ਚੰਡੀਗੜ੍ਹ (ਅੰਕੁਰ) : ਪੰਜਾਬ ਵਿਧਾਨ ਸਭਾ ਦੇ 16ਵੇਂ ਕਾਰਜਕਾਲ ਦਾ 13ਵਾਂ ਸਮਾਗਮ ਸੋਮਵਾਰ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਸਦਨ ਅੰਦਰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸਦਨ ਅੰਦਰ 2 ਮਿੰਟ ਦਾ ਮੌਨ ਰੱਖਿਆ ਗਿਆ। ਸਦਨ ਦੀ ਕਾਰਵਾਈ ਦੀ ਸ਼ੁਰੂਆਤ ਅਕਾਲ ਚਲਾਣਿਆਂ ਦੇ ਵਰਣਨ ਨਾਲ ਹੋਈ। ਇਸ ਦੌਰਾਨ ਸਾਬਕਾ ਵਿਧਾਇਕ ਸਾਹੀ ਰਾਮ ਬਿਸ਼ਨੋਈ, ਸ਼ਹੀਦ ਸਿਪਾਹੀ ਸਰਬਜੀਤ ਸਿੰਘ, ਸੁਤੰਤਰਤਾ ਸੰਗਰਾਮੀ ਸੇਵਾ ਸਿੰਘ ਅਤੇ ਖਿਡਾਰੀ ਰਣਧੀਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਅੱਜ ਦੀ ਸਦਨ ਦੀ ਕਾਰਵਾਈ ਦੌਰਾਨ ਪ੍ਰਸ਼ਨ ਕਾਲ, ਧਿਆਨ ਦਿਵਾਉ ਨੋਟਿਸਾਂ ਅਤੇ ਮਹੱਤਵਪੂਰਨ ਸੋਧ ਬਿੱਲ ਸਮੇਤ ਕਈ ਲੋਕ-ਹਿਤ ਮੁੱਦਿਆਂ ’ਤੇ ਚਰਚਾ ਹੋਵੇਗੀ। ਇਸ ਤੋਂ ਬਾਅਦ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਸਬੰਧਿਤ ਮੰਤਰੀਆਂ ਵੱਲੋਂ ਦਿੱਤੇ ਜਾਣਗੇ। ਸਪੀਕਰ ਤੇ ਵਿਧਾਨ ਸਭਾ ਸਕੱਤਰ ਵੱਲੋਂ ਲੋੜੀਂਦੇ ਐਲਾਨ ਵੀ ਕੀਤੇ ਜਾਣਗੇ।
ਧਿਆਨ ਦਿਵਾਊ ਨੋਟਿਸਾਂ ਰਾਹੀਂ ਉਠਣਗੇ ਲੋਕ-ਹਿਤ ਮੁੱਦੇ
ਕਾਰਜ ਸੂਚੀ ਅਨੁਸਾਰ ਵਿਧਾਇਕ ਡਾ. ਚਰਨਜੀਤ ਸਿੰਘ ਖਰੜ-ਬੱਸੀ ਪਠਾਣਾ ਰੋਡ 'ਤੇ ਪੱਕਾ ਪੁਲ ਬਣਾਉਣ ਦੀ ਲੋੜ ਦਾ ਮੁੱਦਾ ਉਠਾਉਣਗੇ। ਇਸੇ ਤਰ੍ਹਾਂ ਡਾ. ਜਸਬੀਰ ਸਿੰਘ ਸੰਧੂ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਮੋਤੀਆਬਿੰਦ ਦੇ ਇਲਾਜ ਨੂੰ ਸ਼ਾਮਲ ਕਰਨ ਦੀ ਮੰਗ ਰੱਖਣਗੇ, ਜਦਕਿ ਬਲਕਾਰ ਸਿੰਘ ਸਿੱਧੂ ਰਾਮਪੁਰਾ ਫੂਲ ਦੇ ਸਰਕਾਰੀ ਮਿਡਲ ਸਕੂਲ ਦੀ ਜਰਜਰ ਇਮਾਰਤ ਦਾ ਮਸਲਾ ਸਦਨ ਦੇ ਧਿਆਨ ’ਚ ਲਿਆਉਣਗੇ। ਸਦਨ ’ਚ ਕਾਰਜ ਸਲਾਹਕਾਰ ਕਮੇਟੀ ਦੀ ਪਹਿਲੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ ਅਤੇ ਇਸ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇਣ ਲਈ ਮਤਾ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਵਿਧਾਨਕ ਕੰਮਕਾਜ ਤਹਿਤ ਸਰਕਾਰ ਵੱਲੋਂ 'ਪੰਜਾਬ ਕਾਮਨ ਇਨਫਰਾਸਟ੍ਰਕਚਰ (ਰੈਗੂਲੇਸ਼ਨ ਐਂਡ ਮੇਨਟੇਨੈਂਸ) ਸੋਧ ਬਿੱਲ, 2026' ਸਦਨ ’ਚ ਪੇਸ਼ ਕੀਤਾ ਜਾਵੇਗਾ। ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਨੂੰ ਲੋਕ-ਹਿੱਤ ਦੇ ਮੁੱਦਿਆਂ, ਪ੍ਰਸ਼ਨ ਕਾਲ ਤੇ ਵਿਧਾਨਿਕ ਕੰਮਕਾਜ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ।
ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ ਜਾਰੀ
NEXT STORY