ਗੁਰਦਾਸਪੁਰ (ਵਿਨੋਦ,ਦੀਪਕ) - ਧੁੰਦ ਕਾਰਨ ਵਾਪਰਨ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਨਾਲ ਪੀਲੀ ਤੇ ਚਿੱਟੀ ਲਾਈਨ ਲਾਈ ਜਾਵੇ ਤੇ ਟਰਾਲੀਆਂ ਪਿੱਛੇ ਰਿਫਲੈਕਟਰ ਲਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ।ਇਹ ਪ੍ਰਗਟਾਵਾ ਕਰਦਿਆਂ ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਨੇ ਸਮੂਹ ਐੱਸ. ਡੀ. ਐੱਮਜ਼, ਈ. ਓਜ਼, ਐਕਸੀਅਨ ਪੀ. ਡਬਲਿਊ. ਡੀ. ਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਮੌਸਮ 'ਚ ਤਬਦੀਲੀ ਹੋਣ ਕਾਰਨ ਧੁੰਦ ਪੈ ਰਹੀ ਹੈ, ਇਸ ਲਈ ਸੰਭਾਵੀ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਨਾਲ ਲਾਈਨਾਂ 'ਤੇ ਰਿਫਲੈਕਟਰ ਤੁਰੰਤ ਲਾਏ ਜਾਣ। ਡਿਪਟੀ ਕਮਿਸ਼ਨਰ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲਾ ਰੋਡ ਸੇਫਟੀ ਦੀ ਮੀਟਿੰਗ ਕਰ ਰਹੇ ਸਨ।ਡਿਪਟੀ ਕਮਿਸ਼ਨਰ ਸਿੱਧੂ ਨੇ ਕਿਹਾ ਕਿ ਵੇਖਣ 'ਚ ਆਉਂਦਾ ਹੈ ਕਿ ਧੁੰਦ ਕਾਰਨ ਸੜਕਾਂ 'ਤੇ ਪੀਲੀ ਤੇ ਚਿੱਟੀ ਲਾਈਨ ਨਾ ਲੱਗਣ ਕਾਰਨ ਵ੍ਹੀਕਲ ਚਲਾਉਣ ਵਾਲੇ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ, ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਜ਼ਿਲੇ ਦੀਆਂ ਸੜਕਾਂ 'ਤੇ ਪੀਲੀਆਂ ਤੇ ਚਿੱਟੀਆਂ ਲਾਈਨਾਂ ਤੁਰੰਤ ਲਾ ਦਿੱਤੀਆਂ ਜਾਣ ਤੇ ਜਿਥੇ ਲਾਈਨਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਹੋਰ ਗੂੜ੍ਹਾ ਕੀਤਾ ਜਾਵੇ। ਉਨ੍ਹਾਂ ਸਮੂਹ ਈ. ਓਜ਼ ਨੂੰ ਹਦਾਇਤ ਕੀਤੀ ਕਿ ਸ਼ਹਿਰ, ਬਾਜ਼ਾਰਾਂ ਅੰਦਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਵੀ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਖਾਸ ਕਰਕੇ ਗੁਰਦਾਸਪੁਰ ਬੱਸ ਅੱਡੇ ਤੋਂ ਲੈ ਕੇ ਡਾਕਖਾਨਾ ਚੌਕ ਤੇ ਕਾਹਨੂੰਵਾਨ ਚੌਕ ਵਿਚਲੀ ਸੜਕੀ ਆਵਾਜਾਈ ਤੇ ਪੁਰਾਣੇ ਹਸਪਤਾਲ ਤੇ ਲਾਇਬ੍ਰੇਰੀ ਵਿਚਲੀ ਟਰੈਫਿਕ ਵੱਲ ਪੁਲਸ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸੇ ਤਰ੍ਹਾਂ ਬਟਾਲਾ ਦੇ ਗਾਂਧੀ ਚੌਕ ਵਿਚਲੀ ਟਰੈਫਿਕ ਸਮੱਸਿਆ ਲਈ ਉਨ੍ਹਾਂ ਬਟਾਲਾ ਦੇ ਪੁਲਸ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਮੀਟਿੰਗ ਦੌਰਾਨ ਗੁਰਦਾਸਪੁਰ ਟਰੈਫਿਕ ਪੁਲਸ ਦੇ ਅਧਿਕਾਰੀਆਂ ਦੱਸਿਆ ਕਿ ਅਕਤੂਬਰ ਮਹੀਨੇ ਵਿਚ 787 ਵਾਹਨਾਂ ਦੇ ਚਲਾਨ ਕੱਟੇ ਗਏ ਹਨ ਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਤੋਂ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਾਰ ਲਾਏ ਗਏ ਹਨ ਤੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਵਿਖੇ ਵੀ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।
ਭਾਜਪਾ ਨੇ ਸਾੜਿਆ ਕਾਂਗਰਸ ਦਾ ਪੁਤਲਾ
NEXT STORY