ਜਲੰਧਰ (ਪੁਨੀਤ)– ਚੋਣਾਵੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਈ ਅਜਿਹੇ ਐਲਾਨ ਕਰ ਚੁੱਕੇ ਹਨ, ਜਿਨ੍ਹਾਂ ਵਿਚ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੇਜਰੀਵਾਲ ਦੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ। ਸਰਕਾਰੀ ਬੱਸਾਂ ਏਅਰਪੋਰਟ ਤੱਕ ਨਾ ਜਾਣ ਕਾਰਨ ਲੋਕਾਂ ਨੂੰ ਨਿੱਜੀ ਬੱਸਾਂ ਵਿਚ ਸਫ਼ਰ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਜੇਬਾਂ ’ਤੇ ਭਾਰੀ ਬੋਝ ਪੈ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਵੋਲਵੋ ਬੱਸਾਂ ਖਰੀਦ ਕੇ ਜਦੋਂ ਦਿੱਲੀ ਏਅਰਪੋਰਟ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਤਾਂ ਲੋਕਾਂ ਨੂੰ ਇਸ ਨਾਲ ਵੱਡੀ ਸਹੂਲਤ ਮਿਲਣੀ ਸ਼ੁਰੂ ਹੋਈ ਸੀ ਪਰ ਹੁਣ ਇਹ ਸਹੂਲਤ ਮੁਹੱਈਆ ਨਹੀਂ ਹੈ। ਪੰਜਾਬ ਦੀਆਂ ਬੱਸਾਂ ਨੇ ਜਦੋਂ ਦਿੱਲੀ ਏਅਰਪੋਰਟ ਲਈ ਜਾਣਾ ਚਾਹਿਆ ਤਾਂ ਉਨ੍ਹਾਂ ਦਾ ਚਲਾਨ ਵੀ ਕਰ ਦਿੱਤਾ ਗਿਆ, ਜਿਸ ਕਾਰਨ ਸਰਕਾਰੀ ਬੱਸਾਂ ਹੁਣ ਏਅਰਪੋਰਟ ਤੱਕ ਨਹੀਂ ਜਾ ਪਾ ਰਹੀਆਂ। ਇਸ ਸਭ ਕਾਰਨ ਜਨਤਾ ਨੂੰ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ ਕਿਉਂਕਿ ਸਰਕਾਰੀ ਬੱਸਾਂ ਦੇ ਮੁਕਾਬਲੇ ਨਿੱਜੀ ਬੱਸਾਂ ਦਾ ਕਿਰਾਇਆ ਕਈ ਗੁਣਾ ਵੱਧ ਹੈ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਨਵੀਂ ਪਾਰਟੀ ਦੇ ਐਲਾਨ ’ਤੇ ਪਰਗਟ ਸਿੰਘ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
ਯਾਤਰੀਆਂ ਦੀ ਇਸ ਪਰੇਸ਼ਾਨੀ ਨੂੰ ਲੈ ਕੇ ਨਵੇਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਦਿੱਲੀ ਸਰਕਾਰ ਨੂੰ ਚਿੱਠੀ ਵੀ ਲਿਖੀ ਗਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੀ ਦਿੱਲੀ ਵਿਚ ਸੁਣਵਾਈ ਨਹੀਂ ਹੋ ਪਾ ਰਹੀ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਇਕ ਪਾਸੇ ਪੰਜਾਬ ਵਾਸੀਆਂ ਲਈ ਵੱਡੇ-ਵੱਡੇ ਐਲਾਨ ਕਰ ਰਹੇ ਹਨ, ਉਥੇ ਹੀ ਇਸਦੇ ਉਲਟ ਲੋਕਾਂ ਦੀ ਸਹੂਲਤ ਲਈ ਚੱਲ ਰਹੀਆਂ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਨੂੰ ਏਅਰਪੋਰਟ ਤੱਕ ਜਾਣ ਤੋਂ ਰੋਕਿਆ ਜਾ ਰਿਹਾ ਹੈ। ਹੁਣ ਤੱਕ ਇਸ ਪ੍ਰਤੀ ਮੁੱਖ ਮੰਤਰੀ ਕੇਜਰੀਵਾਲ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਰਾਜਾ ਵੜਿੰਗ ਦਿੱਲੀ ਵਿਚ ਸਰਕਾਰੀ ਬੱਸਾਂ ਨੂੰ ਏਅਰਪੋਰਟ ਤੱਕ ਨਾ ਜਾਣ ਦੇਣ ਲਈ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ।
ਵਿਦੇਸ਼ ਜਾਣ ਵਾਲੇ ਲੋਕ ਬਿਨਾਂ ਕਿਸੇ ਝੰਜਟ ਦੇ ਏਅਰਪੋਰਟ ਤੱਕ ਪਹੁੰਚਣਾ ਚਾਹੁੰਦੇ ਹਨ, ਇਸ ਲਈ ਉਹ ਪ੍ਰਾਈਵੇਟ ਬੱਸਾਂ ਜ਼ਰੀਏ ਰਵਾਨਾ ਹੋਣ ਨੂੰ ਮਜਬੂਰ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਦਿੱਲੀ ਬੱਸ ਅੱਡੇ ਤੱਕ ਜਾ ਕੇ ਜੇਕਰ ਉਹ ਟੈਕਸੀ ਆਦਿ ਕਰਦੇ ਹਨ ਤਾਂ ਉਨ੍ਹਾਂ ਨੂੰ ਇਸਦਾ ਖ਼ਰਚ ਪੈਂਦਾ ਹੈ ਤੇ ਸਮਾਂ ਵੀ ਵੱਧ ਲੱਗ ਜਾਂਦਾ ਹੈ। ਜੇਕਰ ਮੈਟਰੋ ਜਾਂ ਕਿਸੇ ਹੋਰ ਬਦਲ ਜ਼ਰੀਏ ਜਾਂਦੇ ਹਨ ਤਾਂ ਵੀ ਦਿੱਕਤ ਆਉਂਦੀ ਹੈ ਕਿਉਂਕਿ ਵਿਦੇਸ਼ ਜਾਣ ਵਾਲੇ ਵਧੇਰੇ ਲੋਕਾਂ ਕੋਲ ਸਾਮਾਨ ਜ਼ਿਆਦਾ ਹੁੰਦਾ ਹੈ।
ਇਹ ਵੀ ਪੜ੍ਹੋ: ਜਲੰਧਰ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸੜਕ ਹਾਦਸੇ ਨੇ ਬੁਝਾਏ ਦੋ ਘਰਾਂ ਦੇ ਚਿਰਾਗ
ਕਰੋੜਾਂ ਰੁਪਏ ਖਰਚ ਕਰ ਕੇ ਪਾਈਆਂ ਸਰਕਾਰੀ ਬੱਸਾਂ ਦੇ ਏਅਰਪੋਰਟ ਤੱਕ ਨਾ ਜਾਣ ਨਾਲ ਸਰਕਾਰ ਦੀਆਂ ਯੋਜਨਾਵਾਂ ਵੀ ਰੁਕ ਗਈਆਂ ਹਨ। ਸਰਕਾਰ ਵੱਲੋਂ ਜਦੋਂ ਬੱਸਾਂ ਪਾਈਆਂ ਗਈਆਂ ਸਨ, ਉਦੋਂ ਇਨ੍ਹਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਸੀ ਅਤੇ ਯਾਤਰੀਆਂ ਦੀ ਮੰਗ ਵਧ ਰਹੀ ਸੀ। ਇਸ ਕਾਰਨ ਸਰਕਾਰੀ ਬੱਸਾਂ ਦੀ ਗਿਣਤੀ ਵਿਚ ਵਾਧਾ ਕਰਨ ਲਈ ਸਰਕਾਰ ਵੱਲੋਂ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਜਿਹੜਾ ਯਤਨ ਕੀਤਾ ਗਿਆ ਹੈ, ਜੇਕਰ ਉਹ ਰੰਗ ਲਿਆਉਂਦਾ ਹੈ ਤਾਂ ਯਾਤਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ ਅਤੇ ਘੱਟ ਖਰਚ ਕਰਕੇ ਉਹ ਵੋਲਵੋ ਬੱਸਾਂ ਜ਼ਰੀਏ ਦਿੱਲੀ ਏਅਰਪੋਰਟ ਤੱਕ ਪਹੁੰਚ ਸਕਣਗੇ।
ਦਿੱਲੀ ਸਰਕਾਰ ਚਾਹੇ ਤਾਂ ਆਸਾਨੀ ਨਾਲ ਕੱਢ ਸਕਦੀ ਹੈ ਹੱਲ: ਮਾਹਿਰ
ਜਾਣਕਾਰਾਂ ਦਾ ਕਹਿਣਾ ਹੈ ਕਿ ਸਰਕਾਰੀ ਬੱਸਾਂ ਦੇ ਦਿੱਲੀ ਏਅਰਪੋਰਟ ਤੱਕ ਜਾਣ ਵਿਚ ਜੇਕਰ ਕਿਸੇ ਤਰ੍ਹਾਂ ਦੀ ਕੋਈ ਅੜਚਣ ਹੈ ਤਾਂ ਸਰਕਾਰ ਉਸ ਦਾ ਹੱਲ ਕੱਢ ਸਕਦੀ ਹੈ। ਦਿੱਲੀ ਏਅਰਪੋਰਟ ਨੇੜੇ ਬੱਸ ਅੱਡੇ ਦਾ ਬਦਲ ਇਸਦਾ ਸਭ ਤੋਂ ਆਸਾਨ ਹੱਲ ਹੈ। ਏਅਰਪੋਰਟ ਨੇੜੇ ਬੱਸ ਅੱਡਾ ਬਣਾ ਕੇ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਨਾਲ ਯਾਤਰੀਆਂ ਨੂੰ ਲਾਭ ਹੋਵੇਗਾ ਅਤੇ ਦਿੱਲੀ ਸਰਕਾਰ ਦੀ ਆਮਦਨੀ ਵਿਚ ਵੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਕਿਲੋਵਾਟ ਦੇ ਹਿਸਾਬ ਨਾਲ ਨਹੀਂ, ਸਗੋਂ ਇਸ ਆਧਾਰ ’ਤੇ ਦਿੱਤੀ ਜਾਵੇ ਸਸਤੀ ਬਿਜਲੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਦੀਵਾਲੀ ਦਾ ਤੋਹਫ਼ਾ, CM ਚੰਨੀ ਨੇ ਕੀਤਾ ਇਹ ਐਲਾਨ
NEXT STORY