ਬਰੇਟਾ(ਸਿੰਗਲਾ)-ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਲੱਖਾਂ ਰੁਪਏ ਖਰਚ ਕੇ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨਾ ਚਾਹੁੰਦੀ ਹੈ ਪਰ ਨਤੀਜੇ ਸਫ਼ਲ ਨਹੀਂ ਹੋ ਰਹੇ, ਸ਼ਾਇਦ ਸਫ਼ਲ ਹੋਣ ਦੀ ਸਭਾਵਨਾ ਵੀ ਨਜ਼ਰ ਨਹੀਂ ਆ ਰਹੀ ਕਿਉਂਕਿ ਜਦੋਂ ਸਕੂਲਾਂ ਦੀ ਹਾਲਤ ਨੂੰ ਜ਼ਮੀਨੀ ਹਕੀਕਤ ਤੋਂ ਵੇਖਦੇ ਹਾਂ ਤਾਂ ਅੱਖਾਂ ਅੱਡੀ, ਮੂੰਹ ਖੁੱਲ੍ਹਾ ਅਤੇ ਸਾਹ ਫੁੱਲਦਾ ਨਜ਼ਰ ਆਉਂਦਾ ਹੈ। ਇਹੋ ਜਿਹੀ ਹੈ ਸਰਕਾਰੀ ਪ੍ਰਾਇਮਰੀ ਸਕੂਲ ਕਾਹਨਗੜ੍ਹ (ਮਾਨਸਾ) ਦੀ ਹਾਲਤ, ਜਿਸ 'ਚ 158 ਬੱਚੇ ਉੱਚ ਪੱਧਰੀ ਵਿੱਦਿਆ ਹਾਸਲ ਕਰਨ ਆਉਂਦੇ ਹਨ। ਜਿਨ੍ਹਾਂ ਨੂੰ ਉਚੇਰੀ ਵਿੱਦਿਆ ਪ੍ਰਦਾਨ ਕਰਨ ਲਈ 6 ਅਧਿਆਪਕ ਵੀ ਮੌਜੂਦ ਹਨ ਪਰ ਸਕੂਲ ਅੰਦਰ ਅੱਠ ਕਮਰੇ ਅਤੇ ਬਰਾਂਡੇ ਅਜਿਹੇ ਹਨ ਜੋ ਕਿਸੇ ਵੇਲੇ ਵੀ ਡਿਗ ਸਕਦੇ ਹਨ ਤੇ ਇਕ ਤਰ੍ਹਾਂ ਦੇ ਖੰਡਰ ਜਾਪ ਰਹੇ ਹਨ। ਸਿਰਫ਼ ਤਿੰਨ ਕਮਰੇ ਹੀ ਸਹੀ ਹਾਲਤ ਬਿਆਨ ਕਰਦੇ ਹਨ, ਜਿਨ੍ਹਾਂ 'ਚੋਂ ਇਕ 'ਚ ਸਕੂਲ ਦਾ ਦਫ਼ਤਰ, ਦੂਜੇ 'ਚ ਸਕੂਲ ਦਾ ਸਮਾਨ ਅਤੇ ਕਲਾਸ ਲਾਉਣ ਲਈ ਸਿਰਫ਼ ਇਕ ਹੀ ਕਮਰਾ ਬਚਿਆ ਹੈ। ਬਾਕੀ ਦੀਆਂ ਕਲਾਸਾਂ ਇੰਨੀ ਕੜਾਕੇ ਦੀ ਠੰਡ 'ਚ ਖੁੱਲ੍ਹੇ ਆਸਮਾਨ, ਭਿੱਜੀ ਜ਼ਮੀਨ ਅਤੇ ਧੁੰਦ 'ਚ ਸਕੂਲ ਦੇ ਵਿਹੜੇ 'ਚ ਬੈਠ ਕੇ ਵਿਦਿਆਰਥੀ ਲਾ ਰਹੇ ਹਨ। ਸੰਪਰਕ ਕਰਨ 'ਤੇ ਸਕੂਲ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਸਬੰਧਤ ਵਿਭਾਗ ਕੋਲ ਅਤੇ ਪਿੰਡ ਦੀ ਪੰਚਾਇਤ ਕੋਲ ਇਸ ਸਬੰਧੀ ਮੰਗ ਕਰ ਚੁੱਕੇ ਹਨ। ਮਜਬੂਰੀਵੱਸ ਵਿਦਿਆਰਥੀਆਂ ਨੂੰ ਸਕੂਲ ਦੇ ਵਿਹੜੇ 'ਚ ਬਿਠਾ ਕੇ ਪੜ੍ਹਾਇਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਪਿੰਡ ਦੀ ਪੰਚਾਇਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਸਕੂਲ ਲਈ ਕੋਈ ਸਰਕਾਰੀ ਗ੍ਰਾਂਟ ਨਹੀਂ ਆਈ। ਜਦੋਂ ਸਿੱਖਿਆ ਵਿਭਾਗ ਦੇ ਅਧਿਕਾਰੀ ਡੀ. ਓ. ਕੁਲਭੂਸ਼ਨ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਸ ਸਕੂਲ ਦੀ ਰਿਪੋਰਟ ਬਣਾ ਕੇ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਲੋਕ ਭੇਜੀ ਜਾਵੇਗੀ ਤਾਂ ਜੋ ਜਲਦ ਇਨ੍ਹਾਂ ਕਮਰਿਆਂ ਦੀ ਮੁਰੰਮਤ ਜਾਂ ਨਵੀਂ ਉਸਾਰੀ ਕੀਤੀ ਜਾ ਸਕੇ। ਮੁਢਲੀ ਸਹਾਇਤਾ ਗਰੁੱਪ ਕਾਹਨਗੜ੍ਹ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਅਤੇ ਸਬੰਧਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ, ਜੇਕਰ ਸਕੂਲ ਦੇ ਕਮਰਿਆਂ ਦੀ ਉਸਾਰੀ ਕੀਤੀ ਜਾਂਦੀ ਹੈ।
ਅਧਿਕਾਰੀਆਂ ਖਿਲਾਫ ਕਾਰਵਾਈ ਲਈ ਫੌਰੀ ਲਿਖਿਆ ਗਿਆ : ਸਿੱਧੂ
NEXT STORY