ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ),ਅਸ਼ਵਨੀ)– ਪੰਜਾਬ ਵਿਚ ਜਲਦੀ ਹੀ ਸੁਤੰਤਰਤਾ ਸੰਗਰਾਮ ਦੇ ਗੁੰਮਨਾਮ ਨਾਇਕਾਂ ਦੇ ਸਨਮਾਨ ਵਿਚ ਇਕ ਯਾਦਗਾਰ ਬਣੇਗਾ। ਇਹ ਐਲਾਨ ਸ਼ਨੀਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ ਵਿਚ ਜਾਨਾਂ ਨਿਛਾਵਰ ਕਰਨ ਵਾਲੇ ਗੁੰਮਨਾਮ ਨਾਇਕਾਂ ਦੀ ਸੂਚੀ ਲੰਬੀ ਹੈ। ਪੰਜਾਬ ਵਿਚ ਬਣਨ ਵਾਲੀ ਇਹ ਯਾਦਗਾਰ ਵਤਨ ਦੇ ਪਰਵਾਨਿਆਂ ਨੂੰ ਸਮਰਪਿਤ ਹੋਵੇਗੀ, ਜਿਨ੍ਹਾਂ ਨੂੰ ਕਾਲੇਪਾਣੀ ਵਜੋਂ ਜਾਣੀ ਜਾਂਦੀ ਬੇਰਹਿਮ ਸਜ਼ਾ ਭੁਗਤਣੀ ਪਈ।
ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ 'ਚ ਜਿੱਤ ਨੂੰ ਪੱਕਾ ਕਰਨ ਲਈ ਸਰਕਾਰ ਤੇ ਪਾਰਟੀ ਲੀਡਰਸ਼ਿਪ ਮਿਲ ਕੇ ਕਰੇਗੀ ਕੰਮ : ਕੈਪਟਨ
ਮੁੱਖ ਮੰਤਰੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਅੰਡੇਮਾਨ ਟਾਪੂ ਵਿਚ ਸੈਲੂਲਰ ਜੇਲ ਦੇ ਦੌਰੇ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਕੰਧਾਂ ’ਤੇ ਸ਼ਹੀਦਾਂ ਦੇ ਉਕਰੇ ਹੋਏ ਨਾਵਾਂ ਵਿਚੋਂ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਸਨ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਕਾਲੇ ਪਾਣੀ ਦੀ ਸਜ਼ਾ ਭੁਗਤਦਿਆਂ ਗੁੰਮਨਾਮੀ ਵਿਚ ਹੀ ਇਸ ਜਹਾਨ ਤੋਂ ਤੁਰ ਗਏ ਅਤੇ ਉਨ੍ਹਾਂ ਦੀਆਂ ਯਾਦਾਂ ਵੀ ਜੇਲ ਤੱਕ ਹੀ ਮਹਿਦੂਦ ਹੋ ਕੇ ਰਹਿ ਗਈਆਂ। ਉਨ੍ਹਾਂ ਕਿਹਾ ਕਿ ਮਾਤਭੂਮੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਹੈ।
6.40 ਕਰੋੜ ਦੀ ਲਾਗਤ ਵਾਲਾ ਸ਼ਹੀਦ ਊਧਮ ਸਿੰਘ ਦੀ ਯਾਦਗਾਰ
ਸੁਨਾਮ ਵਿਚ ਸ਼ਹੀਦ ਊਧਮ ਸਿੰਘ ਦੇ ਤਾਂਬੇ ਦੇ ਆਦਮਕੱਦ ਬੁੱਤ ਸਮੇਤ ਉਚ ਦਰਜੇ ਵਾਲੇ ਸਮਾਰਕ ਬਣਾਇਆ ਗਿਆ ਹੈ, ਜਿਸ ਦੇ ਨਾਲ ਦੋਵੇਂ ਪਾਸੇ ਸਥਾਪਿਤ 4-4 ਪੱਥਰਾਂ ’ਤੇ ਸ਼ਹੀਦ ਊਧਮ ਸਿੰਘ ਦੇ ਜੀਵਨ, ਇਤਿਹਾਸ ਤੇ ਮਿਸਾਲੀ ਯੋਗਦਾਨ ਨੂੰ ਅੰਗਰੇਜ਼ੀ ਤੇ ਪੰਜਾਬੀ ਵਿਚ ਉਕੇਰਿਆ ਗਿਆ ਹੈ। ਇਸ ਤੋਂ ਇਲਾਵਾ ਅਜਾਇਬ ਘਰ ਵੀ ਬਣਾਇਆ ਗਿਆ ਹੈ, ਜਿਥੇ ਨਿਸ਼ਾਨੀਆਂ, ਵਿਲੱਖਣ ਤਸਵੀਰਾਂ, ਦਸਤਾਵੇਜ਼ ਤੇ ਮਹਾਨ ਸ਼ਹੀਦ ਦੀਆਂ ਅਸਥੀਆਂ ਕਲਸ਼ ਵਿਚ ਰੱਖੀਆਂ ਗਈਆਂ ਹਨ। ਇਸ ਯਾਦਗਾਰ ’ਤੇ 6.40 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ਵਿਚੋਂ ਜ਼ਮੀਨ ਦੀ ਕੀਮਤ ਉਤੇ 3.40 ਕਰੋੜ ਜਦਕਿ ਬਾਕੀ 3 ਕਰੋੜ ਰੁਪਏ ਇਸ ਦੀ ਉਸਾਰੀ ’ਤੇ ਖਰਚ ਕੀਤੇ ਗਏ ਹਨ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਦੇ CM ਨੂੰ ਧਮਕੀ ਦੇਣ ਦੇ ਮਾਮਲੇ ’ਚ SFJ ਦੇ ਮੈਂਬਰ ਪੰਨੂ ਖ਼ਿਲਾਫ਼ ਕੇਸ ਦਰਜ
ਇਸ ਦੌਰਾਨ ਮੁੱਖ ਮੰਤਰੀ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਵੀ ਮਿਲੇ ਅਤੇ ਸਤਿਕਾਰ ਵਜੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ, ਇਨ੍ਹਾਂ ਵਿਚ ਜੀਤ ਸਿੰਘ, ਗਿਆਨ ਸਿੰਘ, ਰਣਜੀਤ ਕੌਰ, ਜੀਤ ਸਿੰਘ ਪੁੱਤਰ ਬਚਨ ਸਿੰਘ, ਮੋਹਨ ਸਿੰਘ, ਸ਼ਾਮ ਸਿੰਘ, ਗੁਰਮੀਤ ਸਿੰਘ ਅਤੇ ਮਲਕੀਤ ਸਿੰਘ (ਸਾਰੇ ਸੁਨਾਮ ਵਾਸੀ) ਸ਼ਾਮਲ ਸਨ।
ਮੁੱਖ ਮੰਤਰੀ ਨੇ ਸਥਾਨਕ ਲੀਡਰਸ਼ਿਪ ਨੂੰ ਇਸ ਯਾਦਗਾਰ ਦਾ ਸਹੀ ਢੰਗ ਨਾਲ ਰੱਖ-ਰਖਾਅ ਕਰਨ ਦੀ ਅਪੀਲ ਕੀਤੀ ਕਿਉਂ ਜੋ ਉਨ੍ਹਾਂ ਨੇ ਦੇਖਿਆ ਹੈ ਕਿ ਕੁਝ ਸਮੇਂ ਬਾਅਦ ਸਤਿਕਾਰ ਦੇ ਪਾਤਰ ਅਜਿਹੀਆਂ ਥਾਵਾਂ ਅਣਗੌਲੀਆ ਹੋ ਜਾਂਦੀਆਂ ਹਨ ਜਦਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ।
ਇਹ ਵੀ ਪੜ੍ਹੋ- ਬੇਅਦਬੀ ਮਾਮਲਿਆਂ ’ਤੇ ਹੋ ਰਹੀ ਰਾਜਨੀਤੀ ਬੰਦ ਕਰਕੇ ਇਨਸਾਫ਼ ਦੇਣ ਵੱਲ ਵਧਣ ਨੇਤਾ : ਪੀੜਤ
ਇਸ ਮੌਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਤੇ ਸਭਿੱਆਚਾਰਕ ਮਾਮਲੇ ਕੰਵਲ ਪ੍ਰੀਤ ਬਰਾੜ, ਡਿਪਟੀ ਕਮਿਸ਼ਨਰ ਰਾਮਵੀਰ, ਡੀ. ਆਈ. ਜੀ. ਵਿਕਰਮਜੀਤ ਦੁੱਗਲ ਅਤੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਹਾਜ਼ਰ ਸਨ।
ਬੇਅਦਬੀ ਮਾਮਲਿਆਂ ’ਤੇ ਹੋ ਰਹੀ ਰਾਜਨੀਤੀ ਬੰਦ ਕਰਕੇ ਇਨਸਾਫ਼ ਦੇਣ ਵੱਲ ਵਧਣ ਨੇਤਾ : ਪੀੜਤ
NEXT STORY