ਨਾਭਾ (ਜੈਨ) : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਸਿਆਸੀ ਸ਼ਬਦੀ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸੁਖਬੀਰ ਨੇ 10 ਸਾਲ ਲਗਾਤਾਰ ਬਾਦਲ ਸ਼ਾਸ਼ਨ ਦੌਰਾਨ ਕਦੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਅਤੇ ਨਾ ਹੀ ਕਿਸਾਨਾਂ ਦੀ ਮਦਦ ਕੀਤੀ ਪਰ ਹੁਣ ਗਠਜੋੜ ਟੁੱਟਣ ਤੋਂ ਬਾਅਦ ਕਿਸਾਨਾਂ ਦੇ ਹਿੱਤ ਪਿਆਰੇ ਹੋ ਗਏ ਹਨ।
ਧਰਮਸੋਤ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਤਾਂ ਟੁੱਟਣਾ ਹੀ ਸੀ ਕਿਉਂਕਿ ਇਹ ਗਠਜੋੜ ਮਤਲਬ ਪ੍ਰਸਤੀ ਦਾ ਗਠਜੋੜ ਸੀ। ਪੰਜਾਬ ਨੂੰ ਲਗਾਤਾਰ 10 ਸਾਲਾਂ ਤੱਕ ਲੁੱਟਿਆ ਗਿਆ। ਪਹਿਲਾਂ ਵੀ ਇਕ ਵਾਰ ਗਠਜੋੜ ਟੁੱਟਿਆ ਸੀ, ਉਸ ਸਮੇਂ ਭਾਜਪਾ ਵਾਲੇ ਅਕਾਲੀਆਂ ’ਤੇ ਤੰਜ ਕੱਸਦੇ ਸਨ। ਧਰਮਸੋਤ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਮੁੱਖ ਮੰਤਰੀ ਅਤੇ ਇਕ ਵਾਰੀ ਕੇਂਦਰੀ ਖੇਤੀਬਾੜੀ ਮੰਤਰੀ ਰਹੇ ਪਰ ਕਿਸਾਨਾਂ ਲਈ ਕੁੱਝ ਨਹੀਂ ਕੀਤਾ।
ਪੰਜਾਬ ਦਾ ਵਿਕਾਸ ਕਰਵਾਉਣ ਦੀ ਬਜਾਏ ਬਾਦਲਾਂ ਨੇ ਹਮੇਸ਼ਾ ਵਿਨਾਸ਼ ਹੀ ਕੀਤਾ। ਸੰਨ 2007 ਤੋਂ 2017 ਤੱਕ ਲੁੱਟ ਮਚਾਈ ਗਈ, ਜਿਸ ਨੇ ਅਹਿਮਦ ਸ਼ਾਹ ਅਬਦਾਲੀ ਦਾ ਬਣਾਇਆ ਰਿਕਾਰਡ ਤੋੜ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਪੰਜਾਬ 'ਚ ਖੇਤੀ ਬਿੱਲ ਲਾਗੂ ਨਹੀਂ ਹੋਣ ਦੇਵਾਂਗੇ। ਅਕਾਲੀਆਂ ਦਾ 2022 ਚੋਣਾਂ 'ਚ ਬੁਰਾ ਹਾਲ ਹੋਵੇਗਾ, ਜਦੋਂ ਕਿ ਭਾਜਪਾ ਦੀ ਟਿਕਟ ਲੈਣ ਨੂੰ ਪੰਜਾਬ 'ਚ ਕੋਈ ਵੀ ਤਿਆਰ ਨਹੀਂ ਹੋਵੇਗਾ।
ਆਮ ਆਦਮੀ ਪਾਰਟੀ ਬਾਰੇ ਧਰਮਸੋਤ ਨੇ ਕਿਹਾ ਕਿ ਇਸ ਪਾਰਟੀ ਦਾ ਪੰਜਾਬ 'ਚ ਹੁਣ ਕੁੱਝ ਨਹੀਂ ਹੈ। ਪਿਛਲੇ ਸਮੇਂ ਦੌਰਾਨ ਜੋ ਵੀ ਚੋਣਾਂ ਪੰਜਾਬ 'ਚ ਹੋਈਆਂ, ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬ 'ਚ ਕੈਪਟਨ ਸਰਕਾਰ ਅਗਲੇ 10-15 ਸਾਲਾਂ ਤੱਕ ਜ਼ਰੂਰ ਹੀ ਹੋਰ ਰਾਜ ਕਰੇਗੀ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ।
ਖੇਤੀ ਬਿੱਲਾਂ 'ਤੇ ਕੈਪਟਨ ਦਾ ਜਵਾਬ, ਨਹੀਂ ਰੁਲ੍ਹਣ ਦੇਵਾਂਗੇ ਕਿਸਾਨ
NEXT STORY