ਮੋਹਾਲੀ (ਨਿਆਮੀਆਂ)-ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਦੀ ਸੂਬਾ ਪੱਧਰ ਦੀ ਕੇਂਦਰੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬੀਤੇ ਦਿਨ ਹੋਈ, ਜਿਸ ਵਿਚ ਪੰਜਾਬ ਸਰਕਾਰ ਦੇ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਦੇ ਬੰਦ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਐਸੋਸੀਏਸ਼ਨ ਨੇ ਕਿਹਾ ਹੈ ਕਿ ਕੇਂਦਰੀ ਬਿਜਲੀ ਅਥਾਰਟੀ ਨੇ ਕਿਤੇ ਵੀ ਇਨ੍ਹਾਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੀ ਸਿਫਾਰਸ਼ ਨਹੀਂ ਕੀਤੀ ਬਲਕਿ ਕੇਂਦਰੀ ਬਿਜਲੀ ਅਥਾਰਟੀ ਨੇ ਤਾਂ ਬਠਿੰਡਾ ਥਰਮਲ ਪਲਾਂਟ ਵਾਂਗੂ ਜਿਨ੍ਹਾਂ ਪਲਾਂਟਾਂ ਦਾ ਨਵੀਨੀਕਰਨ ਕੀਤਾ ਹੋਇਆ ਹੈ, ਨੂੰ 10 ਸਾਲ ਲਈ ਚਾਲੂ ਰੱਖਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਕੇਂਦਰੀ ਬਿਜਲੀ ਅਥਾਰਟੀ ਨੇ ਤਾਂ 100 ਮੈਗਾਵਾਟ ਦੇ ਉਨ੍ਹਾਂ ਪਲਾਂਟਾਂ ਨੂੰ ਹੀ ਬੰਦ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਨ੍ਹਾਂ ਵਿਚ ਰੀ-ਹੀਟ ਦਾ ਪ੍ਰਬੰਧ ਨਹੀਂ ਹੈ। ਬਠਿੰਡਾ ਥਰਮਲ ਪਲਾਂਟ, ਜੋ ਕਿ 110/120 ਮੈਗਾਵਾਟ ਦਾ ਹੈ ਤੇ ਜਿਸ ਵਿਚ ਰੀ-ਹੀਟ ਦਾ ਪ੍ਰਬੰਧ ਹੈ, ਨੂੰ ਕੇਂਦਰੀ ਬਿਜਲੀ ਅਥਾਰਟੀ ਦੀਆਂ ਗਾਈਡਲਾਈਨਾਂ ਦੀ ਉਲੰਘਣਾ ਕਰਕੇ ਬੰਦ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਨਾਲ ਸਰਕਾਰ ਨੂੰ ਸਿਰਫ 18 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਵੇਗੀ ਜਦਕਿ ਅਫਵਾਹ ਇਹ ਫੈਲਾਈ ਗਈ ਹੈ ਕਿ ਬਠਿੰਡਾ ਥਰਮਲ ਪਲਾਂਟ ਬੰਦ ਕਰਨ ਨਾਲ 1300 ਕਰੋੜ ਰੁਪਏ ਦੀ ਪ੍ਰਤੀ ਮਹੀਨਾ ਬੱਚਤ ਹੋਵੇਗੀ। ਐਸੋਸੀਏਸ਼ਨ ਅਫਵਾਹ ਫੈਲਾਉਣ ਵਾਲੀਆਂ ਤਾਕਤਾਂ ਨੂੰ ਖੁੱਲ੍ਹੇ ਤੌਰ 'ਤੇ ਚੈਲੰਜ ਕਰਦੀ ਹੈ ਕਿ ਜੇ ਉਹ 1300 ਕਰੋੜ ਰੁਪਏ ਪ੍ਰਤੀ ਮਹੀਨਾ ਦੀ ਬੱਚਤ ਸਿੱਧ ਕਰ ਦੇਣ ਤਾਂ ਐਸੋਸੀਏਸ਼ਨ ਸਰਕਾਰ ਦੇ ਫੈਸਲੇ ਨੂੰ ਸਵੀਕਾਰ ਕਰ ਲਵੇਗੀ। ਸਰਕਾਰ ਨੇ ਫੈਸਲਾ ਬਿਨਾਂ ਸੋਚੇ ਸਮਝੇ ਬੜੀ ਹੀ ਕਾਹਲੀ ਵਿਚ ਲਿਆ ਹੈ। ਐਸੋਸੀਏਸ਼ਨ ਨੇ ਸਹਾਇਕ ਇੰਜੀਨੀਅਰਾਂ ਨੂੰ ਸ਼ੁਰੂਆਤੀ ਸਕੇਲ 18030 ਦੇਣ ਵਿਚ ਕੀਤੀ ਜਾ ਰਹੀ ਦੇਰੀ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇੰਜੀਨੀਅਰ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਪੀ. ਐੱਸ. ਪੀ. ਸੀ. ਐੱਲ. ਦੇ ਇੰਜੀਨੀਅਰ 9 ਜਨਵਰੀ 2018 ਨੂੰ ਬਠਿੰਡਾ ਜ਼ੋਨ, 16 ਜਨਵਰੀ ਨੂੰ ਰੋਪੜ ਜ਼ੋਨ, 23 ਜਨਵਰੀ ਨੂੰ ਅੰਮ੍ਰਿਤਸਰ ਜ਼ੋਨ, 30 ਜਨਵਰੀ ਨੂੰ ਜਲੰਧਰ ਜ਼ੋਨ ਅਤੇ 13 ਫਰਵਰੀ ਨੂੰ ਪਟਿਆਲਾ ਜ਼ੋਨ ਵਿਚ ਰੋਸ ਮੀਟਿੰਗਾਂ ਕਰਨਗੇ। ਜੇਕਰ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਮੁੜ ਨਾ ਵਿਚਾਰਿਆ ਅਤੇ ਇੰਜੀਨੀਅਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਪ੍ਰੋਗਰਾਮ ਅਧੀਨ 1 ਜਨਵਰੀ ਨੂੰ ਸਰਕਲ ਮੋਹਾਲੀ ਦੇ ਸਮੂਹ ਇੰਜੀਨੀਅਰਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਰਿਜਨਲ ਸੈਕਟਰੀ ਇੰਜੀ. ਸਮਿੰਦਰ ਸਿੰਘ ਮੋਹਾਲੀ ਹਲਕਾ ਤੇ ਸੈਕਟਰੀ ਆਰਗੇਨਾਈਜ਼ੇਸ਼ਨ ਇੰਜੀ. ਪਰਮਜੀਤ ਸਿੰਘ ਪੀ. ਐੱਸ. ਈ. ਬੀ. ਇੰਜੀ. ਐਸੋਸੀਏਸ਼ਨ ਨੇ ਇਕੱਠ ਨੂੰ ਸੰਬੋਧਨ ਕੀਤਾ।
ਕਰਜ਼ਾ ਮੁਆਫੀ ਦੇ ਚੈੱਕਾਂ 'ਚ ਕਾਣੀ ਵੰਡ ਕਰਨ ਦਾ ਦੋਸ਼, ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
NEXT STORY