ਫਿਰੋਜ਼ਪੁਰ (ਬਿਊਰੋ) - ਪਿਛਲੇ ਪੰਜ ਦਿਨਾਂ ਤੋਂ ਆਸਮਾਨ ਨੂੰ ਚੜ੍ਹੀ ਧੂੜ ਤੇ ਗਰਮ ਹਵਾਵਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਸੀ। ਸ਼ਨੀਵਾਰ ਰਾਤ ਤੋਂ ਐਤਵਾਰ ਤੱਕ ਪਏ ਮੀਂਹ ਨੇ ਜਿਥੇ ਗਰਮੀ ਤੇ ਇਸ ਧੂੜ ਦੇ ਗੁਬਾਰ ਤੋਂ ਰਾਹਤ ਦਿਵਾਈ, ਉਥੇ ਹੀ ਇਹ ਮੀਂਹ ਕਈਆਂ ਲਈ ਆਫਤ ਬਣ ਕੇ ਵਰ੍ਹਿਆ। ਇਕ ਪਾਸੇ ਜਿਥੇ ਫਿਰੋਜ਼ਪੁਰ 'ਚ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੇ ਇਸਦਾ ਭਰਪੂਰ ਆਨੰਦ ਮਾਣਿਆ, ਉਥੇ ਹੀ ਬਠਿੰਡਾ ਦੀਆਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ।

ਬਠਿੰਡਾ 'ਚ ਸ਼ਾਇਦ ਹੀ ਕੋਈ ਅਜਿਹੀ ਸੜਕ ਜਾਂ ਗਲੀ ਹੋਵੇਗੀ, ਜਿਥੇ ਗੋਡੇ-ਗੋਡੇ ਤੱਕ ਪਾਣੀ ਨਹੀਂ ਖੜ੍ਹਾ ਹੋਇਆ ਹੋਵੇਗਾ। ਮੀਂਹ ਕਾਰਨ ਜਲਥਲ ਹੋਈਆਂ ਸੜਕਾਂ ਤੋਂ ਲੰਘਣ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੇਕਰ ਗੱਲ ਕੀਤੀ ਜਾਵੇ ਮੋਗਾ ਦੀ, ਤਾਂ ਇਥੋਂ ਦੇ ਹਾਲਾਤ ਵੀ ਬਠਿੰਡਾ ਤੋਂ ਵੱਖਰੇ ਨਹੀਂ ਸਨ। ਇਥੇ ਵੀ ਕਈ ਗਲੀਆਂ-ਬਜ਼ਾਰਾਂ 'ਚ ਮੀਂਹ ਦਾ ਪਾਣੀ ਖੜ੍ਹਾ ਵਿਖਾਈ ਦਿੱਤਾ।
ਤਲਵੰਡੀ ਸਾਬੋ ਦੇ ਕਿਸਾਨ ਇਸ ਮੀਂਹ ਨੂੰ ਕਾਫੀ ਲਾਹੇਵੰਦ ਦੱਸ ਰਹੇ ਹਨ ਕਿਉਂਕਿ ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਨੂੰ ਪਾਣੀ ਲੱਗ ਗਿਆ ਅਤੇ ਨਰਮੇ ਦੀ ਸੜ ਰਹੀ ਫਸਲ ਵੀ ਬਚ ਗਈ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 2 ਲੱਖ ਦੀ ਠੱਗੀ, ਮਾਮਲਾ ਦਰਜ
NEXT STORY