ਡਕਾਲਾ (ਨਰਿੰਦਰ) : ਪਿਛਲੇ ਕਈ ਦਿਨਾਂ ਤੋਂ ਉੱਤਰੀ ਭਾਰਤ ਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੀ ਰਾਤ ਪਟਿਆਲਾ ਜ਼ਿਲ਼ੇ ਦੇ ਹਲਕਾ ਸਮਾਣਾ ਦੇ ਡਕਾਲਾ ਇਲਾਕੇ ਵਿਚ ਪੈਂਦੇ ਪਿੰਡ ਚੂਹੜਪੁਰ ਵਿਖੇ ਰਾਤ ਨੂੰ ਸੁੱਤੀਆਂ ਪਈਆਂ ਦੋ ਲੜਕੀਆਂ ਦੀ ਗੁੱਤ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀਆਂ ਦੇ ਮਾਪਿਆਂ ਨੂੰ ਘਟਨਾ ਦਾ ਪਤਾ ਸਵੇਰ ਹੋਣ 'ਤੇ ਪਤਾ ਲੱਗਾ। ਘਟਨਾ ਨੇ ਨੇੜਲੇ ਖੇਤਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੂਹੜਪੁਰ ਦੇ ਰਹਿਣ ਵਾਲੇ ਨਿਰਮਲ ਸਿੰਘ ਪੁੱਤਰ ਪੂਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾ ਦਾ ਪਰਿਵਾਰ ਰਾਤ ਨੂੰ ਜਦੋਂ ਵਿਹੜੇ ਵਿਚ ਸੁੱਤਾ ਪਿਆ ਸੀ ਅਤੇ ਘਰ ਦਾ ਮੁੱਖ ਦਰਵਾਜ਼ਾ ਬੰਦ ਸੀ। ਉਨ੍ਹਾਂ ਦੱਸਿਆ ਕਿ ਮੇਰੀਆਂ ਲੜਕੀਆਂ ਰਿੱਤੂ ਕੌਰ (13) ਤੇ ਸੁਖਵਿੰਦਰ ਕੌਰ (8) ਤੇ ਲੜਕਾ ਬਲਜਿੰਦਰ ਸਿੰਘ ਘਰ ਦੇ ਅੰਦਰ ਕਮਰੇ ਵਿਚ ਸੁੱਤੇ ਪਏ ਸਨ ਤਾਂ ਸਵੇਰੇ ਜਦੋਂ ਮੇਰੀ ਪਤਨੀ ਸਵਰਨਜੀਤ ਕੌਰ ਨੇ ਉੱਠ ਕੇ ਕੰਮਕਾਰ ਕਰਨਾ ਸ਼ੁਰੂ ਕੀਤਾ ਤਾਂ ਉਸਨੇ ਦੇਖਿਆ ਕਿ ਰਿੱਤੂ ਅਤੇ ਸੁਖਵਿੰਦਰ ਦੀਆਂ ਗੁੱਤਾ ਕੱਟੀਆਂ ਹੋਈਆਂ ਸਨ ਤੇ ਧਰਤੀ ਤੇ ਪਈਆਂ ਸਨ।
ਉਸਦੇ ਰੌਲਾ ਪਾਉਣ ਤੇ ਘਰ ਦੇ ਬਾਕੀ ਪਰਿਵਾਰਿਕ ਮੈਂਬਰ ਵੀ ਉੱਠ ਗਏ ਅਤੇ ਪਿੰਡ ਦੇ ਸਰਪੰਚ ਨੂੰ ਬੁਲਾ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਇਹ ਘਟਨਾ ਸਾਰੇ ਇਲਾਕੇ ਵਿਚ ਅੱਗ ਦੀ ਤਰ੍ਹਾਂ ਫੈਲ ਗਈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ 'ਤੇ ਪੁੱਜੇ ਸਰਪੰਚ ਸੁਰਜੀਤ ਸਿੰਘ ਨੇ ਫੋਨ 'ਤੇ ਸਾਰੀ ਘਟਨਾ ਬਾਰੇ ਪੁਲਸ ਚੌਕੀ ਰਾਮਨਗਰ ਨੂੰ ਸੂਚਿਤ ਕੀਤਾ ਤੇ ਜਿਸਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ਦਾ ਜਾਇਜ਼ਾ ਲੈਣ ਪੁੱਜੀ। ਇਸ ਮੌਕੇ ਮੌਜੂਦ ਕੇਸਰ ਸਿੰਘ, ਗੁਰਵਿੰਦਰ ਸਿੰਘ, ਰਾਮ ਪ੍ਰਤਾਪ ਸਿੰਘ, ਕਰਨੈਲ ਸਿੰਘ ਆਦਿ ਲੋਕਾਂ ਦਾ ਕਹਿਣਾ ਸੀ ਕਿ ਇਹ ਸਭ ਕੋਈ ਗੈਵੀ ਸ਼ਕਤੀ ਹੀ ਹੋ ਸਕਦੀ ਹੈ ਕਿÀੁਂਕਿ ਜੇਕਰ ਕੋਈ ਓਪਰਾ ਬੰਦਾ ਪਿੰਡ ਵਿਚ ਦਾਖਲ ਹੋਵੇਗਾ ਤਾਂ ਉਸਦਾ ਤਾਂ ਪਤਾ ਕਿਸੇ ਨਾ ਕਿਸੇ ਨੂੰ ਲੱਗ ਹੀ ਜਾਣਾ ਸੀ। ਇਸ ਘਟਨਾ ਬਾਰੇ ਹਰਮਿੰਦਰ ਸਿੰਘ ਚੌਕੀ ਇੰਚਾਰਜ ਰਾਮਨਗਰ ਨੇ ਕਿਹਾ ਕਿ ਇਹ ਮਾਮਲਾ ਸ਼ੱਕੀ ਹੈ। ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਅੰਧ ਵਿਸ਼ਵਾਸ : ਘਟਨਾਵਾਂ ਤੋਂ ਬਚਣ ਲਈ ਪਿੰਡ ਦੇ ਲੋਕਾਂ ਨੇ ਘਰਾਂ ਅੱਗੇ ਟੰਗੇ ਨਿੰਬੂ
ਵਾਲ ਕੱਟਣ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਲੋਕਾਂ ਨੇ ਘਟਨਾ ਦੇ ਡਰ ਤੋਂ ਬਚਾਅ ਲਈ ਅੰਧ ਵਿਸ਼ਵਾਸ ਦਾ ਰਸਤਾ ਤਿਆਰ ਕਰ ਲਿਆ ਹੈ। ਲੋਕ ਡਰਦੇ ਮਾਰੇ ਕਈ ਤਰ੍ਹਾਂ ਦੇ ਟੂਣੇ ਤੇ ਹੋਰ ਕਈ ਵਹਿਮ ਭਰਮਾਂ ਨੂੰ ਅਪਣਾ ਰਹੇ ਹਨ। ਪਿੰਡ ਚੂਹੜਪੂਰ ਤੇ ਇਲਾਕੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਅਣਹੌਣੀ ਘਟਨਾ ਤੋਂ ਬਚਾਅ ਲਈ ਆਪਣੇ ਘਰਾ ਦੇ ਮੁੱਖ ਗੇਟ ਅੱਗੇ ਨਿੰਬੂ ਟੰਗਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕਿਸੇ ਗੈਵੀ ਸ਼ਕਤੀ ਨਾਲ ਹੋ ਰਿਹਾ ਹੈ ਤੇ ਇਸਦਾ ਉਪਾਅ ਕਰਨ ਲਈ ਇਹ ਨਿੰਬੂ ਟੰਗਣੇ ਜ਼ਰੂਰੀ ਹਨ।
ਨਵੇਂ ਮਨੋਰੰਜਨ ਟੈਕਸ ਦੇ ਵਿਰੋਧ 'ਚ ਕੇਬਲ ਆਪਰੇਟਰਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ
NEXT STORY