ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਪੰਜਾਬ ਵਿਧਾਨ ਸਭਾ ਵਿਚ ਸੂਬੇ ਦੀ ਤਰੱਕੀ ਦੇ ਕਈ ਵੱਡੇ ਐਲਾਨ ਹੋਏ ਹਨ ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਚੌਣਾਂ ਦੌਰਾਨ ਕੀਤੇ ਆਪਣੇ ਵਾਅਦੇ ਪੂਰੇ ਕਰਕੇ ਪੰਜਾਬ ਸਰਕਾਰ ਲੋਕਾਂ ਦਾ ਭਰੋਸਾ ਹਾਸਲ ਕਰਨ ਵਿਚ ਸਫਲ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਉਦਯੋਗਾਂ ਨੂੰ ਮੁੜ ਲੀਹ 'ਤੇ ਲਿਆਉਣ ਲਈ ਕਈ ਅਹਿਮ ਫੈਸਲੇ ਕਰਕੇ ਉਦਯੋਗਿਕ ਖੇਤਰ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਵੱਡੀ ਪਹਿਲ ਕਦਮੀ ਕੀਤੀ ਹੈ। ਜਿਸ ਅਧੀਨ ਉਦਯੋਗਿਕ ਇਕਾਈਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਦੇਣ ਦਾ ਜੋ ਇਤਿਹਾਸਕ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ, ਇਹ ਪੰਜਾਬ ਵਿਚ ਉਦਯੋਗਿਕ ਤਰੱਕੀ ਲਈ ਇਕ ਅਹਿਮ ਕੜੀ ਦਾ ਕੰਮ ਕਰੇਗਾ ਕਿਉਂਕਿ ਉਦਯੋਗਿਕ ਵਿਕਾਸ ਮੁੱਢਲੇ ਤੌਰ 'ਤੇ ਬਿਜਲੀ ਸਪਲਾਈ ਅਤੇ ਬੁÎਨਿਆਦੀ ਢਾਂਚੇ ਅਤੇ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਵਿਆਪਕ ਸਹੂਲਤਾਂ 'ਤੇ ਨਿਰਭਰ ਕਰਦਾ ਹੈ। ਇਹ ਜਾਣਕਾਰੀ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਇਥੋਂ ਲਾਗੇ ਕਸਬਾ ਭਰਤਗੜ੍ਹ ਵਿਚ ਕਾਂਗਰਸੀ ਆਗੂ ਨਰਿੰਦਰ ਪੁਰੀ ਦੇ ਨਿਵਾਸ ਸਥਾਨ 'ਤੇ ਇਲਾਕੇ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਦਿੱਤੀ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਸਸਤੀ ਬਿਜਲੀ ਦੇਣ ਦੇ ਫੈਸਲੇ ਦਾ ਉਦਯੋਗਿਕ ਘਰਾਣਿਆਂ ਵੱਲੋਂ ਵਿਆਪਕ ਪੱਧਰ 'ਤੇ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਮਿਲਣ ਨਾਲ ਉਦਯੋਗਿਕ ਇਕਾਈਆਂ ਦੀ ਲਾਗਤ ਘਟੇਗੀ ਅਤੇ ਉਨ੍ਹਾਂ ਦੇ ਮੁਨਾਫੇ ਵਿਚ ਵਾਧਾ ਹੋਵੇਗਾ। ਉਨ੍ਹਾਂ ਆਖਿਆ ਕਿ ਮੁੜ ਪੰਜਾਬ ਵਿਚ ਉਦਯੋਗਿਕ ਖੇਤਰ ਦੇ ਵਿਕਾਸ ਨਾਲ ਪੜ੍ਹੇ ਲਿਖੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਵੀ ਹਾਸਲ ਹੋਵੇਗਾ ਅਤੇ ਵੱਡੀ ਪੱਧਰ 'ਤੇ ਉਦਯੋਗਿਕ ਕਾਮਿਆਂ ਨੂੰ ਵੀ ਰੋਜ਼ਗਾਰ ਮਿਲੇਗਾ। ਸਪੀਕਰ ਨੇ ਕਿਹਾ ਕਿ ਉਦਯੋਗਿਕ ਨਗਰਾਂ ਦੀਆਂ ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਨੇ ਹਰ ਸੰਭਵ ਸਹਾਇਤਾ ਦੇਣ ਦਾ ਵੀ ਐਲਾਨ ਵਿਧਾਨ ਸਭਾ ਵਿਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਪੂੰਜੀ ਨਿਵੇਸ਼ ਨੂੰ ਬੜਾਵਾ ਦੇਣ ਲਈ ਪੰਜਾਬ ਸਰਕਾਰ ਨੇ 'ਨਿਵੇਸ਼ ਪੰਜਾਬ' ਨਾਂ ਦਾ ਏਕੀਕ੍ਰਿਤ ਰੈਗੂਲੇਟਰ ਸਥਾਪਤ ਕੀਤੀ ਹੈ ਜੋ ਕਿ 23 ਸਬੰਧਤ ਵਿਭਾਗਾਂ ਨੂੰ ਨਿਯਮਤ ਪ੍ਰਵਾਨਗੀਆਂ ਦੇਣ ਦੇ ਸਮਰੱਥ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲਾ ਪੱਧਰ 'ਤੇ ਵੀ ਅਜਿਹੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਰਤਗੜ੍ਹ ਖੇਤਰ ਵਿਚ ਲੋਕਾਂ ਨੂੰ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਹਾਲੇ ਤੱਕ ਮੁਹੱਈਆਂ ਨਹੀਂ ਹੋ ਸਕੀਆਂ। ਇਹ ਇਲਾਕਾ ਪਿਛਲੇ ਕਾਫੀ ਸਮੇਂ ਤੋਂ ਅਣਗੋਲਿਆ ਹੋਇਆ ਹੈ। ਪੰਜਾਬ ਸਰਕਾਰ ਅਜਿਹੇ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਲਿਆ ਰਹੀ ਹੈ।
ਟੈਂਡਰ ਘੋਟਾਲੇ 'ਚ ਸਸਪੈਂਡ ਅਧਿਕਾਰੀਆਂ ਦੀ ਸਿੱਧੂ ਸਾਹਮਣੇ ਹੋਈ ਪੇਸ਼ੀ (ਵੀਡੀਓ)
NEXT STORY