ਜਲੰਧਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਲਈ ਪਾਕਿਸਤਾਨ ਵੱਲੋਂ ਬਿਨਾਂ ਕਾਰਨ ਕੀਤੀ ਜਾਂਦੀ ਗੋਲੀਬਾਰੀ ਦਾ ਖਤਰਾ ਸਾਲ 2018 ਵਿਚ ਲਗਾਤਾਰ ਬਣਿਆ ਰਿਹਾ। ਨਵੇਂ ਸਾਲ 'ਚ ਵੀ ਅਜਿਹੀਆਂ ਕੋਈ ਸੰਭਾਵਨਾਵਾਂ ਦਿਖਾਈ ਨਹੀਂ ਦਿੰਦੀਆਂ ਕਿ ਖਤਰੇ ਦੇ ਇਹ ਬੱਦਲ ਸਾਫ ਹੋ ਜਾਣਗੇ। ਗੋਲੀਬਾਰੀ ਤੋਂ ਪ੍ਰਭਾਵਿਤ ਖੇਤਰਾਂ ਵਿਚ ਕੰਮ-ਧੰਦੇ ਕਰਨਾ ਆਸਾਨ ਕੰਮ ਨਹੀਂ ਹੈ ਅਤੇ ਆਪਣੇ ਘਰਾਂ 'ਚ ਰਹਿਣ ਸਮੇਂ ਵੀ ਦਿਲ ਧੜਕਦਾ ਰਹਿੰਦਾ ਹੈ। ਅਤੀਤ ਵਿਚ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦੋਂ ਪਾਕਿਸਤਾਨ ਵੱਲੋਂ ਭਾਰਤ ਦੇ ਰਿਹਾਇਸ਼ੀ ਖੇਤਰਾਂ 'ਤੇ ਗੋਲੀਆਂ ਦੀ ਵਾਛੜ ਕੀਤੀ ਗਈ ਤੇ ਮਾਸੂਮ ਲੋਕਾਂ ਨੂੰ ਬਿਨਾਂ ਕਾਰਨ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ। ਸਰਹੱਦੀ ਖੇਤਰਾਂ 'ਚ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਦੀਆਂ ਫਸਲਾਂ ਵੀ ਪ੍ਰਭਾਵਿਤ ਹੁੰਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਦੇ ਪਸ਼ੂ ਵੀ ਮਾਰੇ ਜਾਂਦੇ ਹਨ। ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਇਕ ਵਿਸ਼ੇਸ਼ ਰਾਹਤ ਮੁਹਿੰਮ ਅਧੀਨ ਅੱਤਵਾਦ ਪੀੜਤਾਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਲਗਾਤਾਰ ਸਹਾਇਤਾ ਪਹੁੰਚਾਈ ਜਾ ਰਹੀ ਹੈ।
ਇਸੇ ਮੁਹਿੰਮ ਅਧੀਨ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ 490ਵੇਂ ਟਰੱਕ ਦੀ ਸਮੱਗਰੀ ਭਿਜਵਾਈ ਗਈ। ਇਸ ਸਮੱਗਰੀ ਦਾ ਯੋਗਦਾਨ ਭਗਵਾਨ ਜਗਨਨਾਥ ਰੱਥ ਯਾਤਰਾ ਮਹਾਉਤਸਵ ਕਮੇਟੀ ਲੁਧਿਆਣਾ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਕਮੇਟੀ ਦੇ ਸ਼੍ਰੀ ਬਿੱਟੂ ਗੁੰਬਰ, ਕਮਲ ਸ਼ਰਮਾ, ਸੰਜੀਵ ਸੂਦ ਬਾਂਕਾ, ਸਤੀਸ਼ ਗੁਪਤਾ, ਰਾਕੇਸ਼ ਢਾਂਡਾ, ਵਿਪਨ ਸੂਦ ਕਾਕਾ, ਸੁਰਿੰਦਰ ਨਈਅਰ ਬਿੱਟੂ ਅਤੇ ਹੋਰ ਮੈਂਬਰਾਂ ਨੇ ਵੱਡਮੁੱਲਾ ਯੋਗਦਾਨ ਪਾਇਆ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ, ਸਰਦ-ਰੁੱਤ ਨੂੰ ਧਿਆਨ 'ਚ ਰੱਖਦਿਆਂ, 300 ਰਜਾਈਆਂ ਭਿਜਵਾਈਆਂ ਗਈਆਂ ਸਨ। ਪ੍ਰਭਾਵਿਤ ਖੇਤਰਾਂ 'ਚ ਸਮੱਗਰੀ ਦੀ ਵੰਡ ਲਈ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁੱਡਵਿਲ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਲਾਲਾ ਜਗਤ ਨਾਰਾਇਣ ਧਰਮਸ਼ਾਲਾ ਚਿੰਤਪੂਰਨੀ ਦੇ ਪ੍ਰਧਾਨ ਐੈੱਮ. ਡੀ. ਸੱਭਰਵਾਲ ਅਤੇ ਇਕਬਾਲ ਸਿੰਘ ਅਰਨੇਜਾ ਵੀ ਸ਼ਾਮਲ ਸਨ।
2 ਔਰਤਾਂ ਦੀ ਐਂਟਰੀ ਮਗਰੋਂ ਸਬਰੀਮਾਲਾ ਮੰਦਰ ਦਾ ਕੀਤਾ 'ਸ਼ੁੱਧੀਕਰਨ'
NEXT STORY