ਲੁਧਿਆਣਾ (ਗੌਤਮ)– ਕਿਸਾਨਾਂ ਦੇ ਹੱਕ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ’ਤੇ ਦਿੱਤੇ ਗਏ ਧਰਨੇ ਕਾਰਨ ਰੇਲਵੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਪੂਰੇ ਪੰਜਾਬ ’ਚ ਵੱਖ-ਵੱਖ 65 ਸਥਾਨਾਂ ’ਤੇ ਧਰਨੇ ਕਾਰਨ ਟਰੇਨਾਂ ਨੂੰ ਰੋਕਿਆ ਗਿਆ। ਇਸ ਦੌਰਾਨ ਟਰੇਨਾਂ ਦੇ ਲੇਟ ਹੋਣ ਕਾਰਨ ਵਿਭਾਗ ਵੱਲੋਂ ਕੁਝ ਟਰੇਨਾਂ ਨੂੰ ਵਿਚਕਾਰ ਰਸਤੇ ਰੋਕ ਕੇ ਚਲਾਇਆ ਗਿਆ। ਕੁਝ ਨੂੰ ਟਰਮੀਨੇਟ ਕਰ ਦਿੱਤਾ ਗਿਆ ਅਤੇ ਕੁਝ ਨੂੰ ਰੱਦ ਕਰ ਦਿੱਤਾ। ਵਿਭਾਗ ਵੱਲੋਂ ਪ੍ਰਦਰਸ਼ਨਕਾਰੀਆਂ ਖਿਲਾਫ ਵੱਖ-ਵੱਖ ਸਥਾਨਾਂ ’ਤੇ ਰੇਲਵੇ ਐਕਟ ਤਹਿਤ ਮਾਮਲੇ ਵੀ ਦਰਜ ਕਰਵਾਏ ਗਏ ਹਨ।
ਪ੍ਰਦਰਸ਼ਨਕਾਰੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦੁਪਹਿਰ 12 ਤੋਂ 4 ਵਜੇ ਤੱਕ ਟਰੇਨਾਂ ਰੋਕਣ ਦੀ ਕਾਲ ਦਿੱਤੀ ਗਈ ਸੀ, ਜਿਸ ਕਾਰਨ ਜਲੰਧਰ ਕੈਂਟ, ਧੰਨੋਵਾਲੀ ਫਾਟਕ ਅਤੇ ਮੋਗਾ, ਧੂਰੀ ਵਿਚ ਰੇਲਵੇ ਟਰੈਕਾਂ ’ਤੇ ਧਰਨਾ ਦਿੱਤਾ ਗਿਆ। ਸਾਹਨੇਵਾਲ ’ਚ 12 ਵਜੇ ਭਾਰਤੀ ਕਿਸਾਨ ਮਜ਼ਦੂਰ ਐੱਸ.ਕੇ.ਐੱਮ. ਗੈਰ-ਸਿਆਸੀ ਸੰਘਰਸ਼ ਦੇ ਪ੍ਰਧਾਨ ਦਿਲਬਾਗ ਸਿੰਘ ਦੀ ਅਗਵਾਈ ’ਚ ਲਗਭਗ 100 ਦੇ ਲਗਭਗ ਲੋਕਾਂ ਨੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਮੁੱਲਾਂਪੁਰ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ ਗਿਆ।
12 ਵਜਦੇ ਹੀ ਰੁਕ ਗਈਆਂ ਟਰੇਨਾਂ
ਜਿਉਂ 12 ਕਿਸਾਨ ਯੂਨੀਅਨ ਦੇ ਮੈਂਬਰਾਂ ਅਤੇ ਹੋਰ ਯੂਨੀਅਨ ਦੇ ਮੈਂਬਰਾਂ ਨੇ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਰੇਲਵੇ ਵਿਭਾਗ ਵੱਲੋਂ ਸੁਰੱਖਿਆ ਨੂੰ ਦੇਖਦੇ ਹੋਏ ਟਰੇਨਾਂ ਨੂੰ ਇਕਦਮ ਰੋਕ ਦਿੱਤਾ। 12 ਵਜੇ ਤੋਂ 4 ਵਜੇ ਵਿਚਕਾਰ ਚੱਲਣ ਵਾਲੀਆਂ ਟਰੇਨਾਂ ਨੂੰ ਚਲਾਇਆ ਹੀ ਨਹੀਂ ਗਿਆ। ਲੁਧਿਆਣਾ ਰੇਲਵੇ ਸਟੇਸ਼ਨ ’ਤੇ ਸ਼ਾਨ-ਏ-ਪੰਜਾਬ, ਅਜਮੇਰ ਐਕਸਪ੍ਰੈੱਸ, ਲਾਲਕੂਆ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, 2 ਯਾਤਰੀ ਟਰੇਨਾਂ ਨੂੰ ਰੋਕਿਆ ਗਿਆ, ਜਦਕਿ ਸਾਹਨੇਵਾਲ ’ਚ ਮਾਲਵਾ ਐਕਸਪ੍ਰੈੱਸ ਅਤੇ ਉਸ ਦੇ ਪਿੱਛੇ ਸ਼ਤਾਬਦੀ ਐਕਸਪ੍ਰੈੱਸ ਨੂੰ ਰੋਕ ਦਿੱਤਾ ਗਿਆ।
ਟਰੇਨਾਂ ਰੁਕਦੇ ਹੀ ਬੱਸਾਂ ਅਤੇ ਟੈਕਸੀਆਂ ਲਈ ਦੌੜੇ ਯਾਤਰੀ
ਜਿਵੇਂ ਹੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਟਰੇਨਾਂ ਰੁਕੀਆਂ ਤਾਂ ਅੰਮ੍ਰਿਤਸਰ ਅਤੇ ਜਲੰਧਰ ਵੱਲ ਜਾਣ ਵਾਲੇ ਯਾਤਰੀ ਬੱਸਾਂ ਅਤੇ ਟੈਕਸੀਆਂ ਲਈ ਨਿਕਲ ਪਏ। ਪ੍ਰੇਸ਼ਾਨ ਯਾਤਰੀ ਬੁਰੀ ਤਰ੍ਹਾਂ ਨਾਲ ਪ੍ਰਦਰਸ਼ਨ ਕਰਨ ਵਾਲੇ ਅਤੇ ਸਰਕਾਰਾਂ ਨੂੰ ਕੋਸ ਰਹੇ ਸਨ। ਕੁਝ ਯਾਤਰੀ ਗਰੁੱਪ ਬਣਾ ਕੇ ਟੈਕਸੀਆਂ ਰਾਹੀਂ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ, ਜਦਕਿ ਦਿੱਲੀ ਅਤੇ ਜੰਮੂ ਲਈ ਜਾਣ ਵਾਲੇ ਯਾਤਰੀਆਂ ਨੂੰ ਟਰੇਨਾਂ ਵਿਚ ਬੈਠ ਕੇ ਹੀ ਆਪਣਾ ਸਮਾਂ ਬਤਾਉਣਾ ਪਿਆ, ਜਿਸ ਕਾਰਨ ਮਹਿਲਾਵਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਹਾਲਤ ਵਿਗੜੀ ਰਹੀ। ਇਸ ਦੌਰਾਨ ਬਿਹਾਰ ਅਤੇ ਯੂ.ਪੀ. ਵੱਲ ਜਾਣ ਵਾਲੀਆਂ ਟਰੇਨਾਂ ’ਚ ਜਾਣ ਵਾਲੇ ਯਾਤਰੀਆਂ ਨੂੰ ਕਈ ਘੰਟਿਆਂ ਤੱਕ ਟਰੇਨਾਂ ਦਾ ਇੰਤਜ਼ਾਰ ਕਰਨਾ ਪਿਆ, ਜਿਸ ਕਾਰਨ ਰੇਲਵੇ ਕੰਪਲੈਕਸ ਅਤੇ ਵੇਟਿੰਗ ਹਾਲ ਯਾਤਰੀਆਂ ਨਾਲ ਭਰ ਗਿਆ। ਯਾਤਰੀਆਂ ਨੂੰ ਜਿੱਥੇ ਵੀ ਬੈਠਣ ਲਈ ਸਥਾਨ ਮਿਲਿਆ, ਉਨ੍ਹਾਂ ਨੇ ਉੱਥੇ ਹੀ ਬੈਠ ਕੇ ਟਰੇਨਾਂ ਦਾ ਇੰਤਜ਼ਾਰ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਾਇਰ ਫਟਣ ਕਾਰਨ ਬੇਕਾਬੂ ਹੋਈ ਸਵਾਰੀਆਂ ਨਾਲ ਭਰੀ ਬੱਸ, ਹੋਇਆ ਵੱਡਾ ਹਾਦਸਾ (ਵੀਡੀਓ)
NEXT STORY