ਫਤਿਹਗੜ੍ਹ ਸਾਹਿਬ (ਵਿਪਨ) : ਜ਼ਿਲਾ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਬੱਸੀ ਪਠਾਣਾ 'ਚ ਲਿੰਗ ਜਾਂਚ ਟੈਸਟ ਕਰਨ ਵਾਲੇ ਇਕ ਨਰਸਿੰਗ ਹੋਮ 'ਤੇ ਅਚਾਨਕ ਹਰਿਆਣਾ ਸਿਹਤ ਵਿਭਾਗ ਦੀ ਟੀਮ ਵਲੋਂ ਛਾਪਾ ਮਾਰ ਕੇ ਇਸ ਧੰਦੇ ਦਾ ਭਾਂਡਾਫੋੜ ਕੀਤਾ ਗਿਆ। ਟੀਮ ਨੇ ਨਰਸਿੰਗ ਹੋਮ 'ਚ ਨਾਜਾਇਜ਼ ਰੱਖੀ ਗਈ ਅਲਟਰਾ ਸਾਊਂਡ ਮਸ਼ੀਨ ਨੂੰ ਸੀਲ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੌਰਾਨ ਟੀਮ ਨੇ 9500 ਰੁਪਏ ਨਕਦੀ ਸਮੇਤ 2 ਦਲਾਲਾਂ ਨੂੰ ਵੀ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਮੁਤਾਬਕ ਉਕਤ ਨਰਸਿੰਗ ਹੋਮ 'ਚ ਗਰਭਵਤੀ ਔਰਤਾਂ ਦਾ ਗੈਰ ਕਾਨੂੰਨੀ ਤੌਰ 'ਤੇ ਲਿੰਗ ਜਾਂਚ ਕੀਤਾ ਜਾ ਰਿਹਾ ਸੀ। ਅੰਬਾਲਾ ਤੋਂ ਆਈ ਟੀਮ ਦੀ ਅਗਵਾਈ ਕਰ ਰਹੀ ਡਿਪਟੀ ਸਿਵਲ ਸਰਜਨ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬੱਸੀ ਪਠਾਣਾ ਦੇ ਇਕ ਨਿਜੀ ਹਸਪਤਾਲ 'ਚ ਅਲਟਰਾ ਸਾਊਂਡ ਮਸ਼ੀਨ ਰਾਹੀਂ ਲਿੰਗ ਨਿਰਧਾਰਣ ਟੈਸਟ ਕੀਤਾ ਜਾਂਦਾ ਹੈ ਅਤੇ ਬੀਤੇ ਦਿਨ ਵੀ ਇਕ ਔਰਤ ਦਾ ਟੈਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਟੀਮ ਵਲੋਂ ਗਰਭਵਤੀ ਔਰਤ ਦਾ ਪਿੱਛਾ ਕੀਤਾ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਔਰਤ ਦਾ ਟੈਸਟ ਕਰਦੇ ਹੋਏ ਉਸ ਦੇ ਗਰਭ 'ਚ ਕੁੜੀ ਹੋਣ ਦੀ ਗੱਲ ਡਾਕਟਰ ਵਲੋਂ ਦੱਸ ਦਿੱਤੀ ਗਈ। ਜਦੋਂ ਟੀਮ ਵਲੋਂ ਅੰਦਰ ਜਾ ਕੇ ਛਾਪੇਮਾਰੀ ਕੀਤੀ ਗਈ ਤਾਂ ਡਾਕਟਰ ਵਲੋਂ ਕਿਸੇ ਹੋਰ ਔਰਤ ਦਾ ਟੈਸਟ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਰੋਕਦੇ ਹੋਏ ਟੀਮ ਨੇ ਅਲਟਰਾ ਸਾਊਂਡ ਮਸ਼ੀਨ ਸੀਲ ਕਰਵਾ ਦਿੱਤੀ।
ਨਹੀਂ ਰਜਿਸਟਰਡ ਸੀ ਡਾਕਟਰ
ਡਿਪਟੀ ਸਿਵਲ ਸਰਜਨ ਬਲਵਿੰਦਰ ਕੌਰ ਨੇ ਦੱਸਿਆ ਕਿ ਜਾਂਚ 'ਚ ਟੀਮ ਨੇ ਸਕੈਨ ਸੈਂਟਰ 'ਚ ਕਈ ਖਾਮੀਆਂ ਪਾਈਆਂ। ਹਸਪਤਾਲ ਰਜਿਸਟਰਡ ਪਾਇਆ ਗਿਆ ਪਰ ਡਾਕਟਰ ਰਜਿਸਟਰਡ ਨਹੀਂ ਸੀ ਅਤੇ ਉਸ ਕੋਲ ਅਧੂਰੇ ਦਸਤਾਵੇਜ਼ ਹੀ ਸਨ। ਉਨ੍ਹਾਂ ਨੇ ਦੱਸਿਆ ਕਿ ਔਰਤ ਦੇ ਗਰਭ 'ਚ ਪਲ ਰਹੇ ਭਰੂਣ ਦਾ ਲਿੰਗ ਟੈਸਟ ਕਰਨ ਦਾ ਸੌਦਾ 30 ਹਜ਼ਾਰ ਰੁਪਏ 'ਚ ਹੋਇਆ ਸੀ ਅਤੇ ਇਕ ਦਿਨ ਪਹਿਲਾਂ 10 ਹਜ਼ਾਰ ਰੁਪਏ ਐਡਵਾਂਸ 'ਚ ਲਏ ਗਏ ਸਨ। ਉਨ੍ਹਾਂ ਦੀ ਟੀਮ ਵਲੋਂ ਸੈਂਟਰ 'ਚੋਂ 9500 ਰੁਪਏ ਦੀ ਰਿਕਵਰੀ ਕਰਦੇ ਹੋਏ ਟੈਸਟ ਕਰਾਉਣ ਦਾ ਝਾਂਸਾ ਦੇਣ ਵਾਲੇ 2 ਦਲਾਲਾਂ ਨੂੰ ਵੀ ਕਾਬੂ ਕੀਤਾ ਗਿਆ ਹੈ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨਰਸਿੰਗ ਹੋਮ ਦੇ ਪਰਿਵਾਰ ਦਾ ਇਕ ਮੈਂਬਰ ਜ਼ਿਲਾ ਸਿਵਲ ਹਸਪਤਾਲ 'ਚ ਡੀ. ਐੱਚ. ਓ. ਦੇ ਅਹੁਦੇ 'ਤੇ ਤਾਇਨਾਤ ਹੈ, ਜੋ ਆਪਣੇ ਆਪ ਹੀ ਕਈ ਸਵਾਲ ਖੜ੍ਹੇ ਕਰਦਾ ਹੈ। ਇਸ ਬਾਰੇ ਸਮਾਜ ਸੇਵੀ ਤਰਲੋਚਨ ਸਿੰਘ ਲਾਲੀ ਨੇ ਕਿਹਾ ਕਿ ਇਸ ਘਟਨਾ ਨਿੰਦਣਯੋਗ ਹੈ।
ਕੀ ਕਹਿਣਾ ਹੈ ਕਿ ਪਰਿਵਾਰ ਭਲਾਈ ਅਫਸਰ ਦਾ
ਇਸ਼ ਬਾਰੇ ਜਦੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਰਿਵਾਰ ਭਲਾਈ ਅਫਸਰ ਕਰਨ ਸਾਗਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਛਾਪਾ ਸਾਂਝੇ ਤੌਰ 'ਤੇ ਮਾਰਿਆ ਗਿਆ ਸੀ, ਜਿਸ 'ਚ 2 ਦਲਾਲਾਂ ਨੂੰ ਕਾਬੂ ਕੀਤਾ ਗਿਆ ਹੈ, ਜਦੋਂ ਕਿ ਡਾਕਟਰ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਗੁਆਂਢੀ ਸੂਬੇ ਦੀਆਂ ਟੀਮਾਂ ਹਰ ਵਾਰ ਦਬਿਸ਼ ਕਰਕੇ ਨਾਜਾਇਜ਼ ਤੌਰ 'ਤੇ ਲਿੰਗ ਟੈਸਟ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ਦਾ ਭਾਂਡਾਫੋੜ ਕਰਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਵੀ ਸਮੇਂ-ਸਮੇਂ 'ਤੇ ਕਾਰਵਾਈ ਕਰਦੇ ਹਨ।
ਖੰਨਾ ਮਿੱਲ ਵਿਵਾਦ: ਮਾਤਾ-ਪਿਤਾ ਨੇ ਕਿਹਾ ਸਾਨੂੰ ਨਹੀਂ ਪੁੱਛਦੇ ਸਾਡੇ ਬੇਟੇ
NEXT STORY