ਚੰਡੀਗੜ੍ਹ (ਹਾਂਡਾ) : ਲੁਧਿਆਣਾ ਦੇ ਲਾਈਫ਼ ਲਾਈਨ ਹਸਪਤਾਲ ਦੀ ਡਾ. ਰਿੰਪੀ ਬਾਂਸਲ ਅਤੇ ਸਰਜੀਕਲ ਹਸਪਤਾਲ ਬਰਨਾਲਾ ਦੇ ਡਾ. ਐੱਮ. ਐੱਸ. ਸੇਠੀ ਨੂੰ ਕਿਰਨਦੀਪ ਨਾਂ ਦੀ ਔਰਤ ਦੀ ਡਿਲੀਵਰੀ ਅਤੇ ਉਸ ਤੋਂ ਬਾਅਦ ਇਲਾਜ ਦੌਰਾਨ ਲਾਪ੍ਰਵਾਹੀ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਦੌਰਾਨ ਸਟੇਟ ਖਪਤਕਾਰ ਕਮਿਸ਼ਨ ਨੇ ਮ੍ਰਿਤਕ ਔਰਤ ਦੇ ਪਤੀ ਅਤੇ ਮਾਈਨਰ ਬੇਟੇ ਨੂੰ 1-1 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੇ ਡਿਸਟ੍ਰਿਕਟ ਖਪਤਕਾਰ ਕਮਿਸ਼ਨ ਦੇ ਹੁਕਮਾਂ ਨੂੰ ਬਰਕਰਾਰ ਰੱਖਦਿਆਂ ਮੁਆਵਜ਼ਾ ਰਾਸ਼ੀ 45 ਦਿਨ ਦੇ ਅੰਦਰ ਦੇਣ ਦੇ ਹੁਕਮ ਦਿੱਤੇ ਹਨ। ਨਾਲ ਹੀ ਬੀਮਾ ਕੰਪਨੀ (ਯੂਨਾਈਟਿਡ ਇੰਡੀਆ ਇੰਸ਼ੋਰੈਂਸ) ਨੂੰ ਵੀ 2 ਲੱਖ ਰੁਪਏ ਪਟੀਸ਼ਨਰ ਨੂੰ ਦੇਣ ਦੇ ਹੁਕਮ ਦਿੱਤੇ ਹਨ, ਜਿਸ ’ਚੋਂ ਡੇਢ ਲੱਖ ਦੀ ਰਾਸ਼ੀ ਮਾਈਨਰ ਬੱਚੇ ਦੇ ਨਾਮ ’ਤੇ ਐੱਫ਼. ਡੀ. ਕਰਵਾਉਣੀ ਹੋਵੇਗੀ ਜੋ ਕਿ ਉਸ ਨੂੰ ਬਾਲਗ ਹੋਣ ’ਤੇ ਮਿਲੇਗੀ। ਸਟੇਟ ਖਪਤਕਾਰ ਕਮਿਸ਼ਨ ਦੀ ਪ੍ਰਧਾਨ ਜਸਟਿਸ ਦਇਆ ਚੌਧਰੀ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਡਾਕਟਰਾਂ ਨੂੰ ਸਫ਼ਾਈ ਦੇਣ ਦਾ ਮੌਕਾ ਦਿੱਤਾ ਗਿਆ ਪਰ ਉਹ ਨਾ ਤਾਂ ਇਲਾਜ ਦਾ ਬਿਓਰਾ ਪੇਸ਼ ਕਰ ਸਕੇ, ਨਾ ਹੀ ਖੁਦ ’ਤੇ ਲੱਗੇ ਦੋਸ਼ਾਂ ਨੂੰ ਝੁਠਲਾ ਸਕੇ, ਇਸ ਲਈ ਕੋਰਟ ਮੰਨਦਾ ਹੈ ਕਿ ਲਾਪ੍ਰਵਾਹੀ ਹੋਈ ਅਤੇ ਮਾਸੂਮ ਬੱਚੇ ਨੂੰ ਮਾਂ ਦੀ ਗੋਦ ਨਸੀਬ ਨਹੀਂ ਹੋ ਸਕੀ।
ਇਹ ਹੈ ਮਾਮਲਾ
ਮਾਮਲਾ ਲੁਧਿਆਣਾ ਦੇ ਲਾਈਫ਼ ਲਾਈਨ ਹਸਪਤਾਲ ਦਾ ਹੈ, ਜਿੱਥੇ ਬਰਨਾਲਾ ਦੀ ਕਿਰਨਦੀਪ ਕੌਰ ਦੀ ਡਿਲੀਵਰੀ ਦਾ ਕੇਸ ਆਇਆ ਸੀ, ਜਿਸ ਦੀ ਡਿਲੀਵਰੀ ਸਰਜਰੀ ਰਾਹੀਂ 4 ਸਤੰਬਰ 2013 ਨੂੰ ਡਾ. ਰਿੰਪੀ ਬਾਂਸਲ ਨੇ ਡਾ. ਅਭਿਸ਼ੇਕ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਸੀ। ਡਿਲੀਵਰੀ ਤੋਂ ਬਾਅਦ ਕਿਰਨਦੀਪ ਨੂੰ 9 ਸਤੰਬਰ ਨੂੰ ਘਰ ਭੇਜ ਦਿੱਤਾ ਗਿਆ। 13 ਅਤੇ 20 ਸਤੰਬਰ 2013 ਨੂੰ ਕਿਰਨਦੀਪ ਨੂੰ ਫਾਲੋਅਪ ਲਈ ਬੁਲਾਇਆ ਗਿਆ, ਜਿੱਥੇ ਉਸ ਨੇ ਢਿੱਡ ਦਰਦ ਅਤੇ ਉਲਟੀਆਂ ਹੋਣ ਦੀ ਸ਼ਿਕਾਇਤ ਕੀਤੀ ਪਰ ਡਾਕਟਰਾਂ ਨੇ ਪ੍ਰਵਾਹ ਨਹੀਂ ਕੀਤੀ, ਜਦੋਂ ਹਾਲਤ ਵਿਗੜੀ ਤਾਂ ਬਰਨਾਲਾ ਦੇ ਸਰਜੀਕਲ ਹਸਪਤਾਲ ’ਚ ਔਰਤ ਨੂੰ ਡਾ. ਐੱਮ. ਐੱਸ. ਸੇਠੀ ਕੋਲ ਭੇਜਿਆ ਗਿਆ, ਜਿੱਥੇ ਔਰਤ ਨੂੰ 20 ਨਵੰਬਰ 2013 ਨੂੰ ਦਾਖ਼ਲ ਕਰ ਕੇ ਢਿੱਡ ਦੀ ਸਰਜਰੀ ਕੀਤੀ ਗਈ, ਦੱਸਿਆ ਗਿਆ ਕਿ ਢਿੱਡ ’ਚ ਰਸੌਲੀ ਸੀ। ਡਾਕਟਰ ਨੇ ਦੱਸਿਆ ਕਿ ਡਿਲੀਵਰੀ ਦੌਰਾਨ ਜਦੋਂ ਟਾਂਕੇ ਲਗਾਏ ਗਏ ਤਾਂ ਦੋ ਨਸਾਂ ਆਪਸ ’ਚ ਜੁੜ ਗਈਆਂ, ਜਿਸ ਕਾਰਣ ਉਕਤ ਪ੍ਰੇਸ਼ਾਨੀ ਪੇਸ਼ ਆਈ ਹੈ। ਸਰਜਰੀ ਤੋਂ ਬਾਅਦ ਕਿਰਨਦੀਪ ਦੀ ਹਾਲਤ ਵਿਗੜਨ ਲੱਗੀ ਤਾਂ 23 ਨਵੰਬਰ ਨੂੰ ਉਸ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਔਰਤ ਦੀ 28 ਨਵੰਬਰ ਨੂੰ ਮੌਤ ਹੋ ਗਈ ਸੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫ਼ੈਸਲਿਆਂ ’ਤੇ ਲੱਗ ਰਹੀ ਹੈ ਹਾਈਕਮਾਨ ਦੀ ਮੋਹਰ
NEXT STORY