ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਮੀਟਿੰਗ ਦੌਰਾਨ ਬੋਰਡ ਦੀਆਂ 430 ਦੇ ਕਰੀਬ ਅਸਾਮੀਆਂ ਖਤਮ ਕਰਨ ਨੂੰ ਲੈ ਕੇ ਸਿੱਖਿਆ ਬੋਰਡ ਦੇ ਕਰਮਚਾਰੀ ਐਸੋਸੀਏਸ਼ਨ ਬੋਰਡ ਮੈਨੇਜਮੈਂਟ ਦੇ ਸਾਹਮਣੇ ਆ ਡਟੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਅਸਾਮੀਆਂ ਖਤਮ ਕਰਨ ਦੇ ਮਾਮਲੇ ਨੂੰ ਅਦਾਲਤ 'ਚ ਚੁਣੌਤੀ ਦੇਣਗੇ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਕੀਤੀ ਸੀ।
ਇਕ ਦਿਨ ਪਹਿਲਾਂ ਹੋਈ ਇਸ ਮੀਟਿੰਗ 'ਚ ਡਾਇਰੈਕਟਰ ਕੰਪਿਊਟਰ, ਡਿਪਟੀ ਡਾਇਰੈਕਟਰ ਅਕਾਦਮਿਕ, ਜੁਆਇੰਟ ਸਕੱਤਰ ਦੀਆਂ ਦੋ, ਡਿਪਟੀ ਸਕੱਤਰ ਦੀਆਂ 8, ਡਿਪਟੀ ਡਾਇਰੈਕਟਰ ਪੰਜਾਬੀ ਸੈੱਲ, ਡਿਪਟੀ ਡਾਇਰੈਕਟਰ ਫੀਲਡ ਪ੍ਰੋਗਰਾਮ, ਡਿਪਟੀ ਡਾਇਰੈਕਟਰ ਪਬਲੀਕੇਸ਼ਨ, ਕਾਰਜਕਾਰੀ ਇੰਜੀਨੀਅਰ, ਐੱਸ. ਡੀ. ਓ. ਦੀਆਂ 2, ਸੀਨੀਅਰ ਮੈਨੇਜਰ ਦੀ ਇਕ, ਜ਼ਿਲਾ ਮੈਨੇਜ਼ਰਾਂ ਦੀਆਂ 8, ਸਹਾਇਕ ਸਕੱਤਰਾਂ ਦੀਆਂ 11, ਹੈਲਪਰਾਂ ਦੀਆਂ 114, ਬੱਸ ਹੈਲਪਰਾਂ ਦੀਆਂ 2, ਡਰਾਈਵਰਾਂ ਦੀਆਂ 8, ਦਫਤਰੀ ਦੀਆਂ 24 ਅਤੇ ਡਾਟਾ ਐਂਟਰੀ ਆਪ੍ਰੇਟਰ ਦੀਆਂ 125 ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਆਸਾਮੀਆਂ ਖਾਲੀ ਪਾਈਆਂ ਸਨ। ਇਸ ਬਾਰੇ ਐਸੋਸੀਏਸ਼ਨ ਪ੍ਰਧਾਨ ਪਰਵਿੰਦਰ ਖੰਗੂੜਾ ਨੇ ਕਿਹਾ ਕਿ ਬੋਰਡ ਦੀਆਂ ਇਹ ਅਸਾਮੀਆਂ ਖਤਮ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਦੀਆਂ ਮਾਲੀ ਦੀਆਂ 6, ਪਬਲੀਕੇਸ਼ਨ ਅਫਸਰ ਦੀਆਂ 2, ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ 9, ਸਹਾਇਕ ਪਬਲੀਕੇਸ਼ਨ ਅਫਸਰ, ਜੂਨੀਅਰ ਆਰਟਿਕ ਕਮ ਲੇਅ ਆਊਟ ਐਕਪਰਟ ਅਤੇ ਗੈਸਟ ਹਾਊਸ ਦੇ ਸੁਪਰਡੈਂਟ ਦੀ ਅਸਾਮੀ ਦੇ ਨਾਲ-ਨਾਲ ਪੀ. ਏ. ਗਰੇਡ-1 ਦੀ ਅਸਾਮੀ ਵੀ ਖਤਮ ਕੀਤੀ ਗਈ ਹੈ, ਜਿਸ ਨੂੰ ਐਸੋਸੀਏਸ਼ਨ ਅਦਾਲਤ 'ਚ ਚੁਣੌਤੀ ਦੇਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸਕੱਤਰੇਤ ਦੇ ਪੈਟਰਨ ਤੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਵਿਸ਼ੇਸ਼ ਭੱਤਾ ਵੀ ਬੰਦ ਕੀਤਾ ਗਿਆ ਹੈ, ਜਿਸ ਲਈ ਉਹ ਸੁਪਰੀਮ ਕੋਰਟ ਤੱਕ ਜਿੱਤ ਹਾਸਲ ਕਰ ਚੁੱਕੇ ਸਨ। ਜਦੋਂ ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਰੋਜ਼ਗਾਰ ਪੈਦਾ ਕਰਨ ਵਾਲਾ ਅਦਾਰਾ ਨਹੀਂ, ਸਗੋਂ ਇਹ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਅਦਾਰਾ ਹੈ। ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਜੋ ਖਾਲੀ ਪਈਆਂ ਅਸਾਮੀਆਂ, ਜੋ ਕਿ ਵਾਧੂ ਸਨ ਉਨ੍ਹਾਂ ਨੂੰ ਖਤਮ ਕੀਤਾ ਗਿਆ ਹੈ।
'ਖੰਨਾ' ਹੋਇਆ ਕੋਰੋਨਾ ਮੁਕਤ, ਸਿਵਲ ਹਸਪਤਾਲ 'ਚੋਂ 1 ਮਰੀਜ਼ ਤੇ 11 ਹੋਰ ਡਿਸਚਾਰਜ
NEXT STORY