ਪਟਿਆਲਾ (ਰਾਜੇਸ਼)—ਪੰਜਾਬ ਟੈਕਨੀਕਲ ਐਜੂਕੇਸ਼ਨ ਵਿਭਾਗ ਦੇ ਡਾਇਰੈਕਟਰ-ਕਮ-ਸਪੈਸ਼ਲ ਸੈਕਟਰੀ ਪ੍ਰਵੀਨ ਥਿੰਦ ਵਲੋਂ ਇਕ ਪ੍ਰਾਈਵੇਟ ਟੈਕਨੀਕਲ ਕਾਲਜ ਨੂੰ ਗਲਤ ਅਤੇ ਪ੍ਰਿੰਸੀਪਲ ਸੈਕਟਰੀ ਦੀ ਬਿਨਾਂ ਮਨਜ਼ੂਰੀ ਤੋਂ ਐੱਨ. ਓ. ਸੀ. ਜਾਰੀ ਕਰਨ ਦੇ ਮਾਮਲੇ 'ਤੇ ਐੱਫ. ਆਈ. ਆਰ. ਦਰਜ ਹੋ ਸਕਦੀ ਹੈ। ਇਸ ਸਬੰਧੀ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਵਿਭਾਗ ਦੇ ਸਪੈਸ਼ਲ ਸੈਕਟਰੀ ਗੁੰਮ ਹੋਈ ਨੋਟਿੰਗ ਪੇਸ਼ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਜਾਵੇਗੀ।
ਤਕਨੀਕੀ ਸਿੱਖਿਆ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ-ਕਮ-ਸਪੈਸ਼ਲ ਸੈਕਟਰੀ ਪ੍ਰਵੀਨ ਥਿੰਦ ਨੇ ਚੰਡੀਗੜ੍ਹ ਪੋਲੀਟੈਕਨਿਕ ਕਾਲਜ ਘੜੂੰਆਂ ਨੂੰ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਤੋਂ ਅਫਿਲੀਏਸ਼ਨ ਵਾਪਸ ਲੈ ਕੇ ਇਸ ਦੀ ਅਫਿਲੀਏਸ਼ਨ ਇਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਦੇਣ ਦੇ ਮਤੇ ਨੂੰ ਮਨਜ਼ੂਰੀ ਦਿੰਦੇ ਹੋਏ ਵਿਭਾਗ ਨੇ ਐੱਨ. ਓ. ਸੀ. ਜਾਰੀ ਕਰ ਦਿੱਤੀ ਸੀ। ਜਦੋਂ ਇਸ ਮਾਮਲੇ ਦੀ ਜਾਣਕਾਰੀ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਨੁਰਾਗ ਵਰਮਾ ਕੋਲ ਪਹੁੰਚੀ ਤਾਂ ਉਨ੍ਹਾਂ ਇਸ ਪੂਰੀ ਫਾਈਲ ਦੀ ਘੋਖ ਕੀਤੀ। ਇਸ ਤੋਂ ਇਹ ਤੱਥ ਸਾਹਮਣੇ ਆਏ ਕਿ ਵਿਭਾਗ ਦੇ ਡਾਇਰੈਕਟਰ-ਕਮ-ਸਪੈਸ਼ਲ ਸੈਕਟਰੀ ਨੇ ਪ੍ਰਿੰਸੀਪਲ ਸੈਕਟਰੀ ਅਤੇ ਵਿਭਾਗ ਦੇ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਹੀ ਇਹ ਐੱਨ. ਓ. ਸੀ. ਜਾਰੀ ਕਰ ਕੇ ਸਰਕਾਰ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਪੂਰੀ ਫਾਈਲ ਘੋਖਣ ਉਪਰੰਤ ਆਪਣਾ ਪੱਤਰ ਨੰਬਰ 1607401 ਜਾਰੀ ਕਰ ਕੇ ਡਾਇਰੈਕਟਰ ਵੱਲੋਂ ਜਾਰੀ ਕੀਤੀ ਗਈ ਐੱਨ. ਓ. ਸੀ. ਰੱਦ ਕਰ ਦਿੱਤੀ।
ਦਿਲਚਸਪ ਗੱਲ ਤਾਂ ਇਹ ਹੈ ਕਿ ਇਹ ਐੱਨ. ਓ. ਸੀ. ਡਾਇਰੈਕਟਰ ਨੇ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਨੁਰਾਗ ਵਰਮਾ ਦੀ ਮੋਹਰ ਹੇਠ ਜਾਰੀ ਕੀਤੀ ਸੀ ਜਦੋਂ ਕਿ ਪ੍ਰਿੰਸੀਪਲ ਸੈਕਟਰੀ ਨੇ ਇਸ ਦੀ ਮਨਜ਼ੂਰੀ ਹੀ ਨਹੀਂ ਦਿੱਤੀ ਸੀ। ਡਾਇਰੈਕਟਰ ਨੇ ਇਹ ਐੱਨ. ਓ. ਸੀ. ਜਾਰੀ ਕਰਨ ਸਬੰਧੀ ਫਾਈਲ 'ਤੇ ਇਹ ਨੋਟਿੰਗ ਲਿਖੀ ਸੀ ਕਿ ਉਨ੍ਹਾਂ ਦੀ ਇਸ ਸਬੰਧੀ ਵਿਭਾਗ ਦੇ ਮੰਤਰੀ ਅਤੇ ਪ੍ਰਿੰਸੀਪਲ ਸੈਕਟਰੀ ਨਾਲ ਗੱਲਬਾਤ ਹੋ ਚੁੱਕੀ ਹੈ। ਇਹ ਗੱਲਬਾਤ ਫਾਈਲ 'ਤੇ ਉਸ ਦਿਨ ਦਿਖਾਈ ਗਈ ਹੈ, ਜਿਸ ਦਿਨ ਵਿਭਾਗ ਦੇ ਸਾਬਕਾ ਪ੍ਰਿੰਸੀਪਲ ਸੈਕਟਰੀ ਡੀ. ਕੇ. ਤਿਵਾੜੀ ਬਦਲ ਗਏ ਸਨ ਅਤੇ ਅਨੁਰਾਗ ਵਰਮਾ ਨੇ ਪ੍ਰਿੰਸੀਪਲ ਸੈਕਟਰੀ ਵਜੋਂ ਚਾਰਜ ਸੰਭਾਲ ਲਿਆ ਸੀ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਡਾਇਰੈਕਟਰ ਨੇ ਇਹ ਐੱਨ. ਓ. ਸੀ. ਜਾਰੀ ਕਰ ਦਿੱਤੀ। ਜਦੋਂ ਮੌਜੂਦਾ ਪ੍ਰਿੰਸੀਪਲ ਸੈਕਟਰੀ ਨੇ ਇਸ ਪੋਸਟ ਤੋਂ ਬਦਲੇ ਗਏ ਸਾਬਕਾ ਪ੍ਰਿੰਸੀਪਲ ਸੈਕਟਰੀ ਡੀ. ਕੇ. ਤਿਵਾੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਇਸ ਮਤੇ ਖਿਲਾਫ ਬਾਕਾਇਦਾ ਫਾਈਲ 'ਤੇ ਨੋਟਿੰਗ ਲਿਖ ਕੇ ਆਏ ਹਨ। ਜਦੋਂ ਪ੍ਰਿੰਸੀਪਲ ਸੈਕਟਰੀ ਅਨੁਰਾਗ ਵਰਮਾ ਨੇ ਫਾਈਲ ਵਿਚੋਂ ਇਹ ਨੋਟਿੰਗ ਦੇਖੀ ਤਾਂ ਡੀ. ਕੇ. ਤਿਵਾੜੀ ਵੱਲੋਂ ਲਿਖੀ ਗਈ ਨੋਟਿੰਗ ਗਾਇਬ ਸੀ, ਜਿਸ ਦਾ ਅਨੁਰਾਗ ਵਰਮਾ ਨੇ ਸਖਤ ਨੋਟਿਸ ਲਿਆ ਅਤੇ ਹੁਕਮ ਜਾਰੀ ਕੀਤੇ ਕਿ ਜੇਕਰ ਤਿਵਾੜੀ ਦੀ ਨੋਟਿੰਗ ਪੇਸ਼ ਨਾ ਕੀਤੀ ਗਈ ਤਾਂ ਡਾਇਰੈਕਟਰ-ਕਮ-ਸਪੈਸ਼ਲ ਸੈਕਟਰੀ ਸਮੇਤ ਵਿਭਾਗ ਦੇ ਸਬੰਧਤ ਅਫਸਰਾਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।
ਜਦੋਂ ਮੇਰੇ ਧਿਆਨ ਵਿਚ ਇਹ ਮਾਮਲਾ ਆਇਆ ਤਾਂ ਮੈਂ ਤੁਰੰਤ ਐਕਸ਼ਨ ਲੈਂਦੇ ਹੋਏ ਜਾਰੀ ਕੀਤਾ ਗਿਆ ਐੱਨ. ਓ. ਸੀ. ਰੱਦ ਕਰ ਕੇ ਬਣਦੇ ਹੁਕਮ ਜਾਰੀ ਕਰ ਦਿੱਤੇ। ਵਿਭਾਗ ਦੇ ਸਾਬਕਾ ਪ੍ਰਿੰਸੀਪਲ ਸੈਕਟਰੀ ਡੀ. ਕੇ. ਤਿਵਾੜੀ ਵੱਲੋਂ ਲਿਖਿਆ ਗਿਆ ਨੋਟ ਫਾਈਲ ਤੋਂ ਕਿਵੇਂ ਗਾਇਬ ਹੋਇਆ? ਇਸ ਦੀ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਸਬੰਧਤ ਅਧਿਕਾਰੀਆਂ ਨੇ ਇਹ ਨੋਟਿੰਗ ਪੇਸ਼ ਨਾ ਕੀਤੀ ਤਾਂ ਐੱਫ. ਆਈ. ਆਰ. ਕਰਵਾਉਣ ਦੇ ਨਾਲ-ਨਾਲ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਅਨੁਰਾਗ ਵਰਮਾ
ਬੇਅੰਤ ਸਿੰਘ ਦਾ ਪਰਿਵਾਰ ਸੁਪਰੀਮ ਕੋਰਟ ਜਾਵੇ, ਮੈਂ ਉਨ੍ਹਾਂ ਦੇ ਨਾਲ ਜਾਵਾਂਗਾ : ਮਨਿੰਦਰਜੀਤ ਬਿੱਟਾ
NEXT STORY