ਗੁਰਦਾਸਪੁਰ (ਹਰਮਨ) : ਪੰਜਾਬ ਸਮੇਤ ਦੇਸ਼ ਅੰਦਰ ਕੋਰੋਨਾ ਵਾਇਰਸ ਕਾਰਣ ਠੱਪ ਪਏ ਲੋਕਾਂ ਦੇ ਕਾਰੋਬਾਰਾਂ ਦੇ ਦੌਰ ਵਿਚ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਸਬੰਧ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਬੇਸ਼ੱਕ ਪਿਆਕੜਾਂ ਦੇ ਚਿਹਰੇ ਤਾਂ ਖਿੜ ਗਏ ਹਨ ਪਰ ਜ਼ਿੰਦਗੀ ਮੌਤ ਦੀ ਲੜਾਈ ਨਾਲ ਜੂਝ ਰਹੇ ਆਮ ਲੋਕ ਸ਼ਰਾਬ ਦੀ ਵਿਕਰੀ ਅਤੇ ਹੋਮ ਡਿਲਿਵਰੀ ਦੇ ਕੀਤੇ ਜਾ ਰਹੇ ਫੈਸਲੇ ਨੂੰ ਲੈ ਨਾ ਸਿਰਫ ਹੈਰਾਨ ਸਗੋਂ ਇਸ ਨਾਲ ਲੋਕ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਤੇ ਸਵਾਲ ਚੁੱਕ ਰਹੇ ਹਨ।
ਇਸ ਮੌਕੇ ਲੋਕਾਂ ਦਾ ਸਭ ਤੋਂ ਵੱਡਾ ਦਾਅਵਾ ਅਤੇ ਤਰਕ ਇਹ ਹੈ ਕਿ ਜਦੋਂ ਸਮਾਜ ਦਾ ਹਰੇਕ ਵਰਗ ਅਤੇ ਕਾਰੋਬਾਰ ਇਸ ਵਾਇਰਸ ਕਾਰਣ ਪ੍ਰਭਾਵਿਤ ਹੈ ਅਤੇ ਹਰੇਕ ਛੋਟੇ ਵੱਡੇ ਵਿਅਕਤੀ ਨੂੰ ਆਪਣੀ ਜ਼ਿੰਦਗੀ 'ਚ ਬਦਲਾਅ ਕਰਨਾ ਪਿਆ ਹੈ ਤਾਂ ਸ਼ਰਾਬੀਆਂ ਨੂੰ ਸ਼ਰਾਬ ਮੁਹੱਈਆ ਕਰਵਾ ਕੇ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ। ਲੋਕ ਇਹ ਦਾਅਵਾ ਕਰ ਰਹੇ ਹਨ ਕਿ ਇਸ ਵਾਇਰਸ ਕਾਰਣ ਲੋਕਾਂ ਦੀ ਸ਼ਾਨੋ-ਸ਼ੌਕਤ ਸਮੇਤ ਹਰੇਕ ਆਦਤ 'ਚ ਤਬਦੀਲੀ ਆਈ ਹੈ ਅਤੇ ਪਿਛਲੇ ਕਰੀਬ ਇਕ ਮਹੀਨੇ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣ ਕਾਰਣ ਕਈ ਲੋਕਾਂ ਨੇ ਸ਼ਰਾਬ ਤੋਂ ਬਿਨਾਂ ਰਹਿਣਾ ਵੀ ਸਿਖ ਲਿਆ ਹੈ। ਅਜਿਹੀ ਸਥਿਤੀ 'ਚ ਜੇਕਰ ਸਰਕਾਰ ਕੁਝ ਦਿਨ ਹੋਰ ਠੇਕੇ ਸਖ਼ਤੀ ਨਾਲ ਬੰਦ ਰੱਖਦੀ ਤਾਂ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੈ ਕਿ ਬਹੁਤ ਸਾਰੇ ਲੋਕ ਇਸ ਦੇ ਚੁੰਗਲ 'ਚੋਂ ਨਿਕਲ ਸਕਦੇ ਸਨ। ਹੁਣ ਮੁੜ ਠੇਕੇ ਖੁੱਲ੍ਹਣ ਨਾਲ ਜਿਥੇ ਅਜਿਹੇ ਲੋਕਾਂ ਦੀ ਚਾਂਦੀ ਹੋ ਜਾਵੇਗੀ, ਉਸ ਦੇ ਉਲਟ ਕਈ ਘਰਾਂ ਵਿਚ ਕਲੇਸ਼ ਅਤੇ ਆਰਥਿਕ ਸਮੱਸਿਆਵਾਂ ਵਧਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ ► ਸਰਕਾਰ ਦੇ ਫੈਸਲੇ ਨੂੰ ਵਿਦਿਆਰਥੀਆਂ ਦੇ ਹਿੱਤ 'ਚ ਨਹੀਂ ਮੰਨਦੇ ਸਿੱਖਿਆ ਮਾਹਿਰ, ਦਿੱਤੀ ਇਹ ਸਲਾਹ
'ਸ਼ਰਾਬ ਕੋਈ ਮਜ਼ਬੂਰੀ ਨਹੀਂ ਹੈ ਜੋ ਅਜਿਹੇ ਸੰਕਟ ਦੇ ਦੌਰ ਵਿਚ ਸਰਕਾਰ ਨੂੰ ਠੇਕੇ ਖੋਲ੍ਹਣ ਅਤੇ ਹੋਮ ਡਿਲਿਵਰੀ ਦਾ ਫੈਸਲਾ ਲੈਣਾ ਪੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਸ਼ਰਾਬ ਦੀ ਨਹੀਂ ਸਗੋਂ ਆਪਣੀ ਸੁਰੱਖਿਆ ਦੀ ਲੋੜ ਹੈ। ਅਜਿਹੀ ਸਥਿਤੀ ਵਿਚ ਸਰਕਾਰ ਦੀ ਨੀਅਤ ਸਿਰਫ ਸਰਕਾਰ ਦਾ ਮਾਲੀਆ ਵਧਾਉਣ ਤੱਕ ਸੀਮਤ ਦਿਖਾਈ ਦੇ ਰਹੀ ਹੈ। ਜਦੋਂ ਕਿ ਸਰਕਾਰ ਵੱਲੋਂ ਇਸ ਪਾਸੇ ਬਿਲਕੁੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਰੋਜ਼ੀ ਰੋਟੀ ਤੋਂ ਮੁਥਾਜ ਲੋਕਾਂ ਦੇ ਘਰਾਂ ਦੇ ਕਈ ਸ਼ਰਾਬੀ ਮੈਂਬਰ ਜਦੋਂ ਸ਼ਰਾਬ 'ਤੇ ਪੈਸੇ ਖਰਚ ਕਰਨਗੇ ਤਾਂ ਉਨ੍ਹਾਂ ਘਰਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ।' -ਨੀਲਮ ਮਹੰਤ, ਸਾਬਕਾ ਚੇਅਰਪਰਸਨ, ਜ਼ਿਲਾ ਯੋਜਨਾ ਬੋਰਡ।
'ਕੈਪਟਨ ਸਰਕਾਰ ਨੂੰ ਸਿਰਫ ਆਪਣੇ ਹਿੱਤਾਂ ਨਾਲ ਮਤਲਬ ਹੈ, ਇਹ ਸਰਕਾਰ ਪਹਿਲਾਂ ਹੀ ਹਰ ਮੁਹਾਜ 'ਤੇ ਅਸਫਲ ਹੋਈ ਹੈ ਅਤੇ ਹੁਣ ਇਸ ਸੰਕਟ ਦੀ ਘੜੀ ਵਿਚ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦਾ ਫੈਸਲਾ ਕਰ ਕੇ ਸਰਕਾਰ ਨੇ ਸੂਬੇ ਦੇ ਲੱਖਾਂ ਲੋਕਾਂ ਲਈ ਨਵੀਂ ਸਮੱਸਿਆ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਰਫ ਚੰਡੀਗੜ੍ਹ 'ਚ ਬੈਠ ਕੇ ਫੈਸਲੇ ਲੈਣ ਵਾਲੇ ਮੁੱਖ ਮੰਤਰੀ ਨੂੰ ਪੰਜਾਬ ਦੇ ਪਿੰਡਾਂ ਦੀ ਹਾਲਤ ਅਤੇ ਲੋਕਾਂ ਦੀਆਂ ਮਜਬੂਰੀਆਂ ਦਾ ਕੋਈ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਰਾਬੀਆਂ ਨੂੰ ਖੁਸ਼ ਕਰਨ ਦੀ ਆੜ ਹੇਠ ਇਹ ਸਰਕਾਰ ਆਪਣੀ ਕਮਾਈ ਦੇ ਸਾਧਨ ਪੱਕੇ ਕਰ ਰਹੀ ਹੈ, ਜੋ ਬੇਹੱਦ ਮੰਦਭਾਗਾ ਹੈ।' -ਸ਼ਰਨਜੀਤ ਕੌਰ ਜੀਂਦੜ, ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ।
ਇਹ ਵੀ ਪੜ੍ਹੋ ► ਪਾਵਰਕਾਮ ਵਲੋਂ ਆਮ ਲੋਕਾਂ ਨੂੰ ਦਿੱਤਾ 440 ਵਾਟ ਦਾ ਝਟਕਾ
'ਜੇਕਰ ਲੋਕਾਂ ਦੀ ਸੁਰੱਖਿਆ ਲਈ ਧਾਰਮਿਕ ਅਸਥਾਨ ਅਤੇ ਵਿੱਦਿਅਕ ਅਦਾਰੇ ਬੰਦ ਹਨ ਤਾਂ ਅਜਿਹੇ ਸੰਕਟ ਦੀ ਘੜੀ 'ਚ ਸ਼ਰਾਬ ਦੇ ਠੇਕੇ ਖੋਲ੍ਹ ਕੇ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਜਾਇਜ਼ ਕਿਵੇਂ ਮੰਨਿਆ ਜਾ ਸਕਦਾ ਹੈ। ਸਰਕਾਰ ਨੇ ਜੇਕਰ ਆਪਣੀ ਆਮਦਨ ਹੀ ਵਧਾਉਣੀ ਹੈ ਤਾਂ ਇਸ ਸੰਕਟ ਦੀ ਘੜੀ 'ਚ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਲੋਕਾਂ ਦੇ ਐਸ਼ੋ ਅਰਾਮ ਵਿਚ ਕਟੌਤੀਆਂ ਕੀਤੀਆਂ ਜਾਣ ਪਰ ਗਰੀਬਾਂ ਲੋਕਾਂ ਦੇ ਘਰਾਂ ਵਿਚ ਕਲੇਸ਼ ਪਾਉਣ ਅਤੇ ਉਨ੍ਹਾਂ ਲਈ ਨਵੀਂ ਆਰਥਿਕ ਸਮੱਸਆਵਾਂ ਪੈਦਾ ਕਰਨ ਵਾਲੇ ਫੈਸਲਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।' -ਡਾ. ਅਨੀਤਾ ਕਾਲੀਆ।
ਕੋਰੋਨਾ ਤੋਂ ਪੀੜ੍ਹਤਾਂ ਦੀ ਗਿਣਤੀ 134 ਤੱਕ ਪੁੱਜਣ ਦੇ ਬਾਵਜੂਦ ਸਥਿਤੀ ਕੰਟਰੋਲ 'ਚ : ਡੀ. ਸੀ.
NEXT STORY