ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ, ਸੁਖਪਾਲ) - ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 'ਸੇਫ਼ ਸਕੂਲ ਵਾਹਨ ਪਾਲਿਸੀ' ਨੂੰ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਪਾਲ ਸਿੰਘ ਦੀ ਅਗਵਾਈ ਵਿਚ ਟੀਮ ਨੇ 28 ਸਕੂਲ ਵਾਹਨਾਂ ਦੇ ਚਲਾਨ ਕੱਟੇ। ਉਨ੍ਹਾਂ ਦੱਸਿਆ ਕਿ ਲਿਟਲ ਫਲਾਵਰ ਕਨਵਰਟ ਸਕੂਲ ਦੇ ਵਾਹਨਾਂ ਦੀ ਪੜਤਾਲ ਦੌਰਾਨ ਪਾਈਆਂ ਗਈਆਂ ਖਾਮੀਆਂ ਲਈ ਮੌਕੇ 'ਤੇ ਹੀ ਟ੍ਰੈਫਿਕ ਪੁਲਸ ਵੱਲੋਂ ਚਲਾਨ ਕੱਟ ਦਿੱਤੇ ਗਏ। ਉਨ੍ਹਾਂ ਦੱਸਿਆ ਕਿ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਹੋਰ ਸਕੂਲਾਂ ਦੇ ਵਾਹਨਾਂ ਦੀ ਵੀ ਲਗਾਤਾਰ ਪੜਤਾਲ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਸਕੂਲ ਵਾਹਨ ਨਿਯਮਾਂ ਦੀ ਉਲੰਘਣਾ ਨਾ ਕਰਦਾ ਹੋਵੇ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਕੂਲ ਵਾਹਨ ਦਾ ਰੰਗ ਸੁਨਹਿਰੀ ਪੀਲਾ ਹੋਵੇ ਅਤੇ ਇਸ 'ਤੇ ਸਕੂਲ ਬੱਸ ਦਾ ਨਿਸ਼ਾਨ ਲੱਗਿਆ ਹੋਵੇ। ਵਾਹਨ 'ਤੇ ਸਕੂਲ ਦਾ ਨਾਂ ਅਤੇ ਸੰਪਰਕ ਨੰਬਰ ਲਿਖਿਆ ਹੋਵੇ। ਵਾਹਨ ਵਿਚ ਸਪੀਡ ਗਵਰਨਰ ਲੱਗਿਆ ਹੋਵੇ ਅਤੇ ਵਾਹਨ ਦੀ ਗਤੀ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਾ ਹੋਵੇ। ਸਕੂਲ ਵਾਹਨ ਵਿਚ ਫਸਟ ਏਡ ਬਾਕਸ ਅਤੇ ਅੱਗ ਬੁਝਾਊ ਯੰਤਰ ਅਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ। ਬੱਚਿਆਂ ਦੇ ਬਸਤੇ ਸੀਟਾਂ ਹੇਠਾਂ ਰੱਖਣ ਦਾ ਇੰਤਜ਼ਾਮ ਹੋਵੇ। ਵਾਹਨ ਚਾਲਕ ਕੋਲ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਵੇ। ਡਰਾਈਵਰ ਤੇ ਕੰਡਕਟਰ ਨੇ ਵਰਦੀ ਪਾਈ ਹੋਵੇ ਅਤੇ ਨੇਮ ਪਲੇਟ ਉਪਰ ਨਾਂ ਅਤੇ ਡਰਾਈਵਿੰਗ ਲਾਇਸੈਂਸ ਨੰਬਰ ਲਿਖਿਆ ਹੋਵੇ।
ਵਾਹਨ ਵਿਚ ਰਜਿਸਟਰਡ ਬੈਠਣ ਦੀ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ ਅਤੇ ਸੀਟਾਂ ਵਿਚ ਆਪਣੇ ਪੱਧਰ 'ਤੇ ਬਦਲਾਅ ਨਾ ਕੀਤਾ ਹੋਵੇ। ਡਰਾਈਵਰ ਅਤੇ ਅਟੈਂਡਂੈਟ ਦੀ ਪੁਲਸ ਵੈਰੀਫਿਕੇਸ਼ਨ ਹੋਈ ਹੋਵੇ। ਜੇਕਰ ਵਾਹਨ ਵਿਚ ਲੜਕੀਆਂ ਸਫ਼ਰ ਕਰਦੀਆਂ ਹਨ ਤਾਂ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਨ੍ਹਾਂ ਸ਼ਰਤਾਂ ਦਾ ਉਲੰਘਣ ਕਰੇਗਾ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ: ਸ਼ਿਵਾਨੀ ਨਾਗਪਾਲ, ਸਹਾਇਕ ਜ਼ਿਲਾ ਸਿੱਖਿਆ ਅਫ਼ਸਰ ਦਲਜੀਤ ਸਿੰਘ, ਤਹਿਸੀਲਦਾਰ ਇਕਬਾਲ ਸਿੰਘ ਆਦਿ ਵੀ ਹਾਜ਼ਰ ਸਨ।
ਬਰਗਾੜੀ, (ਕੁਲਦੀਪ)-ਜ਼ਿਲਾ ਪੱਧਰ 'ਤੇ ਗਠਿਤ ਬਾਲ ਸੁਰੱਖਿਆ ਯੂਨਿਟ ਅਤੇ ਜ਼ਿਲਾ ਟ੍ਰੈਫਿਕ ਪੁਲਸ ਦੀ ਕਮੇਟੀ ਵੱਲੋਂ ਫਰੀਦਕੋਟ ਜ਼ਿਲੇ ਦੇ ਬਾਜਾਖਾਨਾ ਸਕੂਲਾਂ 'ਚ ਜਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸੇਫ ਸਕੂਲ ਵ੍ਹੀਕਲ ਪਾਲਿਸੀ ਦੀਆਂ ਸ਼ਰਤਾਂ ਨਾ ਪੂਰੀਆਂ
ਕਰਨ ਵਾਲੇ 10 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ।
ਜ਼ਿਲਾ ਬਾਲ ਸੁਰੱਖਿਆ ਅਫਸਰ ਰਿਪਨਬੀਰ ਸਿੰਘ ਜੋਸਨ ਨੇ ਚੌਕ ਬਾਜਾਖਾਨਾ ਵਿਖੇ ਕਿਹਾ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਅਗਵਾਈ ਹੇਠ 'ਸੇਫ ਸਕੂਲ ਵ੍ਹੀਕਲ ਪਾਲਿਸੀ,' ਜਿਸ ਅਧੀਨ ਸਕੂਲਾਂ ਵੱਲੋਂ ਬੱਚਿਆਂ ਨੂੰ ਘਰੋਂ ਸਕੂਲ ਅਤੇ ਵਾਪਸ ਛੱਡਣ ਦਾ ਪ੍ਰਬੰਧ ਕੀਤਾ ਜਾਂਦਾ ਹੈ, ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ। ਅੱਜ ਟੀਮ ਵੱਲੋਂ ਬਾਜਾਖਾਨਾ ਇਲਾਕੇ ਦੇ ਵੱਖ-ਵੱਖ ਸਕੂਲਾਂ 'ਚ ਜਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ ਪਾਲਿਸੀ ਦੀਆਂ ਸ਼ਰਤਾਂ 'ਤੇ ਖਰਾ ਨਾ ਉਤਰਨ ਵਾਲੇ ਵਾਹਨਾਂ ਅਤੇ ਡਰਾਈਵਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਲਾਗੂ ਕਰਵਾਉਣ 'ਚ ਕਿਸੇ ਕਿਸਮ ਦੀ ਢਿੱਲ ਨਹੀਂ ਕੀਤੀ ਜਾਵੇਗੀ ਕਿਉਂਕਿ ਇਸ ਦਾ ਸਿੱਧਾ ਸਬੰਧ ਦੇਸ਼ ਦੇ ਭਵਿੱਖ ਬੱਚਿਆਂ ਦੀ ਸੁਰੱਖਿਆ ਨਾਲ ਹੈ।
ਇਸ ਮੌਕੇ ਟ੍ਰੈਫਿਕ ਇੰਚਾਰਜ ਬਾਜਾਖਾਨਾ ਬਲਰਾਜ ਸਿੰਘ ਨੇ ਸੀਨੀਅਰ ਪੁਲਸ ਕਪਤਾਨ ਫਰੀਦਕੋਟ ਡਾ. ਨਾਨਕ ਸਿੰਘ ਅਤੇ ਐੱਸ. ਐੱਚ. ਓ. ਬਾਜਾਖਾਨਾ ਸੁਨੀਲ ਕੁਮਾਰ ਵੱਲੋਂ ਜਾਰੀ ਹਦਾਇਤਾਂ ਬਾਰੇ ਕਿਹਾ ਗਿਆ ਕਿ ਸੜਕ ਹਾਦਸੇ 'ਚ ਸ਼ਿਕਾਰ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਹਸਪਤਾਲ ਪਹੁੰਚਾਉਣ ਵਾਲੇ ਨੂੰ ਮੈਡੀਕਲ ਫੀਸ ਨਹੀਂ ਦੇਣੀ ਪਵੇਗੀ, ਹਸਪਤਾਲ 'ਚ ਰੁਕਣਾ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਮਦਦ ਕਰਨ ਵਾਲੇ ਵਿਅਕਤੀ ਨੂੰ ਕਿਸੇ ਕਿਸਮ ਦੇ ਸਿਵਲ ਜਾਂ ਫੌਜਦਾਰੀ ਦੇ ਕੇਸ 'ਚ ਸ਼ਾਮਲ ਕੀਤਾ ਜਾਵੇਗਾ। ਬਾਕਾਇਦਾ ਮਦਦ ਕਰਨ ਵਾਲੇ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਸਮੇਂ ਚੌਕ ਬਾਜਾਖਾਨਾ ਵਿਖੇ 'ਚ ਟ੍ਰੈਫਿਕ ਇੰਚਾਰਜ ਬਾਜਾਖਾਨਾ ਬਲਰਾਜ ਸਿੰਘ, ਐੱਚ. ਸੀ. ਸੁਖਦੇਵ ਸਿੰਘ, ਐੱਚ. ਸੀ. ਸੁਖਰਾਜ ਸਿੰਘ ਵੱਲੋਂ 10 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ।
ਵਿਧਾਇਕ ਵਲੋਂ ਡਾਇਲਸਿਸ ਮਸ਼ੀਨਾਂ ਦਾ ਉਦਘਾਟਨ
NEXT STORY