ਕਪੂਰਥਲਾ, (ਭੂਸ਼ਣ)- ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਟਿਕਾਣੇ 'ਤੇ ਛਾਪੇਮਾਰੀ ਕਰਨ ਗਈ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਟੀਮ 'ਤੇ 30-35 ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਜਿਸ ਕਾਰਨ ਇਕ ਏ. ਐੱਸ. ਆਈ. ਸਮੇਤ 3 ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ ਤੇ ਹਮਲਾਵਰਾਂ ਨੇ ਕੁਝ ਪੁਲਸ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। ਮਾਮਲੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਟੀਮ ਵੱਲੋਂ ਹਵਾਈ ਫਾਇਰ ਕਰ ਕੇ ਬੰਧਕ ਬਣਾਏ ਗਏ ਮੁਲਾਜ਼ਮਾਂ ਨੂੰ ਛੁਡਵਾਇਆ ਗਿਆ। ਹਵਾਈ ਫਾਇਰ ਹੋਣ 'ਤੇ ਸਾਰੇ ਮੁਲਜ਼ਮ ਫਰਾਰ ਹੋ ਗਏ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਫਰਾਰ ਮੁਲਜ਼ਮਾਂ ਦੇ ਖਿਲਾਫ ਧਾਰਾ 307, 335, 353, 186, 332, 148, 149 ਅਤੇ 427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਕਪੂਰਥਲਾ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਆਲਮਗੀਰ, ਕਾਲਾ ਸੰਘਿਆਂ 'ਚ ਹਰਮਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਜੋ ਕਿ ਨਸ਼ੇ ਵਾਲੇ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ, ਦੇ ਕੋਲ ਸ਼ੱਕੀ ਕਿਸਮ ਦੇ ਲੋਕ ਠਹਿਰਦੇ ਹਨ। ਸੂਚਨਾ ਮਿਲਣ 'ਤੇ ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਸਵਰਣ ਸਿੰਘ, ਏ. ਐੱਸ. ਆਈ. ਦਰਬਾਰਾ ਸਿੰਘ, ਹੈੱਡ ਕਾਂਸਟੇਬਲ ਜਸਬੀਰ ਸਿੰਘ, ਹੈੱਡ ਕਾਂਸਟੇਬਲ ਫਕੀਰ ਸਿੰਘ, ਕਾਂਸਟੇਬਲ ਵਿਕਰਮ ਸਿੰਘ ਅਤੇ ਕਾਂਸਟੇਬਲ ਮਨਦੀਪ ਸਿੰਘ 'ਤੇ ਆਧਾਰਿਤ ਪੁਲਸ ਟੀਮ ਪਿੰਡ ਆਲਮਗੀਰ, ਕਾਲਾ ਸੰਘਿਆਂ ਪਹੁੰਚੀ। ਪਿੰਡ ਪਹੁੰਚਣ 'ਤੇ ਟੀਮ ਨੇ ਹਰਮਿੰਦਰ ਸਿੰਘ ਦੇ ਘਰ ਜਾਣ ਲਈ ਇਕ ਗਲੀ 'ਚੋਂ ਨਿਕਲ ਰਹੇ 5-6 ਨੌਜਵਾਨਾਂ ਅਤੇ 2-3 ਔਰਤਾਂ ਨੂੰ ਹਰਮਿੰਦਰ ਸਿੰਘ ਦੇ ਘਰ ਦੇ ਬਾਰੇ ਪੁੱਛਿਆ, ਜਿਨ੍ਹਾਂ 'ਚੋਂ ਇਕ ਵਿਅਕਤੀ ਮੌਕੇ ਤੋਂ ਭੱਜ ਨਿਕਲਿਆ ਹੈ, ਜਿਸ ਨੂੰ ਸੀ. ਆਈ. ਏ. ਟੀਮ ਨੇ ਕਾਬੂ ਕਰ ਲਿਆ ਅਤੇ ਬਾਕੀ ਮੁਲਜ਼ਮਾਂ ਨੇ ਰੌਲਾ ਪਾਉੁਂਦੇ ਹੋਏ ਮੁਹੱਲੇ ਦੇ 25-30 ਹੋਰ ਵਿਅਕਤੀਆਂ ਅਤੇ ਔਰਤਾਂ ਨੂੰ ਇਕੱਠਾ ਕਰ ਲਿਆ। ਇਨ੍ਹਾਂ ਇਕਤਰਤ ਹੋਏ ਲੋਕਾਂ ਨੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਮੁਲਜ਼ਮਾਂ ਨੇ ਕੁਝ ਪੁਲਸ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਉਨ੍ਹਾਂ 'ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਏ. ਐੱਸ. ਆਈ. ਸਵਰਣ ਸਿੰਘ, ਹੈੱਡ ਕਾਂਸਟੇਬਲ ਫਕੀਰ ਸਿੰਘ ਅਤੇ ਕਾਂਸਟੇਬਲ ਮਨਦੀਪ ਸਿੰਘ ਜ਼ਖ਼ਮੀ ਹੋ ਗਏ। ਹਾਲਾਤ 'ਤੇ ਕਾਬੂ ਪਾਉਣ ਲਈ ਹੈੱਡ ਕਾਂਸਟੇਬਲ ਫਕੀਰ ਸਿੰਘ ਨੇ ਪੁਲਸ ਟੀਮ ਨੂੰ ਬਚਾਉਣ ਦੇ ਮਕਸਦ ਨਾਲ ਇੱਟਾਂ ਨਾਲ ਹਮਲਾ ਕਰ ਰਹੇ ਮੁਲਜ਼ਮਾਂ ਨੂੰ ਭਜਾਉਣ ਲਈ ਹਵਾ ਵਿਚ ਫਾਇਰ ਕੀਤੇ, ਜਿਸ ਦੌਰਾਨ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਸਥਾਨਕ ਜਸਕਰਨਜੀਤ ਸਿੰਘ ਤੇਜਾ, ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਮੌਕੇ 'ਤੇ ਪੁੱਜੇ ਅਤੇ ਜ਼ਖ਼ਮੀ ਪੁਲਸ ਕਰਮਚਾਰੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਚ ਭਰਤੀ ਕਰਵਾਇਆ, ਜਿਸ ਦੌਰਾਨ ਫਰਾਰ ਹੋਏ ਮੁਲਜ਼ਮਾਂ ਨੇ ਪੁਲਸ ਟੀਮ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਜ਼ਖ਼ਮੀ ਪੁਲਸ ਕਰਮਚਾਰੀਆਂ ਦੇ ਬਿਆਨਾਂ 'ਤੇ ਮੁਲਜ਼ਮਾਂ ਹਰਮਿੰਦਰ ਸਿੰਘ, ਵਿਕਰਮ ਪੁੱਤਰ ਜਗਜੀਤ ਸਿੰਘ, ਸਰਦੂਲ ਸਿੰਘ ਪੁੱਤਰ ਗੁਰਦਿਆਲ ਸਿੰਘ, ਸਾਗਰ ਪੁੱਤਰ ਗੁਰਮੇਜ, ਜਸਵੰਤ ਕੌਰ ਪੁੱਤਰ ਗੁਰਮੇਜ, ਮਧੂ ਪਤਨੀ ਹਰਮਿੰਦਰ ਸਿੰਘ ਸਾਰੇ ਵਾਸੀ ਆਲਮਗੀਰ ਅਤੇ ਮੰਗਾ ਵਾਸੀ ਧਾਰੀਵਾਲ ਦੋਨਾ ਸਮੇਤ ਕਈ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ।
ਵਾਤਾਵਰਣ ਪ੍ਰੇਮੀਆਂ ਨੇ ਮੱਲ੍ਹਣ ਵਿਖੇ ਵੰਡੇ 500 ਬੂਟੇ
NEXT STORY