ਜਗਰਾਉਂ (ਮਾਲਵਾ): ਸਾਲ 2025 ਦਾ ਅਖੀਰਲਾ ਦਿਨ ਜਗਰਾਉਂ ਦੇ ਸਿੱਧਵਾਂ ਬੇਟ ਰੋਡ 'ਤੇ ਰਹਿਣ ਵਾਲੇ ਇੱਕ ਮਜ਼ਦੂਰ ਪਰਿਵਾਰ ਲਈ ਕਾਲ ਬਣ ਕੇ ਆਇਆ। ਅੱਜ ਤੜਕਸਾਰ ਕਰੀਬ 3 ਵਜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਬੱਜਰ (ਪੱਥਰ ਦੀ ਰੋੜੀ) ਨਾਲ ਭਰਿਆ ਇੱਕ ਤੇਜ਼ ਰਫ਼ਤਾਰ ਟਰੱਕ ਸੜਕ ਕਿਨਾਰੇ ਬਣੀ ਝੁੱਗੀ 'ਤੇ ਪਲਟ ਗਿਆ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ, ਜਦਕਿ ਮਾਤਾ-ਪਿਤਾ ਸਮੇਤ 4 ਜੀਅ ਗੰਭੀਰ ਜ਼ਖਮੀ ਹੋ ਗਏ।
ਪਿਤਾ ਸੁਖਰਾਮ ਦੀ ਜੁਬਾਨੀ, ਹਾਦਸੇ ਦੀ ਕਹਾਣੀ
ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਪਿਤਾ ਸੁਖਰਾਮ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਝੁੱਗੀ ਵਿੱਚ ਸੁੱਤੇ ਪਏ ਸਨ। ਰਾਤ ਦੇ ਕਰੀਬ 3 ਵਜੇ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਬੱਜਰ ਨਾਲ ਭਰਿਆ ਟਰੱਕ ਉਨ੍ਹਾਂ ਦੀ ਝੁੱਗੀ 'ਤੇ ਆ ਡਿੱਗਿਆ। ਸੁਖਰਾਮ ਨੇ ਰੋਂਦੇ ਹੋਏ ਦੱਸਿਆ, "ਹਾਦਸੇ ਤੋਂ ਤੁਰੰਤ ਬਾਅਦ ਮੈਂ ਬੜੀ ਮੁਸ਼ਕਿਲ ਨਾਲ ਬਾਹਰ ਨਿਕਲਿਆ। ਮੇਰੇ ਬੱਚੇ ਬੱਜਰ ਦੇ ਢੇਰ ਹੇਠਾਂ ਦੱਬੇ ਹੋਏ ਸਨ ਅਤੇ ਚੀਕਾਂ ਮਾਰ ਰਹੇ ਸਨ। ਮੈਂ ਮੌਕੇ 'ਤੇ ਮੌਜੂਦ ਟਰੱਕ ਡਰਾਈਵਰ ਦੇ ਪੈਰੀਂ ਪੈ ਕੇ ਤਰਲੇ ਕੀਤੇ ਅਤੇ ਮਦਦ ਲਈ ਪੁਕਾਰਿਆ ਕਿ ਉਹ ਮੇਰੇ ਬੱਚਿਆਂ ਨੂੰ ਬਾਹਰ ਕੱਢਵਾ ਦੇਵੇ। ਪਰ ਜ਼ਾਲਮ ਡਰਾਈਵਰ ਨੇ ਮੇਰੀ ਮਦਦ ਕਰਨ ਦੀ ਬਜਾਏ ਉੱਥੋਂ ਭੱਜਣਾ ਬਿਹਤਰ ਸਮਝਿਆ।"
ਸੁਖਰਾਮ ਦਾ ਕਹਿਣਾ ਹੈ ਕਿ ਜੇਕਰ ਡਰਾਈਵਰ ਉਸ ਵੇਲੇ ਭੱਜਣ ਦੀ ਬਜਾਏ ਥੋੜ੍ਹੀ ਇਨਸਾਨੀਅਤ ਦਿਖਾਉਂਦਾ ਅਤੇ ਮਦਦ ਕਰਵਾਉਂਦਾ, ਤਾਂ ਸ਼ਾਇਦ ਸਮਾਂ ਰਹਿੰਦੇ ਬੱਚਿਆਂ ਨੂੰ ਬੱਜਰ ਹੇਠੋਂ ਕੱਢਿਆ ਜਾ ਸਕਦਾ ਸੀ ਅਤੇ ਉਨ੍ਹਾਂ ਦੀ ਜਾਨ ਬਚ ਜਾਂਦੀ।
ਰਾਹਗੀਰਾਂ ਅਤੇ ਫੈਕਟਰੀ ਵਰਕਰਾਂ ਨੇ ਕੱਢਿਆ ਬਾਹਰ
ਸੁਖਰਾਮ ਵਲੋਂ ਰੌਲਾ ਪਾਉਣ 'ਤੇ ਨੇੜੇ-ਤੇੜੇ ਦੀਆਂ ਫੈਕਟਰੀਆਂ ਦੇ ਵਰਕਰ ਅਤੇ ਕੁਝ ਰਾਹਗੀਰ ਮੌਕੇ 'ਤੇ ਪਹੁੰਚੇ। ਲੋਕਾਂ ਨੇ ਭਾਰੀ ਜੱਦੋ-ਜਹਿਦ ਕਰਕੇ ਬੱਜਰ ਹੇਠਾਂ ਦੱਬੇ ਬੱਚਿਆਂ ਅਤੇ ਮਾਂ ਸਕੀਨਾ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ 7 ਸਾਲਾ ਬੱਚੀ ਮਨਦੀਪ ਅਤੇ 5 ਸਾਲਾ ਬੱਚੇ ਗੋਪਾਲ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਦੀ ਕਾਰਵਾਈ
ਥਾਣਾ ਸਦਰ ਜਗਰਾਉਂ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਇਹ ਟਰੱਕ ਓਵਰਲੋਡ ਸੀ। ਵਜ਼ਨ ਜ਼ਿਆਦਾ ਹੋਣ ਕਾਰਨ ਇਸਦਾ ਟਾਇਰ ਫਟ ਗਿਆ ਅਤੇ ਇਹ ਸੰਤੁਲਨ ਵਿਗੜਨ ਕਾਰਨ ਝੁੱਗੀ 'ਤੇ ਪਲਟ ਗਿਆ। ਪੁਲਿਸ ਵਲੋਂ ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਹੈ ਕਿ ਦੋਸ਼ੀ ਡਰਾਈਵਰ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।
ਪੰਜਾਬ 'ਚ ਹੋ ਗਿਆ ਵੱਡਾ ਧਮਾਕਾ! ਕੰਬ ਗਿਆ ਪੂਰਾ ਇਲਾਕਾ
NEXT STORY