ਜਲੰਧਰ (ਬਿਊਰੋ) : ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਸਾਡੇ ਦੇਸ਼ 'ਚ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਆ ਹੀ ਜਾਂਦਾ ਹੈ। ਇਨ੍ਹਾਂ ਤਿਉਹਾਰਾਂ 'ਚੋਂ ਇਕ ਹੈ 'ਰੱਖੜੀ ਦਾ ਤਿਉਹਾਰ।' ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਹੁੰਦਾ ਹੈ, ਜੋ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ 22 ਅਗਸਤ ਨੂੰ ਪੂਰੇ ਦੁਨੀਆਂ ’ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਜੋਤਿਸ਼ ਅਨੁਸਾਰ ਇਸ ਸਾਲ ਦੀ ਰੱਖੜੀ ਬਹੁਤ ਸ਼ੁੱਭ ਮੌਕੇ ’ਤੇ ਆ ਰਹੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਰੱਖੜੀ ਦੀ ਮਹੱਤਤਾ
ਭੈਣ-ਭਰਾ ਦੇ ਰਿਸ਼ਤੇ ਨੂੰ ਦੁਨੀਆਂ ਦੇ ਹਰੇਕ ਕੋਨੇ 'ਚ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਜਦੋਂ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ 'ਚ ਝਾਤੀ ਮਾਰਦੇ ਹਾਂ ਤਾਂ ਇਸਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਇੱਕ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਭਾਸ਼ਾ 'ਚ 'ਰੱਖੜੀ' ਦਾ ਤਿਉਹਾਰ ਅਤੇ ਹਿੰਦੀ ਭਾਸ਼ਾ 'ਚ 'ਰਕਸ਼ਾ ਬੰਧਨ' ਕਿਹਾ ਜਾਂਦਾ ਹੈ। ਇਹ ਉਤਰੀ, ਪੱਛਮੀ ਤੇ ਕੇਂਦਰੀ ਭਾਰਤ ਅਤੇ ਨੇਪਾਲ ਦਾ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਸਾਉਣ ਜਾਂ ਸਾਵਨ ਮਹੀਨੇ ਦੇ ਆਖ਼ਰੀ ਦਿਨ ਪੁੰਨਿਆਂ ਜਾਂ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ 'ਚ ਆਉਂਦਾ ਹੈ।
ਕਿਵੇਂ ਮਨਾਇਆ ਜਾਂਦਾ ਹੈ ਇਹ ਤਿਉਹਾਰ?
ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਰੱਖੜੀ ਦਾ ਪਵਿੱਤਰ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਬਦਲਦੇ ਜ਼ਮਾਨੇ ਤੇ ਵੱਧਦੇ ਫੈਸ਼ਨ ਨੇ ਹੁਣ ਰੇਸ਼ਮੀ ਧਾਗੇ ਦੀ ਥਾਂ ਫੈਂਸੀ ਰੱਖੜੀਆਂ ਨੇ ਲੈ ਲਈ ਹੈ। ਅੱਜ ਭੈਣਾਂ ਆਪਣੇ ਭਰਾਵਾਂ ਲਈ ਸੋਨੇ, ਚਾਂਦੀ ਦੀਆਂ ਰੱਖੜੀਆਂ ਖ਼ਰੀਦਦੀਆਂ ਹਨ। ਭੈਣਾਂ ਦੇ ਜੀਵਨ 'ਚ ਇਸ ਦਿਨ ਦੀ ਬਹੁਤ ਮਹੱਤਤਾ ਹੈ। ਪੂਰੇ ਭਾਰਤ 'ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ।
ਰੱਖੜੀ 'ਤੇ ਪਈ 'ਕੋਰੋਨਾ' ਦੀ ਮਾਰ
ਇਸ ਵਾਰ ਵੀ ਰੱਖੜੀ ਦੇ ਤਿਓਹਾਰ 'ਤੇ ਕੋਰੋਨਾ ਮਹਾਮਾਰੀ ਦੀ ਮਾਰ ਪਈ ਹੈ, ਜਿਸ ਕਾਰਨ ਰੱਖੜੀ ਦੀਆਂ ਦੁਕਾਨਾਂ 'ਤੇ ਬਹੁਤੀ ਰੌਣਕ ਦਿਖਾਈ ਨਹੀਂ ਦਿੱਤੀ। ਖਰੀਦਦਾਰ ਘਾਟ ਹੋਣ ਕਾਰਨ ਦੁਕਾਨਦਾਰਾਂ ਦੇ ਚਿਹਰੇ ਵੀ ਮਾਯੂਸ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਤਾਲਾਬੰਦੀ ਕਰਕੇ ਲੋਕਾਂ ਦੀਆਂ ਜੇਬਾਂ ਸੁੰਨੀਆਂ ਹਨ ਅਤੇ ਅਜਿਹੇ 'ਚ ਮਹਿੰਗੀਆਂ ਰੱਖੜੀਆਂ ਦੀ ਖ਼ਰੀਦਦਾਰੀ ਬੀਬੀਆਂ ਵੱਲੋਂ ਘੱਟ ਕੀਤੀ ਜਾ ਰਹੀ ਹੈ, ਜਦੋਂ ਕਿ ਸਾਧਾਰਨ ਧਾਗਿਆਂ ਦੀਆਂ ਰੱਖੜੀਆਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ। ਦੁਕਾਨਾਂ ’ਤੇ ਗਾਹਕਾਂ ਦੇ ਘੱਟ ਆਉਣ ਕਾਰਨ ਰੱਖੜੀ ਦੇ ਤਿਉਹਾਰ 'ਤੇ ਮੰਦੀ ਦਿਸਣ ਦੇ ਆਸਾਰ ਨਜ਼ਰ ਆ ਰਹੇ ਹਨ।
ਰਿਟਾਇਰਡ ਬੈਂਕ ਮੁਲਾਜ਼ਮ ਨੇ ਖੁਦ ਨੂੰ ਲਗਾਈ ਅੱਗ : ਹਾਲਤ ਗੰਭੀਰ
NEXT STORY