ਮੋਗਾ(ਗੋਪੀ ਰਾਊਕੇ) - ਮਾਲਵਾ ਖਿੱਤੇ ’ਚ ਅੱਜ ਤਡ਼ਕਸਾਰ ਤੋਂ ਸ਼ੁਰੂ ਹੋਈ ਹਲਕੀ ਕਿਣ-ਮਿਣ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਵੱਡੀ ਰਾਹਤ ਦਿੰਦਿਆਂ ਜਿਥੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤਾ, ਉਥੇ ਹੀ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਰੜਕ ਰਹੀ ਹੈ।
‘ਜਗ ਬਾਣੀ’ ਵੱਲੋਂ ਹਾਸਲ ਕੀਤੇ ਗਏ ਵੇਰਵਿਆਂ ਅਨੁਸਾਰ ਜ਼ਿਲੇ ਭਰ ਦੇ ਲਗਭਗ ਸਾਰੇ ਬਲਾਕਾਂ ’ਚ ਇਕੋ ਜਿਹਾ ਹਲਕਾ ਮੀਂਹ ਪਿਆ ਹੈ। ਜਾਣਕਾਰੀ ਅਨੁਸਾਰ ਹਾਲੇ ਝੋਨੇ ਦੀ ਲਵਾਈ ਦਾ ਕੰਮ ਅੱਧ ਤੋਂ ਜ਼ਿਆਦਾ ਪਿਆ ਹੈ ਪਰ ਪ੍ਰਵਾਸੀ ਮਜ਼ਦੂਰਾਂ ਦੀ ਘੱਟ ਆਮਦ ਕਰ ਕੇ ਕਿਸਾਨਾਂ ਨੂੰ ਇਸ ਵਾਰ ਪੰਜਾਬੀ ਕਾਮਿਆਂ ਤੋਂ ਹੀ ਝੋਨੇ ਦੀ ਲਵਾਈ ਦਾ ਕੰਮ ਕਰਵਾਉਣਾ ਪੈ ਰਿਹਾ ਹੈ ਪਰ ਪੰਜਾਬ ਦੇ ਮਜ਼ਦੂਰ ਇਸ ਕੰਮ ਲਈ ਪੂਰੇ ਨਹੀਂ ਆ ਰਹੇ। ਪਿੰਡ ਧੱਲੇਕੇ ਦੇ ਸਾਬਕਾ ਸਰਪੰਚ ਅਤੇ ਯੁਵਕ ਸੇਵਾਵਾਂ ਸਪੋਰਟਸ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਧੱਲੇਕੇ ਨੇ ਕਿਹਾ ਕਿ ਅੱਜ ਪਏ ਮੀਂਹ ਮਗਰੋਂ ਕਾਮਿਆਂ ਨੇ ਪਹਿਲਾਂ ਨਾਲੋਂ ਝੋਨੇ ਦੀ ਪ੍ਰਤੀ ਏਕਡ਼ ਲਵਾਈ ਦੇ ਰੇਟ ਵੀ ਵਧਾ ਦਿੱਤੇ ਹਨ। ਮੀਂਹ ਤੋਂ ਪਹਿਲਾਂ ਝੋਨੇ ਦੀ ਲਵਾਈ ਦਾ ਰੇਟ 2700 ਤੋਂ 3000 ਰੁਪਏ ਤੱਕ ਚੱਲ ਰਿਹਾ ਸੀ ਪਰ ਹੁਣ ਕਾਮਿਆਂ ਨੇ ਇਹ ਰੇਟ ਵਧਾ ਕੇ 3000 ਤੋਂ 3300 ਰੁਪਏ ਪ੍ਰਤੀ ਏਕਡ਼ ਤੱਕ ਕਰ ਦਿੱਤਾ ਹੈ। ਪਿੰਡ ਭਿੰਡਰ ਕਲਾਂ ਦੇ ਕਿਸਾਨ ਅਤੇ ਝੋਨੇ ਦੀ ਲਵਾਈ ਦਾ ਕੰਮ ਨਿਬੇਡ਼ ਕੇ ਵਿਹਲੇ ਹੋਏ ਗੁਰਭਿੰਦਰ ਸਿੰਘ ਮਾਨ ਦਾ ਦੱਸਣਾ ਸੀ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਤਿੰਨ ਦਿਨ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲਗਾਤਾਰ ਇਸ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕਿਸਾਨਾਂ ਨੂੰ ਝੋਨੇ ਲਈ ਪਾਣੀ ਦੀ ਕਿੱਲਤ ਮੁੱਢਲੇ ਪਡ਼ਾਅ ’ਤੇ ਨਹੀਂ ਆਵੇਗੀ। ਜੀਵ-ਜੰਤੂਆਂ ਅਤੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਨੌਜਵਾਨ ਇਕਬਾਲ ਸਿੰਘ ਕਲਿਆਣ ਦਾ ਕਹਿਣਾ ਸੀ ਕਿ ਮੀਂਹ ਨੇ ਦਰੱਖਤਾਂ ’ਚ ਨਵੀਂ ਜਾਨ ਪਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਰੱਖਤਾਂ ਦੇ ਨਾਲ ਜੀਵ-ਜੰਤੂਆਂ ਨੂੰ ਵੀ ਮੀਂਹ ਨੇ ਰਾਹਤ ਦਿੱਤੀ ਹੈ।
ਕੀ ਕਹਿਣੈ ਖੇਤੀਬਾੜੀ ਵਿਕਾਸ ਅਫਸਰ ਦਾ
ਇਸ ਸਬੰਧੀ ਜ਼ਿਲੇ ਦੇ ਸਹਾਇਕ ਖ਼ੇਤੀਬਾਡ਼ੀ ਵਿਕਾਸ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾਡ਼ ਦਾ ਕਹਿਣਾ ਸੀ ਕਿ ਅੱਜ ਹਲਕਾ ਮੀਂਹ ਪੈਣ ਨਾਲ ਕਿਸਾਨਾਂ ਵੱਲੋਂ ਲਾਇਆ ਗਿਆ ਝੋਨਾ ਹੁਣ ਜਲਦੀ ਤੁਰ ਪਵੇਗਾ। ਆਉਣ ਵਾਲੇ ਦਿਨਾਂ ਵਿਚ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਹੋਰ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਗਰਮੀ ਕਰ ਕੇ ਬਿਜਲੀ ਦੀ ਸਮੱਸਿਆ ਵੀ ਪੇਸ਼ ਆ ਰਹੀ ਸੀ, ਹੁਣ ਉਸ ਦਾ ਵੀ ਹੱਲ ਹੋਵੇਗਾ। ਉਨ੍ਹਾਂ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਦੱਸਿਆ।
ਪਤੀ, ਸੱਸ ਅਤੇ ਨਾਨੀ ਸੱਸ ’ਤੇ ਲਾਇਆ ਕੁੱਟ-ਮਾਰ ਦਾ ਦੋਸ਼
NEXT STORY