਈ ਵੱਡੀ ਗਿਣਤੀ ਵਿਚ ਲੋਕਾਂ ਨੇ ਏ. ਸੀ. ਲਗਵਾਏ ਹਨ ਕਿਉਂਕਿ ਇਸ ਭਿਆਨਕ ਗਰਮੀ ਵਿਚ ਏ. ਸੀ. ਜ਼ਰੂਰੀ ਹੋ ਚੁੱਕਾ ਹੈ। ਆਲਮ ਇਹ ਹੈ ਕਿ ਰਾਤ ਦੇ ਸਮੇਂ ਘੱਟ ਵੋਲਟੇਜ ਹੋਣ ਕਾਰਨ ਏ. ਸੀ. ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਵਾਰ-ਵਾਰ ਹੋਣ ਵਾਲੀ ਇਸ ਦਿੱਕਤ ਕਾਰਨ ਏ. ਸੀ. ਕੰਮ ਨਹੀਂ ਕਰ ਰਹੇ। ਘੱਟ ਵੋਲਟੇਜ ਦੀ ਇਹ ਸਮੱਸਿਆ ਕਈ ਵਾਰ ਖਰਾਬੀ ਵਿਚ ਤਬਦੀਲ ਹੋ ਜਾਂਦੀ ਹੈ। ਇਸ ਸਮੱਸਿਆ ਦਾ ਹੱਲ ਤਾਂ ਹੀ ਸੰਭਵ ਹੋਵੇਗਾ ਜੇ ਵਿਭਾਗ ਓਵਰਲੋਡ ਸਿਸਟਮ ਨੂੰ ਕੰਟਰੋਲ ਕਰ ਕੇ ਨਵੇਂ ਟਰਾਂਸਫਾਰਮਰ ਰਖਵਾਏ।
ਇਹ ਵੀ ਪੜ੍ਹੋ: ਚਾਰ ਧਾਮ ਯਾਤਰਾ ’ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਦਰਸ਼ਨ ਕਰ ਪਰਤੇ ਸ਼ਰਧਾਲੂਆਂ ਨੇ ਸਾਂਝੇ ਕੀਤੇ ਤਜਰਬੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਖਰੜ 'ਚ ਪੁੱਛਗਿੱਛ ਮਗਰੋਂ ਲਾਰੈਂਸ ਬਿਸ਼ਨੋਈ ਨੂੰ ਗੁਪਤ ਥਾਂ ਲੈ ਗਈ ਪੁਲਸ
NEXT STORY