ਜਲਾਲਾਬਾਦ(ਗੋਇਲ)-ਪੰਜਾਬ ਸਰਕਾਰ ਵੱਲੋਂ ਚਲਾਏ ਗਏ ‘ਤੰਦਰੁਸਤ ਮਿਸ਼ਨ ਪੰਜਾਬ’ ਦੇ ਤਹਿਤ ਸੂਬੇ ਦੀ ਤਸਵੀਰ ਬਦਲਣ ਦੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਵਿਚਕਾਰ ਅਸਲੀਅਤ ਇਹ ਹੈ ਕਿ ਜ਼ਿਲੇ ਦੇ ਪਿੰਡ ਭਾਗਸਰ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸਣਾ ਪੈ ਰਿਹਾ ਹੈ। ਗੰਦੇ ਪਾਣੀ ਕਾਰਨ ਪਿੰਡ ’ਚ ਹੁਣ ਤੱਕ 15 ਤੋਂ 20 ਲੋਕਾਂ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ ਤੇ ਅਧਿਕਾਰੀ ਨੇ ਸਾਰ ਨਹੀਂ ਲਈ ਹੈ।
ਨਰਕ ਵਰਗੇ ਹਾਲਾਤ
ਪਿੰਡ ਭਾਗਸਰ ’ਚ ਪੀਣ ਦੇ ਸਾਫ ਪਾਣੀ ਦੇ ਨਾਲ-ਨਾਲ ਸਫਾਈ ਦੀ ਵੱਡੀ ਸਮੱਸਿਆ ਹੈ। ਇਸ ਦੇ ਇਲਾਵਾ ਅੱਜ ਤੱਕ ਪਿੰਡ ਦੀ ਤਰੱਕੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਹਾਲਾਤ ਇਹੋ ਜਿਹੇ ਨਜ਼ਰ ਆਏ ਕਿ ਜਿਵੇਂ ਤੁਸੀ ਕਿਸੇ ਪਿੰਡ ’ਚ ਨਹੀਂ ਸਗੋਂ ਨਰਕ ’ਚ ਆ ਗਏ ਹੋਵੋ।
ਵਾਟਰ ਵਰਕਸ ਦੀਆਂ ਖਾਲੀ ਡਿੱਗੀਆਂ
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿੰਡਾਂ ’ਚ ਸਾਫ ਪਾਣੀ ਮੁਹੱਈਆ ਕਰਾਉਣ ਦੇ ਦਾਅਵਿਆਂ ਵਿਚਕਾਰ ਪਿੰਡ ਭਾਗਸਰ ਦੇ ਵਾਟਰ ਵਰਕਸ ਦੀਆਂ ਡਿੱਗੀਆਂ ਖਾਲੀ ਪਈਆਂ ਹਨ। ਫਿਲਟਰ ਮਾੜੀ ਹਾਲਤ ’ਚ ਹੈ। ਕਈ ਵਾਰ ਸਰਕਾਰ, ਰਾਜਸੀ ਆਗੂਆਂ ਅਤੇ ਅਫਸਰਾਂ ਨੂੰ ਸਮੱਸਿਆ ਤੋਂ ਜਾਣੂ ਕਰਾਇਆ ਗਿਆ ਪਰ ਅੱਜ ਤੱਕ ਵਾਟਰ ਵਰਕਸ ਦੀ ਹਾਲਾਤ ’ਚ ਕੋਈ ਸੁਧਾਰ ਨਹੀਂ ਆਇਆ ਹੈ।
ਪਾਣੀ ਖਰੀਦਣ ਨੂੰ ਮਜਬੂਰ ਲੋਕ
ਪਿੰਡ ’ਚ ਲੋਕਾਂ ਨੂੰ ਖਰੀਦ ਕੇ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਕਾਰਨ ਮਜਬੂਰੀ ’ਚ ਲੋਕਾਂ ਵੱਲੋਂ ਨਾਲ ਲੱਗਦੇ ਰਾਜਸਥਾਨ ਦੀਆਂ ਨਹਿਰਾਂ ਤੋਂ ਮਹਿੰਗੇ ਮੁੱਲ ’ਤੇ ਟੈਂਕਰਾਂ ’ਚ ਪਾਣੀ ਮੰਗਵਾਇਆ ਜਾ ਰਿਹਾ ਹੈ। ਲੋਕਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਅੱਜ ਤੱਕ ਸਾਫ ਪਾਣੀ ਤੱਕ ਨਸੀਬ ਨਹੀਂ ਕਰਵਾਇਆ।
ਕੈਂਸਰ ਨਾਲ ਕਈ ਮੌਤਾਂ
ਪਿੰਡ ਵਾਲਿਆਂ ਨੇ ਆਪਣੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਗੰਦੇ ਪਾਣੀ ਨਾਲ ਲੋਕ ਭਿਆਨਕ ਬੀਮਾਰੀਆਂ ਦੀ ਚਪੇਟ ’ਚ ਆ ਰਹੇ ਹਨ ਅਤੇ ਹੁਣ ਤੱਕ ਕਰੀਬ 15 ਤੋਂ 20 ਲੋਕਾਂ ਦੀ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ। ਇੰਨਾ ਹੀ ਨਹੀਂ ਪਿੰਡ ਦੇ ਕਈ ਲੋਕ ਕੈਂਸਰ ਦੀ ਬੀਮਾਰੀ ਕਾਰਨ ਮੰਜੇ ’ਤੇ ਪਏ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ।
ਸੰਘਰਸ਼ ਦੀ ਚਿਤਾਵਨੀ
ਪਿੰਡ ਭਾਗਸਰ ’ਚ ਮੁੱਢਲੀਆਂ ਸਹੂਲਤਾਂ ਮੁਹੱਈਆਂ ਨਾ ਹੋਣ ਕਾਰਨ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਜਲਦ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ
NEXT STORY