ਚੰਡੀਗੜ੍ਹ (ਰਮਨਜੀਤ) : ਕਤਲ ਅਤੇ ਬਲਾਤਕਾਰ ਵਰਗੇ ਜੁਰਮਾਂ ’ਚ ਦੋਸ਼ੀ ਠਹਿਰਾਏ ਗਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ’ਤੇ ਭਾਵੇਂ ਅਜੇ ਫੈਸਲਾ ਨਹੀਂ ਹੋ ਸਕਿਆ ਪਰ ਉਸ ਨੂੰ ਰਣਜੀਤ ਸਿੰਘ ਕਤਲ ਕੇਸ ’ਚ ਦੋਸ਼ੀ ਠਹਿਰਾਏ ਜਾਣ ’ਤੇ ਮਾਮਲੇ ਦੇ ਮੁੱਖ ਗਵਾਹਾਂ ’ਚੋਂ ਇਕ ਬਲਵੰਤ ਸਿੰਘ ਨੂੰ ਕਾਫ਼ੀ ਸੰਤੁਸ਼ਟੀ ਹਾਸਿਲ ਹੋਈ ਹੈ। ਬਲਵੰਤ ਸਿੰਘ ਨੇ ਕਿਹਾ ਕਿ ਲੰਬਾ ਸਮਾਂ ਉਨ੍ਹਾਂ ਨੂੰ ਜਾਨ ਦਾ ਖੌਫ਼ ਬਣਿਆ ਰਿਹਾ ਪਰ ਸੱਚਾਈ ਦਾ ਰਾਹ ਅੰਤ ਨੂੰ ਇਨਸਾਫ਼ ਤਕ ਪੁੱਜ ਹੀ ਗਿਆ। ਬਲਵੰਤ ਸਿੰਘ ਨੇ ਕਿਹਾ ਕਿ ਇਕ ਗੁੰਮਨਾਮ ਚਿੱਠੀ ਹੀ ਡੇਰਾ ਮੁਖੀ ਲਈ ਬੰਬ ਸਾਬਿਤ ਹੋਈ ਅਤੇ ਉਸਦੀਆਂ ਕਰਤੂਤਾਂ ਦਾ ਭਾਂਡਾ ਫੁੱਟ ਗਿਆ। ਬਲਵੰਤ ਸਿੰਘ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬਲਵੰਤ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਉਸ ਦਾ ਗੁਆਂਢੀ ਸੀ। ਉਨ੍ਹਾਂ ਦਾ ਪਿੰਡ ਖਾਨਪੁਰ ਕੌਲੀਆਂ ਹੈ। ਉਨ੍ਹਾਂ ਦਾ ਆਪਸ ’ਚ ਕਾਫ਼ੀ ਮੇਲਜੋਲ ਸੀ। ਬਲਵੰਤ ਸਿੰਘ ਨੇ ਕਿਹਾ ਕਿ ਗੁੰਮਨਾਮ ਚਿੱਠੀ, ਜਦੋਂ ਲੋਕਾਂ ’ਚ ਫੈਲ ਗਈ ਤਾਂ ਡੇਰਾ ਸਿਰਸਾ ਵਾਲਿਆਂ ਵਲੋਂ ਰਣਜੀਤ ਸਿੰਘ ਨੂੰ ਧਮਕਾਇਆ ਗਿਆ ਕਿਉਂਕਿ ਡੇਰਾ ਵਾਲਿਆਂ ਨੂੰ ਸ਼ੱਕ ਸੀ ਕਿ ਚਿੱਠੀ ਰਣਜੀਤ ਸਿੰਘ ਨੇ ਖੁਦ ਲਿਖੀ ਹੈ ਜਾਂ ਫੇਰ ਕਿਸੇ ਤੋਂ ਲਿਖਵਾਈ ਹੈ। ਉਸ ਨੂੰ ਧਮਕਾਉਣ ਅਤੇ ਡਰਾਉਣ ਲਈ ਮੁਲਜ਼ਮ ਉਸ ਦੇ ਘਰ ਰਿਵਾਲਵਰ ਲੈ ਕੇ ਆਏ ਸਨ।
ਇਹ ਵੀ ਪੜ੍ਹੋ : ਇਲਾਜ ’ਚ ਲਾਪ੍ਰਵਾਹੀ ਕਾਰਨ ਹੋਈ ਔਰਤ ਦੀ ਮੌਤ, ਸਟੇਟ ਖਪਤਕਾਰ ਕਮਿਸ਼ਨ ਨੇ ਡਾਕਟਰਾਂ ਦੀ ਅਪੀਲ ਠੁਕਰਾਈ
ਬਲਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਰਣਜੀਤ ਸਿੰਘ ਦੇ ਪਿਤਾ ਨੇ ਹੋਰ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰਵਾਇਆ ਸੀ ਪਰ ਜਦੋਂ ਛੱਤਰਪਤੀ ਕਤਲ ਕੇਸ ’ਚ ਇਕ ਮੁਲਜ਼ਮ ਮੌਕੇ ’ਤੇ ਫੜ੍ਹਿਆ ਗਿਆ ਤਾਂ ਉਸ ਨੇ ਖੁਲਾਸਾ ਕੀਤਾ ਕਿ ਰਣਜੀਤ ਸਿੰਘ ਦਾ ਕਤਲ ਵੀ ਡੇਰੇ ਵਾਲਿਆਂ ਨੇ ਹੀ ਕੀਤਾ ਸੀ। ਉਸ ਤੋਂ ਬਾਅਦ ਹੀ ਬਲਵੰਤ ਸਿੰਘ ਨੇ ਸਾਰੇ ਮਾਮਲੇ ’ਤੇ ਗਵਾਹੀ ਦਿੱਤੀ। ਬਲਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਉਸ ਨੇ ਕ੍ਰਾਇਮ ਬ੍ਰਾਂਚ ’ਚ, ਫੇਰ ਸੀ.ਬੀ.ਆਈ. ਕੋਲ ਅਤੇ ਉਸ ਤੋਂ ਬਾਅਦ ਸੀ.ਬੀ.ਆਈ. ਅਦਾਲਤ ’ਚ ਰਣਜੀਤ ਸਿੰਘ ਕਤਲ ਮਾਮਲੇ ’ਚ ਗਵਾਹੀ ਦਿੱਤੀ ਸੀ। ਬਲਵੰਤ ਸਿੰਘ ਦਾ ਕਹਿਣਾ ਹੈ ਕਿ ਰਣਜੀਤ ਸਿੰਘ ’ਤੇ ਡੇਰੇ ਵਾਲਿਆਂ ਨੂੰ ਇਹ ਸ਼ੱਕ ਸੀ ਕਿ ਗੁੰਮਨਾਮ ਚਿੱਠੀ ਉਸ ਨੇ ਲਿਖੀ ਜਾਂ ਫਿਰ ਲਿਖਵਾਈ ਹੈ। ਕਿਉਂਕਿ ਚਿੱਠੀ ਤੋਂ ਬਾਅਦ ਡੇਰੇ ਦੀ ਬਹੁਤ ਜ਼ਿਆਦਾ ਬਦਨਾਮੀ ਹੋ ਗਈ ਸੀ ਅਤੇ ਡੇਰਾ ਮੁਖੀ ਦੀ ਅਸਲੀਅਤ ਸਾਹਮਣੇ ਆ ਗਈ ਸੀ। ਬਲਵੰਤ ਸਿੰਘ ਨੇ ਕਿਹਾ ਕਿ ਉਹ ਚਿੱਠੀ ਭਾਵੇਂ ਰਣਜੀਤ ਸਿੰਘ ਦੇ ਕਤਲ ਦਾ ਕਾਰਣ ਬਣੀ, ਪਰ ਲੋਕਾਂ ਨੂੰ ਸੱਚਾਈ ਸਾਹਮਣੇ ਲਿਆਉਣ ’ਚ ਉਸ ਚਿੱਠੀ ਦੀ ਬਹੁਤ ਮਹੱਤਤਾ ਹੈ। ਮੁੱਖ ਗਵਾਹ ਬਲਵੰਤ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਨਾਲ ਉਸ ਦੇ ਮਨ ਨੂੰ ਤਸੱਲੀ ਹੈ ਕਿ ਆਖਰ ਇਨਸਾਫ਼ ਦੀ ਜਿੱਤ ਹੋਈ ਹੈ। ਬਲਵੰਤ ਸਿੰਘ ਨੇ ਕਿਹਾ ਕਿ 19 ਸਾਲ ਉਸ ’ਤੇ ਮੌਤ ਮੰਡਰਾਉਂਦੀ ਰਹੀ, ਪਰ ਉਸ ਨੇ ਸੱਚ ਦਾ ਸਾਥ ਦੇਣਾ ਸਹੀ ਸਮਝਿਆ।
ਇਹ ਵੀ ਪੜ੍ਹੋ : ਬਿਜਲੀ ਸੰਕਟ ਲਈ ਚੰਨੀ ਅਤੇ ਮੋਦੀ ਸਰਕਾਰਾਂ ਬਰਾਬਰ ਜ਼ਿੰਮੇਵਾਰ : ਅਰੋੜਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਦੇ ਕਿਸਾਨਾਂ ਲਈ ਬੇਹੱਦ ਅਹਿਮ ਖ਼ਬਰ, ਪੀ. ਏ. ਯੂ. ਵਲੋਂ ਕੀਤੀ ਇਸ ਖੋਜ ਨਾਲ ਹੋਵੇਗਾ ਵੱਡਾ ਫਾਇਦਾ
NEXT STORY