ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ 2 ਸਾਲ ਦੇ ਰਾਜਕਾਲ ਦੌਰਾਨ 2 ਲੱਖ 98 ਹਜ਼ਾਰ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਵਜ਼ੀਫੇ ਦਿੱਤੇ ਹਨ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਾ ਮਾਤਰ ਹੀ ਮਿਲ ਸਕੇ ਸਨ। ਇਨ੍ਹਾਂ 'ਚ ਵੀ ਵੱਡਾ ਘਪਲਾ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਪੋਸਟ ਮੈਟ੍ਰਿਕ ਵਜ਼ੀਫੇ ਦੀ ਰਕਮ ਦੇਵੇ। ਉਨ੍ਹਾਂ ਦੋਸ਼ ਲਗਾਇਆ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ 2007 ਤੋਂ 2017 ਤੱਕ ਦੇ 10 ਸਾਲ ਦੌਰਾਨ ਸਿਰਫ 1 ਲੱਖ 22 ਹਜ਼ਾਰ ਵਿਦਿਆਰਥੀਆਂ ਨੂੰ ਹੀ ਵਜ਼ੀਫੇ ਦਿੱਤੇ ਗਏ ਸਨ। ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ 'ਚ ਸਮਰੱਥ ਨਹੀਂ ਹਨ, ਦੀ ਬਾਂਹ ਫੜਨੀ ਹਰ ਸਰਕਾਰ ਦਾ ਫਰਜ਼ ਬਣਦਾ ਹੈ। ਸਾਬਕਾ ਅਕਾਲੀ-ਭਾਜਪਾ ਸਰਕਾਰ ਇਹ ਫਰਜ਼ ਨਿਭਾਉਣ 'ਚ ਨਾਕਾਮ ਰਹੀ।
ਉਨ੍ਹਾਂ ਨੇ ਕਿਹਾ ਕਿ ਹੁਣ ਕਾਂਗਰਸ ਸਰਕਾਰ ਵੱਲੋਂ ਅਸਲ 'ਚ ਉਨ੍ਹਾਂ ਗਰੀਬ ਅਤੇ ਬੇਸਹਾਰਾ ਪਰਿਵਾਰਾਂ ਦੀ ਪਛਾਣ ਕੀਤੀ ਗਈ ਹੈ, ਜੋ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਉੱਚ ਸਿੱਖਿਆ ਦਿਵਾਉਣ ਲਈ ਪੋਸਟ ਮੈਟ੍ਰਿਕ ਵਜ਼ੀਫੇ ਦਿੱਤੇ ਜਾ ਰਹੇ ਹਨ। ਇਸ ਲਈ ਕੇਂਦਰ ਕੋਲੋਂ ਫੰਡ ਵੀ ਲਿਆ ਜਾ ਰਿਹਾ ਹੈ। ਸਾਬਕਾ ਸਰਕਾਰ ਸਮੇਂ ਦਲਿਤ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਵਜ਼ੀਫੇ ਦੀ ਰਕਮ ਦੇਣ ਲਈ ਆਉਣ ਵਾਲੇ ਪੈਸਿਆਂ ਨੂੰ ਹੋਰਨਾਂ ਕੰਮਾਂ 'ਤੇ ਖਰਚ ਕਰ ਲਿਆ ਜਾਂਦਾ ਸੀ। ਇਸ ਸਬੰਧੀ ਮੌਜੂਦਾ ਸਰਕਾਰ ਵੱਲੋਂ ਆਡਿਟ ਕਰਵਾਇਆ ਜਾ ਰਿਹਾ ਹੈ।
ਮਜੀਠੀਆ ਮਾਣਹਾਨੀ ਮਾਮਲਾ : ਵਾਰ-ਵਾਰ ਸਮੰਨ 'ਤੇ ਵੀ ਅਦਾਲਤ ਨਹੀਂ ਪੁੱਜਾ ਗਵਾਹ
NEXT STORY