ਮੋਗਾ(ਗੋਪੀ ਰਾਊਕੇ)-ਪੰਜਾਬ ਸਰਕਾਰ ਵੱਲੋਂ ਪੰਜਾਬ ਨਿਵਾਸੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਵੱਛ ਪੰਜਾਬ ਦੀ ਸਥਾਪਨਾ ਕਰਨ ਦੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੇ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਕਾਰਜ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿੱਥੇ ਬੂਟੇ ਲਾਏ ਜਾ ਰਹੇ ਹਨ, ਉਥੇ ਮੈਡੀਕਲ ਸਟੋਰਾਂ, ਖਾਣ-ਪੀਣ ਦੀਆਂ ਦੁਕਾਨਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਨਗਰ ਨਿਗਮ ਮੋਗਾ ਦੇ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਮਿਸ਼ਨਰ ਅਨੀਤਾ ਦਰਸੀ ਦੇ ਨਿਰਦੇਸ਼ਾਂ ’ਤੇ ਸ਼ਹਿਰ ਦੇ ਮੇਨ ਬਾਜ਼ਾਰ ਅਤੇ ਜੀ. ਟੀ. ਰੋਡ ਸਥਿਤ ਮਾਰਕੀਟ ’ਚ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਖੋਖੇ ਲਾ ਕੇ ਨਾਜਾਇਜ਼ ਕਬਜ਼ੇ ਕਰ ਕੇ ਬੈਠੇ ਦੁਕਾਨਦਾਰਾਂ ਦੀਆਂ ਛੱਤਰੀਆਂ ਵੀ ਚੁੱਕਵਾਈਆਂ ਗਈਆਂ, ਉਥੇ ਉਨ੍ਹਾਂ ਦਾ ਸਾਮਾਨ ਵੀ ਕਰਮਚਾਰੀਆਂ ਵੱਲੋਂ ਜ਼ਬਤ ਕੀਤਾ ਗਿਆ। ਜਿਉਂ ਹੀ ਨਿਗਮ ਅਧਿਕਾਰੀ ਮੱਛੀ ਮਾਰਕੀਟ ’ਚ ਦਾਖਲ ਹੋਏ ਤਾਂ ਉਥੇ ਮੀਟ ਵੇਚਣ ਵਾਲੇ ਖੋਖਾ ਮਾਲਕਾਂ ’ਚ ਭੱਜ-ਦੌਡ਼ ਮਚ ਗਈ ਅਤੇ ਜਿਨ੍ਹਾਂ ਵੱਲੋਂ ਵਰਤਿਆ ਜਾਣ ਵਾਲਾ ਗੰਦਾ ਤੇਲ ਤੇ ਲਿਫਾਫਿਆਂ ਸਮੇਤ ਭਾਂਡੇ ਲਕਾਉਂਦੇ ਨਜ਼ਰ ਆਏ ਪਰ ਨਿਗਮ ਅਧਿਕਾਰੀਆਂ ਨੇ ਬਿਨਾਂ ਕੁਝ ਦੇਖੇ ਹੀ ਕਾਰਵਾਈ ਨੂੰ ਅੰਜਾਮ ਦਿੱਤਾ। ਕਾਰਵਾਈ ਸਬੰਧੀ ਗੱਲਬਾਤ ਕਰਦਿਆਂ ਸੈਨੇਟਰੀ ਇੰਸਪੈਕਟਰ ਨੇ ਦੱਸਿਆ ਕਿ ਵੱਖ-ਵੱਖ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ।
ਸਿਹਤ ਵਿਭਾਗ ਨੂੰ ਨਹੀਂ ਆਈ ਮੱਛੀ ਮਾਰਕੀਟ ਦੀ ਯਾਦ
ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਬੇਸ਼ੱਕ ਨਿਗਮ ਅਧਿਕਾਰੀਆਂ ਵੱਲੋਂ ਮੱਛੀ ਮਾਰਕੀਟ ’ਚ ਨਜ਼ਾਇਜ਼ ਤੌਰ ’ਤੇ ਵੇਚੀ ਜਾਂਦੀ ਮੱਛੀ ਵਿਕਰੇਤਾਵਾਂ ’ਤੇ ਨਿਗਮ ਅਧਿਕਾਰੀਆਂ ਦਾ ਡੰਡਾ ਚੱਲਿਆ ਪਰ ਸਿਹਤ ਵਿਭਾਗ ਨੂੰ ਕਦੇ ਵੀ ਮੱਛੀ ਮਾਰਕੀਟ ਦੀ ਯਾਦ ਨਹੀਂ ਆਈ, ਮੱਛੀ ਮਾਰਕੀਟ ’ਚ ਵਿਕਣ ਵਾਲੀ ਮੱਛੀ ਵਿਕਰੇਤਾਵਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ, ਪਰ ਸਿਹਤ ਵਿਭਾਗ ਬਿਲਕੁੱਲ ਬੇਖਬਰ ਹੈ।
ਬਿਨਾਂ ਲਾਇਸੈਂਸ ਧਡ਼ੱਲੇ ਨਾਲ ਵੇਚਿਆ ਜਾ ਰਿਹਾ ਮੀਟ
ਜ਼ਿਕਰਯੋਗ ਹੈ ਕਿ ਮੱਛੀ ਮਾਰਕੀਟ ’ਚ ਦੁਕਾਨਦਾਰਾਂ ਵੱਲੋਂ ਬਿਨਾਂ ਲਾਇਸੈਂਸ ਅਤੇ ਪ੍ਰਸਾਸ਼ਨਿਕ ਮਨਜ਼ੂਰੀ ਦੇ ਬਿਨਾਂ ਹੀ ਲੰਮੇ ਸਮੇਂ ਤੋਂ ਧਡ਼ੱਲੇ ਨਾਲ ਮੀਟ ਦੀ ਵਿਕਰੀ ਕੀਤੀ ਜਾ ਰਹੀ ਹੈ। ਜਦਕਿ ਉਕਤ ਕੰਮ ਦੇ ਲਈ ਦੁਕਾਨਦਾਰ ਦੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ। ਅੱਜ ਨਿਗਮ ਅਧਿਕਾਰੀਆਂ ਨੇ ਬਿਨਾਂ ਲਾਇਸੈਂਸ ਦੇ ਮੀਟ ਵੇਚ ਰਹੇ 12 ਦੇ ਕਰੀਬ ਖੋਖਾ ਸੰਚਾਲਕਾਂ ਦੇ ਚਲਾਨ ਵੀ ਕੱਟੇ।
ਪਕੌੜੇ ਬਣਾਉਣ ਲਈ ਗੰਦੇ ਤੇਲ ਦਾ ਇਸਤੇਮਾਲ ਕਰਦੇ ਹਨ ਦੁਕਾਨਦਾਰ
ਮੱਛੀ ਮਾਰਕੀਟ ’ਚ ਚੈਕਿੰਗ ਦੌਰਾਨ ਜਦ ਨਿਗਮ ਅਧਿਕਾਰੀਆਂ ਵੱਲੋਂ ਖੋਖਿਆਂ ’ਤੇ ਪਏ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਥੇ ਹਲਦੀ ਵਾਲੇ ਡੱਬਿਆਂ ’ਚ ਲੱਗੀ ਉੱਲੀ ਨੂੰ ਦੇਖ ਕੇ ਸੈਨੇਟਰੀ ਇੰਸਪੈਕਟਰ ਭਡ਼ਕ ਗਏ। ਇੰਸਪੈਕਟਰ ਨੇ ਉਕਤ ਦੁਕਾਨਦਾਰ ਨੂੰ ਫਟਕਾਰ ਲਾਉਂਦਿਆਂ ਉਸਦਾ ਸਾਮਾਨ ਜ਼ਬਤ ਕਰ ਕੇ ਚਲਾਨ ਕੱਟਿਆ ਅਤੇ ਉਸ ਨੂੰ ਅਗਲੇ ਹਫਤੇ ਨਿਗਮ ’ਚ ਪੇਸ਼ ਹੋਣ ਦੀ ਗੱਲ ਕਹੀ। ਇਸ ਦੌਰਾਨ ਪਾਇਆ ਗਿਆ ਕਿ ਦੁਕਾਨਦਾਰ ਜਿੱਥੇ ਮੱਛੀ ਦੇ ਪਕੌਡ਼ੇ ਬਣਾਉਣ ਦੇ ਲਈ ਗੰਦੇ ਤੇਲ ਦਾ ਪ੍ਰਯੋਗ ਕਰਦੇ ਹਨ, ਉਥੇ ਹੀ ਉਨ੍ਹਾਂ ਵੱਲੋਂ ਮਾਣਯੋਗ ਹਾਈ ਕੋਰਟ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰ ਕੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਵੀ ਸ਼ਰੇਆਮ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਨਿਗਮ ਅਧਿਕਾਰੀਆਂ ਨੇ ਖੋਖਿਆਂ ’ਤੇ ਪਏ ਪਲਾਸਟਿਕ ਦੇ ਲਿਫਾਫਿਆਂ ਨੂੰ ਵੀ ਜ਼ਬਤ ਕੀਤਾ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਦੁਕਾਨਦਾਰਾਂ ਵੱਲੋਂ ਵਰਤੇ ਜਾਂਦੇ ਗੰਦੇ ਤੇਲ ਨੂੰ ਉਸੇ ਸਮੇਂ ਹੀ ਨਸ਼ਟ ਕਰਵਾਇਆ ਗਿਆ।
ਭਾਰੀ ਗਰਮੀ ’ਚ ਵੀ ਮੈਡੀਕਲ ਅਤੇ ਆਰਥੋ ਵਾਰਡ ਦੇ ਮਰੀਜ਼ਾਂ ਨੂੰ ਨਹੀਂ ਨਸੀਬ ਹੋ ਰਿਹਾ ਸਾਫ ਪੀਣ ਵਾਲਾ ਪਾਣੀ
NEXT STORY