ਪ੍ਰੈੱਸ ਦੀ ਆਜ਼ਾਦੀ ਦਾ ਇਤਿਹਾਸ ਦੇਸ਼ ’ਚ ਸ਼ੁਰੂਆਤ ਤੋਂ ਰਿਹਾ ਹੈ ਪਰ ਉਸ ਦੀ ਆਜ਼ਾਦੀ ਨੂੰ ਖੰਡਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਸਮੇਂ-ਸਮੇਂ ’ਤੇ ਹੁੰਦੀਆਂ ਰਹੀਆਂ ਹਨ। ਇਹ ਵੀ ਸੱਚ ਹੈ ਕਿ ਆਜ਼ਾਦੀ ਦੇ ਬਾਅਦ ਜਦੋਂ ਤੋਂ ‘ਪੰਜਾਬ ਕੇਸਰੀ’ ਸਮੂਹ ਹੋਂਦ ’ਚ ਆਇਆ ਹੈ, ਉਦੋਂ ਤੋਂ ਇਹ ਪ੍ਰੈੱਸ ਦੀ ਆਜ਼ਾਦੀ ਅਤੇ ਨਿਰਪੱਖਤਾ ਦੇ ਲਈ ਲਗਾਤਾਰ ਕੰਮ ਕਰ ਰਿਹਾ ਹੈ, ਭਾਵੇਂ ਵੱਡੇ ਤੋਂ ਵੱਡੇ ਮਾਮਲੇ ਹੋਣ। ਐਮਰਜੈਂਸੀ ਦੇ ਦੌਰਾਨ ਵੀ ‘ਪੰਜਾਬ ਕੇਸਰੀ’ ਸਮੂਹ ਜਨਤਾ ਦੀ ਗੱਲ ਕਹਿੰਦਾ ਰਿਹਾ ਹੈ ਅਤੇ ਅੱਤਵਾਦ ਦੇ ਦੌਰਾਨ ਤਾਂ ਸੀਨਾ ਤਾਣ ਕੇ ਅਸੀਂ ਖੜ੍ਹੇ ਰਹੇ। ਅੱਤਵਾਦੀਆਂ ਦੇ ਵਿਰੁੱਧ ਅਸੀਂ ਖਬਰਾਂ ਛਾਪੀਆਂ ਅਤੇ ਜੋ ਪੀੜਤ ਸਨ, ਉਨ੍ਹਾਂ ਦੀ ਹਮਾਇਤ ’ਚ ਅਸੀਂ ਆਵਾਜ਼ ਉਠਾਈ।
ਅਸੀਂ ਉਸ ਤੋਂ ਵੀ ਅੱਗੇ ਵਧੇ ਅਤੇ ਅਸੀਂ ਬਾਕਾਇਦਾ ਪੀੜਤਾਂ ਦੇ ਲਈ ਭਾਵੇਂ ਉਹ ਜੰਮੂ-ਕਸ਼ਮੀਰ ਦੇ ਪੀੜਤ ਸਨ ਜਾਂ ਫਿਰ ਪੰਜਾਬ ਦੇ ਅੱਤਵਾਦ ਦੇ ਪੀੜਤ, ਹਰ ਸੰਭਵ ਆਰਥਿਕ ਸਹਾਇਤਾ ਦਿੱਤੀ ਅਤੇ ਰਾਹਤ ਸਮੱਗਰੀ ਭਿਜਵਾਈ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਦੂਜੇ ਪਾਸੇ, ਜਦੋਂ ਸਾਲ 1974 ’ਚ ਪੰਜਾਬ ਰਾਜ ਬਿਜਲੀ ਬੋਰਡ ਨੇ ਤਤਕਾਲੀ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਦੇ ਕਹਿਣ ’ਤੇ ‘ਪੰਜਾਬ ਕੇਸਰੀ’ ਸਮੂਹ ਦੀ ਬਿਜਲੀ ਕੱਟ ਦਿੱਤੀ ਤਾਂ ਅਸੀਂ ਟਰੈਕਟਰ ਨਾਲ ਮਸ਼ੀਨ ਚਲਾ ਕੇ ਅਖਬਾਰ ਛਾਪੀ, ਜੋ ਆਪਣੇ-ਆਪ ’ਚ ਅਨੋਖਾ ਪ੍ਰਯੋਗ ਸੀ ਅਤੇ ਉਦੋਂ 10 ਿਦਨਾਂ ਦੇ ਅੰਦਰ ਹੀ ਮਾਣਯੋਗ ਹਾਈਕੋਰਟ ਨੇ ਬਿਜਲੀ ਸਪਲਾਈ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਘਟਨਾ ਨੂੰ ਪੂਰੀ ਦੁਨੀਆ ਭਰ ’ਚ ਸਲਾਹਿਆ ਿਗਆ। ਅੱਤਵਾਦ ਦੇ ਦੌਰਾਨ ਮੇਰੇ ਪਿਤਾ ਅਤੇ ਭਰਾ ਸਮੇਤ 62 ਕਰਮਚਾਰੀਆਂ ਅਤੇ ਏਜੰਟਾਂ ਦੀ ਅੱਤਵਾਦੀਆਂ ਨੇ ਹੱਤਿਆ ਕੀਤੀ। ਉਦੋਂ ਵੀ ਅਸੀਂ ਨਹੀਂ ਝੁਕੇ ਅਤੇ ਅਸੀਂ ਸੀਨਾ ਤਾਣ ਕੇ ਪੱਤਰਕਾਰੀ ਕਰਦੇ ਰਹੇ।
ਹੁਣ ਫਿਰ ਇਕ ਵਾਰ ‘ਪੰਜਾਬ ਕੇਸਰੀ’ ਸਮੂਹ ਨਿਸ਼ਾਨੇ ’ਤੇ ਹੈ। ਹੋਇਆ ਇਹ ਕਿ ਪਿਛਲੇ ਸਾਲ 31 ਅਕਤੂਬਰ ਨੂੰ ਇਕ ਸੰਤੁਲਿਤ ਅਤੇ ਨਿਰਪੱਖ ਰਿਪੋਰਟ ਛਾਪੀ ਗਈ, ਜਿਸ ’ਚ ਅਪੋਜ਼ੀਸ਼ਨ ਨੇ ਪੰਜਾਬ ’ਚ ਸੱਤਾਧਾਰੀ ਦਲ ਦੇ ਰਾਸ਼ਟਰੀ ਕਨਵੀਨਰ ’ਤੇ ਕੁਝ ਦੋਸ਼ ਲਾਏ ਸਨ। ਇਸ ’ਚ ਅਜਿਹਾ ਕੁਝ ਨਵਾਂ ਨਹੀਂ ਸੀ ਪਰ ਇਕ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ‘ਪੰਜਾਬ ਕੇਸਰੀ’ ਸਮੂਹ ਦੇ ਸਭ ਤੋਂ ਵੱਧ ਪ੍ਰਸਾਰਿਤ ਹਿੰਦੂ ਅਤੇ ਪੰਜਾਬੀ ਅਖਬਾਰਾਂ ’ਚ ਇਸ਼ਤਿਹਾਰ ਬੰਦ ਕਰ ਦਿੱਤੇ। ਇਹ ਵੀ ਉਦੋਂ ਹੋਇਆ, ਜਦੋਂ ਉਸ ਖਬਰ ਤੋਂ ਬਾਅਦ ਅਸੀਂ ਸੱਤਾਧਾਰੀ ਦਲ ਦਾ ਵੀ ਪੱਖ ਪੂਰਾ ਛਾਪਿਆ।
ਪਰ ਆਰਥਿਕ ਤੌਰ ’ਤੇ ਨੁਕਸਾਨ ਦੇ ਬਾਵਜੂਦ ਅਸੀਂ ਆਪਣੀ ਨਿਰਪੱਖ ਅਤੇ ਆਜ਼ਾਦ ਪੱਤਰਕਾਰੀ ਕਰਦੇ ਰਹੇ ਪਰ ਹੁਣ ਅਜਿਹਾ ਲੱਗਦਾ ਹੈ ਕਿ ਸਰਕਾਰ ਨੇ ‘ਪੰਜਾਬ ਕੇਸਰੀ’ ਅਤੇ ਉਸ ਦੇ ਪ੍ਰਮੋਟਰਾਂ ਦੇ ਵਿਰੁੱਧ ਇਕ ਮੁਹਿੰਮ ਜਿਹੀ ਛੇੜ ਦਿੱਤੀ ਹੈ। ਸਾਡੇ ਸਮੂਹਾਂ ’ਤੇ ਸਰਕਾਰੀ ਵਿਭਾਗਾਂ ਨੇ ਬੇਤਰਤੀਬ ਤਰੀਕੇ ਨਾਲ ਅਨੇਕ ਛਾਪੇ ਮਾਰੇ। ਇਸੇ ਹਫਤੇ ਸਾਡੀ ਲੁਧਿਆਣਾ ਪ੍ਰੈੱਸ, ਜਲੰਧਰ ਪ੍ਰੈੱਸ ਤੇ ਬਠਿੰਡਾ ਪ੍ਰੈੱਸ ’ਚ ਵੀ ਛਾਪਿਆਂ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਿਗਆ।
ਸਰਕਾਰ ਦੇ ਜਿੰਨੇ ਵੀ ਵਿਭਾਗ ਹੋ ਸਕਦੇ ਸਨ, ਸਭ ਦੀ ਵਰਤੋਂ ਸਾਡੀਆਂ ਕੰਪਨੀਆਂ ’ਤੇ ਛਾਪੇ ਲਈ ਕੀਤੀ ਗਈ। ਭਾਵੇਂ ਉਹ ਫੈਕਟਰੀ ਵਿਭਾਗ ਹੋਵੇ ਜਾਂ ਫਿਰ ਪ੍ਰਦੂਸ਼ਣ ਕੰਟਰੋਲ ਬੋਰਡ, ਬਿਜਲੀ ਵਿਭਾਗ ਨੇ ਤਾਂ ਬਿਨਾਂ ਨੋਟਿਸ ਦਿੱਤੇ ਸਾਡੇ ਇਕ ਸੰਸਥਾਨ ਦੀ ਬਿਜਲੀ ਹੀ ਕੱਟ ਦਿੱਤੀ। ਅਜਿਹੀ ਸਥਿਤੀ ’ਚ ਪੰਜਾਬ ਦੇ ਸਾਡੇ ਤਮਾਮ ਸੰਸਥਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਪ੍ਰੈੱਸ ਕੇਂਦਰਾਂ, ਛਪਾਈ ਕੇਂਦਰਾਂ ਦੇ ਬਾਹਰ ਤਮਾਮ ਸ਼ਹਿਰਾਂ ’ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਤੈਅ ਹੈ ਇਹ ਸਭ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਅਤੇ ਅਖਬਾਰ ਨੂੰ ਭਾਰੀ ਦਬਾਅ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਵੀ ਮਜਬੂਰ ਹੋ ਕੇ ਪੱਤਰ ਲਿਖੇ ਹਨ। ਸਾਡਾ ਮੰਨਣਾ ਹੈ ਕਿ ਇਸ ਤਰੀਕੇ ਦੀਆਂ ਸਰਗਰਮੀਆਂ ਨਾ ਸਿਰਫ ਗੈਰ-ਜਮਹੂਰੀ ਹਨ, ਸਗੋਂ ਦਮਨਕਾਰੀ ਵੀ ਹਨ ਅਤੇ ਪ੍ਰੈੱਸ ਦੀ ਆਜ਼ਾਦੀ ਤੋਂ ਕੋਹਾਂ ਦੂਰ ਵੀ ਹਨ। ਸਾਡੀ ਮੁੱਖ ਮੰਤਰੀ ਅਤੇ ਰਾਜਪਾਲ ਵਰਗੀਆਂ ਮਹਾਨ ਸ਼ਖਸੀਅਤਾਂ ਨੂੰ ਅਪੀਲ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੈਰ-ਜਮਹੂਰੀ ਕਾਰਵਾਈਆਂ ਬੰਦ ਕਰਵਾਉਣ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਬਣਾਈ ਰੱਖਣ ’ਚ ਸਹਿਯੋਗ ਦੇਣ।
ਅਸੀਂ ਇਹ ਸਪੱਸ਼ਟ ਕਰ ਦੇਈਏ ਕਿ ‘ਪੰਜਾਬ ਕੇਸਰੀ’ ਸਮੂਹ ਪ੍ਰੈੱਸ ਦੀ ਆਜ਼ਾਦੀ ਅਤੇ ਨਿਰਪੱਖਤਾ ਦੇ ਲਈ ਹਮੇਸ਼ਾ ਅੱਗੇ ਰਹੇਗਾ। ਸਾਡੀ ਲੋਕਤੰਤਰ ਦੇ ਸਾਰੇ ਰਖਵਾਲਿਆਂ ਨੂੰ ਅਪੀਲ ਹੈ ਕਿ ਉਹ ਪੱਤਰਕਾਰੀ ਦੀ ਲੜਾਈ ’ਚ ਸਾਡੇ ਨਾਲ ਖੁੱਲ੍ਹ ਕੇ ਸਾਹਮਣੇ ਆਉਣ।
–ਵਿਜੇ ਚੋਪੜਾ
ਭਾਰਤੀ ਉਪ-ਮਹਾਦੀਪ ’ਚ ਹਿੰਦੂ-ਮੁਸਲਿਮ ਸ਼ਾਂਤੀ ਨਾਲ ਕਿਉਂ ਨਹੀਂ ਰਹਿ ਸਕਦੇ?
NEXT STORY