ਖਰੜ (ਅਮਰਦੀਪ) – ਅੱਜ ਖਰੜ-ਮੋਹਾਲੀ ਕੌਮੀ ਮਾਰਗ 'ਤੇ ਸੰਨੀ ਇਨਕਲੇਵ ਦੇ ਸਾਹਮਣੇ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰਾਂ ਵਲੋਂ ਧੱਕੇਸ਼ਾਹੀ ਨਾਲ ਬੱਸਾਂ ਹਾਈਵੇ 'ਤੇ ਖੜ੍ਹੀਆਂ ਕਰਕੇ ਦੋ ਘੰਟੇ ਜਾਮ ਲਾ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਪੱਟੀ ਡਿਪੂ ਦੀ ਬੱਸ (ਪੀ. ਬੀ. 46 ਐੱਮ-9305) ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਜਦੋਂ ਕਾਰ ਸਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਬੱਸ ਡਰਾਈਵਰ ਬਿਕਰਮਜੀਤ ਸਿੰਘ ਨੇ ਰੋਹਬ ਦਿਖਾਉਂਦਿਆਂ ਰੋਡਵੇਜ਼ ਤੇ ਪਨਬੱਸਾਂ ਦੀਆਂ ਹੋਰ ਬੱਸਾਂ ਨੂੰ ਰੁਕਵਾ ਲਿਆ ਤੇ ਹਾਈਵੇ 'ਤੇ ਜਾਮ ਲਾ ਦਿੱਤਾ ਤੇ ਕਿਹਾ ਕਿ ਉਸ ਨੇ ਟੱਕਰ ਨਹੀਂ ਮਾਰੀ, ਕਾਰ ਸਵਾਰ ਜਾਣਬੁੱਝ ਕੇ ਉਸ 'ਤੇ ਇਲਜਾਮ ਲਾ ਰਿਹਾ ਹੈ ਜਦੋਂਕਿ ਖੁਦ ਬੱਸ ਡਰਾਈਵਰ ਦੀ ਗਲਤੀ ਸੀ।
ਸਵਾਰੀਆਂ ਨੂੰ ਬੱਸ ਵਿਚੋਂ ਉਤਾਰ ਦਿੱਤਾ ਪਰ ਸਵਾਰੀਆਂ ਮਿੰਨਤਾਂ ਕਰ ਰਹੀਆਂ ਸਨ ਕਿ ਉਹ ਲੇਟ ਹੋ ਰਹੀਆਂ ਹਨ ਤਾਂ ਡਰਾਈਵਰ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਹਾਰ ਕੇ ਸਵਾਰੀਆਂ ਖੁਦ ਆਟੋ 'ਤੇ ਬੈਠ ਕੇ ਚੰਡੀਗੜ੍ਹ ਤੇ ਮੋਹਾਲੀ ਨੂੰ ਰਵਾਨਾ ਹੋ ਗਈਆਂ। ਜਾਮ ਲੱਗਣ ਤੋਂ ਬਾਅਦ ਖਰੜ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਹਰਸ਼ਪਾਲ ਸ਼ਰਮਾ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਬੱਸ ਡਰਾਈਵਰ ਨੂੰ ਜਦੋਂ ਸਮਝਾਉਣ ਦੀ ਗੱਲ ਕੀਤੀ ਤਾਂ ਡਰਾਈਵਰ ਨੇ ਏ. ਐੱਸ. ਆਈ. ਨੂੰ ਧੱਕਾ ਮਾਰਿਆ ਤੇ ਉਸ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ ਕਿ ਉਹ ਨਹੀਂ ਜਾਣਦਾ ਕਿਸੇ ਟ੍ਰੈਫਿਕ ਪੁਲਸ ਵਾਲੇ ਨੂੰ, ਉਹ ਖੁਦ ਰੋਡਵੇਜ਼ ਮੁਲਾਜ਼ਮਾਂ ਦਾ ਪ੍ਰਧਾਨ ਹੈ, ਆਪੇ ਹੀ ਮਾਮਲਾ ਸੁਲਝਾ ਲਵੇਗਾ।
ਡਰਾਈਵਰ ਨੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਇਕ ਨਾ ਸੁਣੀ ਤਾਂ ਵਧ ਰਹੇ ਟ੍ਰੈਫਿਕ ਜਾਮ ਨੂੰ ਦੇਖਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਸਤਨਾਮ ਸਿੰਘ ਮੌਕੇ 'ਤੇ ਪੁੱਜੇ ਤੇ ਦੋਵਾਂ ਧਿਰਾਂ ਨੂੰ ਸਮਝਾਇਆ, ਤਾਂ ਜਾ ਕੇ ਰੋਡਵੇਜ਼ ਡਰਾਈਵਰ ਨੇ ਬੱਸਾਂ ਇਕ ਸਾਈਡ 'ਤੇ ਕੀਤੀਆਂ ਤੇ ਟ੍ਰੈਫਿਕ ਚੱਲਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭੁੱਖ ਹੜਤਾਲ 'ਤੇ ਬੈਠੇ 'ਸੋਈ' ਦੇ ਇਕਬਾਲਪ੍ਰੀਤ ਦੀ ਸਿਹਤ ਵਿਗੜੀ
NEXT STORY