ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਇਸ਼ਤਿਹਾਰਬਾਜ਼ੀ ਦਾ ਠੇਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਹਮੇਸ਼ਾ ਹੀ ਚਰਚਾ ’ਚ ਰਿਹਾ ਹੈ। ਜਦ ਇਹ ਇਸ਼ਤਿਹਾਰਬਾਜ਼ੀ ਦਾ ਕੰਮ ਠੇਕੇਦਾਰ ਕੋਲ ਸੀ ਤਾਂ ਨਗਰ ਕੌਂਸਲ ਦੇ ਮਿੱਥੇ ਰੇਟਾਂ ਤੋਂ ਦੁੱਗਣੇ ਤਿੱਗਣੇ ਵਸੂਲੇ ਜਾ ਰਹੇ ਕਥਿਤ ਰੇਟ ਚਰਚਾਵਾਂ ਵਿਚ ਰਹੇ, ਉੱਥੇ ਹੀ ਹੁਣ ਜਦੋਂ ਕਰੀਬ ਬੀਤੇ 5 ਮਹੀਨੇ ਤੋਂ ਇਸ ਇਸ਼ਤਿਹਾਰਬਾਜ਼ੀ ਦਾ ਠੇਕਾ ਨਹੀਂ ਹੋਇਆ ਤਾ ਅਸਿੱਧੇ ਰੂਪ ਵਿਚ ਇਸ਼ਤਿਹਾਰ ਦਾਤਾਵਾਂ ਤੋਂ ਉਹੀ ਵੱਡੀ ਰਕਮ ਵਸੂਲੀ ਜਾ ਰਹੀ ਹੈ। ਇਸ ਤੋਂ ਇਲਾਵਾ ਕੁਝ ਆਪ ਬਣੇ ਠੇਕੇਦਾਰ ਨਗਰ ਕੌਂਸਲ ਕੋਲ ਮਿੱਥੇ ਰੇਟਾਂ ਦੀ ਪਰਚੀ ਕਟਵਾ ਰਹੇ ਹਨ। ਦੱਸ ਦੇਈਏ ਕਿ 30 ਜੂਨ 2022 ਤੋਂ ਇਸ਼ਤਿਹਾਰਬਾਜ਼ੀ ਦਾ ਠੇਕਾ ਖਤਮ ਹੋ ਚੁੱਕਾ ਹੈ ਅਤੇ 1 ਜੁਲਾਈ ਤੋਂ ਇਹ ਕੰਮ ਨਗਰ ਕੌਂਸਲ ਖੁਦ ਸੰਭਾਲ ਰਹੀ ਹੈ ਪਰ ਬੀਤੇ 5 ਮਹੀਨਿਆਂ ਦੀ ਜੋ ਆਮਦਨ ਸਾਹਮਣੇ ਆਈ ਹੈ, ਉਹ ਕਿਤੇ ਨਾ ਕਿਤੇ ਸਭ ਅੱਛਾ ਨਹੀਂ ਵਾਲੀ ਗੱਲਬਾਤ ਨੂੰ ਸਾਹਮਣੇ ਲਿਆਂਦੀ ਹੈ। ਨਗਰ ਕੌਂਸਲ ਅਧੀਨ ਜੋ ਮਿੱਥੀ ਇਸ਼ਤਿਹਾਰਬਾਜ਼ੀ ਵਾਲੀਆਂ ਥਾਵਾਂ ਹਨ, ਉਸ ਵਿਚ 25 ਯੂਨੀਪੋਲ ਹਨ ਜਿਨ੍ਹਾਂ ਦੀ ਕੀਮਤ ਨਗਰ ਕੌਂਸਲ ਅਨੁਸਾਰ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਅਤੇ ਇਸ ਤੋਂ ਇਲਾਵਾ 100 ਪੋਲ ਕੋਸਕ ਹਨ, ਜਿਨ੍ਹਾਂ ਦੀ ਕੀਮਤ ਨਗਰ ਕੌਂਸਲ ਅਨੁਸਾਰ 100 ਰੁਪਏ ਪ੍ਰਤੀ ਮਹੀਨਾ ਹੈ। ਜੇਕਰ ਇਕੱਲੇ ਯੂਨੀਪੋਲ ਤੇ ਇਸ਼ਤਿਹਾਰਬਾਜ਼ੀ ਹੁੰਦੀ ਹੈ ਤਾਂ ਯੂਨੀਪੋਲ ਤੋਂ 1 ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਨਗਰ ਕੌਂਸਲ ਨੂੰ ਆਉਂਦੀ ਹੈ।
ਬੀਤੇ ਸਮੇਂ ਜਦ ਨਗਰ ਕੌਂਸਲ ਦੀ ਇਸ਼ਤਿਹਾਰਬਾਜ਼ੀ ਦਾ ਠੇਕਾ ਕਲੱਸਟਰ ਅਧਾਰ ’ਤੇ ਸੀ ਤਾਂ 2017-18 ਵਿਚ ਇਸ ਠੇਕੇ ਤੋਂ 706099 ਰੁਪਏ, 2018-19 ਵਿਚ 902313 ਰੁਪਏ, 2019-20 ਵਿਚ ਇਸ ਠੇਕੇ ਤੋਂ 806000 ਰੁਪਏ, 2020-21 ਵਿਚ 527000 ਰੁਪਏ, 2021-22 ਵਿਚ 527000 ਰੁਪਏ ਦੀ ਆਮਦਨ ਠੇਕੇਦਾਰ ਤੋਂ ਹੋਈ ਪਰ ਹੁਣ ਜਦ ਬੀਤੇ ਕਰੀਬ 5 ਮਹੀਨਿਆਂ ਤੋਂ ਇਹ ਕੰਮ ਨਗਰ ਕੌਂਸਲ ਦੇ ਕੋਲ ਹੈ ਤਾਂ ਇਸ ਤੋਂ ਮਹਿਜ਼ 1 ਲੱਖ 44 ਹਜ਼ਾਰ ਰੁਪਏ ਦੀ ਆਮਦਨ ਹੀ ਨਗਰ ਕੌਂਸਲ ਨੂੰ ਹੋਈ ਹੈ। ਜਦਕਿ ਸ਼ਹਿਰ ਵਿਚ ਜੇਕਰ ਇਸ਼ਤਿਹਾਰਬਾਜ਼ੀ ਦਾ ਹਾਲ ਵੇਖਿਆ ਜਾਵੇ ਤਾਂ ਸ਼ਹਿਰ ਵਿਚ ਮਿੱਥੀਆਂ ਥਾਵਾਂ ਤੋਂ ਇਲਾਵਾ ਹਰ ਇਕ ਜਨਤਕ ਜਗ੍ਹਾ ਦੇ ਨੇੜਲੀਆਂ ਕੰਧਾਂ, ਬਿਜਲੀ ਵਿਭਾਗ ਦੇ ਖੰਭਿਆਂ ’ਤੇ ਤੁਹਾਨੂੰ ਇਸ਼ਤਿਹਾਰਬਾਜ਼ੀ ਦੇ ਬੋਰਡ ਹੀ ਨਜ਼ਰ ਆਉਣਗੇ। ਕਥਿਤ ਤੌਰ ’ਤੇ ਠੇਕੇਦਾਰ ਦਾ ਠੇਕਾ ਖ਼ਤਮ ਹੋਣ ਤੋਂ ਬਾਅਦ ਵੀ ਕੁਝ ਕੁ ਦਲਾਲ ਕਿਸਮ ਦੇ ਲੋਕ ਇਸ ਇਸ਼ਤਿਹਾਰਬਾਜ਼ੀ ਦੇ ਆਪੂ ਬਣੇ ਠੇਕੇਦਾਰ ਬਣੇ ਹੋਏ ਹਨ। ਇਸ਼ਤਿਹਾਰਦਾਤਾਵਾਂ ਨੂੰ ਅੱਜ ਵੀ ਯੂਨੀਪੋਲ ਇਨ੍ਹਾਂ ਦਲਾਲਾਂ ਦੀ ਵਜ੍ਹਾ ਕਾਰਨ 10 ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈ ਰਿਹਾ ਹੈ। ਕੰਮ ਵਿਚੋਲਿਆਂ ਕੋਲ ਕਿਵੇਂ ਰਿਹਾ ਇਸਦੀ ਇਕ ਪ੍ਰਤੱਖ ਉਦਾਹਰਣ ਹੋਰ ਉਸ ਸਮੇਂ ਵੀ ਸਾਹਮਣੇ ਆਈ ਜਦ ਆਰ. ਟੀ. ਆਈ. ਵਿਚ ਬੀਤੇ 5 ਮਹੀਨੇ ਵਿਚ ਨਗਰ ਕੌਂਸਲ ਵੱਲੋਂ ਇਸ਼ਤਿਹਾਰਦਾਤਾਵਾਂ ਦੀਆਂ ਕੱਟੀਆਂ ਗਈਆਂ ਰਸੀਦਾਂ ਦੀ ਮੰਗ ਕੀਤੀ ਗਈ ਤਾਂ ਇਸ ਦੌਰਾਨ ਜੋ ਰਸੀਦਾਂ ਪ੍ਰਾਪਤ ਹੋਈਆ ਉਸ ਵਿਚ ਪ੍ਰਾਪਤ 7 ਵਿਚੋਂ 5 ਰਸੀਦਾਂ ਅਜਿਹੀਆਂ ਹਨ ਜੋ ਇਸ਼ਤਿਹਾਰ ਦਾਤਾਵਾਂ ਦੀਆਂ ਨਹੀਂ ਬਲਕਿ ਵਿਚੋਲਿਆਂ ਦੇ ਨਾਮ ’ਤੇ ਕੱਟੀਆਂ ਗਈਆ ਹਨ। ਜਦਕਿ ਅਸਿੱਧੇ ਰੂਪ ਵਿਚ ਨਗਰ ਕੌਂਸਲ ਤੋਂ ਮਿੱਥੇ ਰੇਟ ’ਤੇ ਲਏ ਗਏ ਯੂਨੀਪੋਲ ਅੱਗੇ ਠੇਕਾ ਨਾ ਹੋਣ ਦੇ ਬਾਵਜੂਦ ਵੀ ਇਸ਼ਤਿਹਾਰਦਾਤਾਵਾਂ ਨੂੰ ਵਾਇਆ ਵਿਚੋਲਿਆਂ ਦੇ ਪ੍ਰਾਪਤ ਹੋਏ।
ਕਾਰਜ ਸਾਧਕ ਅਫ਼ਸਰ ਦੇ ਲਿਖੇ ਪੱਤਰ ਦਾ ਅਜੇ ਨਹੀਂ ਆਇਆ ਜਵਾਬ
ਬੀਤੇ ਸਾਲ ਇਸ਼ਤਿਹਾਰਬਾਜ਼ੀ ਦਾ ਇਹ ਠੇਕਾ ਕਲੱਸਟਰ ਬਣਾ ਕੇ ਦਿੱਤਾ ਗਿਆ ਸੀ ਪਰ ਇਸ ਵਾਰ ਇਹ ਠੇਕਾ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋ ਇਕੱਲੇ ਦੇਣ ਲਈ ਪ੍ਰਵਾਨਗੀ ਸਬੰਧੀ 8 ਜੂਨ 2022 ਨੂੰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦੇ ਨਾਮ ਪੱਤਰ ਨੰਬਰ 1680 ਤਹਿਤ ਲਿਖਿਆ ਗਿਆ ਕਿ ਇਸ ਸਬੰਧੀ 7 ਜੂਨ 2022 ਦੀ ਮੀਟਿੰਗ ਵਿਚ ਮੱਦ ਲਿਆਂਦੀ ਗਈ ਸੀ ਪਰ ਮੀਟਿੰਗ ਕੋਰਮ ਪੂਰਾ ਨਾਲ ਹੋਣ ਕਾਰਨ ਮੁਲਤਵੀ ਹੋ ਗਈ ਸੀ। ਇਸ ਪੱਤਰ ਵਿਚ ਕਾਰਜ ਸਾਧਕ ਅਫ਼ਸਰ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਕਰੀਬ 12 ਲੱਖ ਰੁਪਏ ਸਲਾਨਾ ਤੇ ਇਸ ਠੇਕੇ ਸਬੰਧੀ ਟੈਂਡਰ ਕਾਲ ਕਰਨ ਦੀ ਪ੍ਰਵਾਨਗੀ ਮੰਗੀ ਹੈ। ਹੁਣ ਜਿਸ ਇਸ਼ਤਿਹਾਰਬਾਜ਼ੀ ਦਾ ਠੇਕਾ ਨਗਰ ਕੌਂਸਲ ਕਰੀਬ 12 ਲੱਖ ਰੁਪਏ ਸਲਾਨਾ ਵਿਚ ਕਰਨ ਦੀ ਪ੍ਰਵਾਨਗੀ ਮੰਗ ਰਹੀ ਹੈ, ਉਸੇ ਇਸ਼ਤਿਹਾਰਬਾਜ਼ੀ ਵਿਚੋਂ ਨਗਰ ਕੌਂਸ਼ਲ ਆਪ 5 ਮਹੀਨਿਆਂ ਵਿਚ ਮਹਿਜ਼ 1 ਲੱਖ 44 ਹਜ਼ਾਰ ਰੁਪਏ ਹੀ ਕਮਾ ਸਕੀ ਹੈ।
ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ
ਇਸ ਸਬੰਧੀ ਜਦ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 8 ਜੂਨ 2022 ਦਾ ਪੱਤਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਮੁਕਤਸਰ ਸਾਹਿਬ ਦੇ ਨਾਮ ਲਿਖਿਆ ਗਿਆ ਹੈ ਪਰ ਅਜੇ ਤੱਕ ਕੋਈ ਪ੍ਰਵਾਨਗੀ ਨਹੀਂ ਮਿਲੀ। ਉਧਰ ਸ਼ਹਿਰ ਵਿਚ ਗੈਰ ਪ੍ਰਵਾਨਿਤ ਥਾਵਾਂ ’ਤੇ ਇਸ਼ਤਿਹਾਰਬਾਜ਼ੀ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਿਤ ਇੰਸਪੈਕਟਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। 5 ਮਹੀਨਿਆਂ ਦੀ ਆਮਦਨ ਅਤੇ ਆਉਣ ਵਾਲੇ ਠੇਕੇ ਦੀ ਰਿਜ਼ਰਵ ਕੀਮਤ ਵਿਚਲੇ ਫ਼ਰਕ ਸਬੰਧੀ ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਇਕੱਲਾ ਇਸ ’ਤੇ ਧਿਆਨ ਕੇਦਰਿਤ ਕਰਕੇ ਇਸ਼ਤਿਹਾਰਬਾਜ਼ੀ ਨੂੰ ਕੀਤਾ ਜਾਂਦਾ ਜਿਸ ਕਾਰਨ ਆਮਦਨ ਵਿਚ ਵਾਧਾ ਹੁੰਦਾ ਹੈ।
ਅਹਿਮ ਖ਼ਬਰ : ਪੰਜਾਬ 'ਚ ਸਕੂਲ ਖੁੱਲ੍ਹਣ ਦਾ ਸਮਾਂ ਬਦਲਿਆ, ਸੰਘਣੀ ਧੁੰਦ ਦੇ ਮੱਦੇਨਜ਼ਰ ਮਾਨ ਸਰਕਾਰ ਨੇ ਲਿਆ ਫ਼ੈਸਲਾ
NEXT STORY